ਸ਼ੁਭਮਨ ਗਿੱਲ ਨੇ ਫਿਰ ਲਗਾਇਆ ਸੈਂਕੜਾ, ਜੈਸਵਾਲ ਖੁੰਝੇ, ਇੰਝ ਰਿਹਾ ਐਜਬੈਸਟਨ ਟੈਸਟ ਦਾ ਪਹਿਲਾ ਦਿਨ
India vs England 2nd Test: ਭਾਰਤ ਅਤੇ ਇੰਗਲੈਂਡ ਵਿਚਾਲੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਜਾ ਮੈਚ ਬਰਮਿੰਘਮ ਦੇ ਇਤਿਹਾਸਕ ਐਜਬੈਸਟਨ ਕ੍ਰਿਕਟ ਮੈਦਾਨ 'ਤੇ ਖੇਡਿਆ ਜਾ ਰਿਹਾ ਹੈ। ਇਸ ਮੈਚ ਦਾ ਪਹਿਲਾ ਦਿਨ ਭਾਰਤੀ ਟੀਮ ਦੇ ਨਾਮ ਰਿਹਾ ਹੈ। ਕਪਤਾਨ ਗਿੱਲ ਸੈਂਕੜਾ ਲਗਾਉਣ ਵਿੱਚ ਕਾਮਯਾਬ ਰਹੇ ਅਤੇ ਜੈਸਵਾਲ ਨੇ ਵੀ ਚੰਗੀ ਸ਼ੁਰੂਆਤ ਦਿੱਤੀ।

ਐਜਬੈਸਟਨ ਵਿਖੇ ਸ਼ੁਰੂ ਹੋਏ ਇੰਗਲੈਂਡ ਤੇ ਭਾਰਤ ਵਿਚਾਲੇ ਦੂਜੇ ਟੈਸਟ ਮੈਚ ਦਾ ਪਹਿਲਾ ਦਿਨ ਰੋਮਾਂਚਕ ਰਿਹਾ ਹੈ। ਭਾਰਤੀ ਕਪਤਾਨ ਸ਼ੁਭਮਨ ਗਿੱਲ ਦੇ ਸ਼ਾਨਦਾਰ ਸੈਂਕੜੇ ਤੇ ਯਸ਼ਸਵੀ ਜੈਸਵਾਲ ਦੀ ਪਾਰੀ ਦੀ ਬਦੌਲਤ, ਭਾਰਤ ਨੇ ਜ਼ੋਰਦਾਰ ਬੱਲੇਬਾਜ਼ੀ ਕੀਤੀ। ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ, ਪਰ ਭਾਰਤੀ ਬੱਲੇਬਾਜ਼ਾਂ ਨੇ ਉਨ੍ਹਾਂ ਦੀ ਰਣਨੀਤੀ ਨੂੰ ਚੁਣੌਤੀ ਦਿੱਤੀ। ਟੀਮ ਇੰਡੀਆ ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ 310 ਦੌੜਾਂ ਬਣਾਉਣ ਵਿੱਚ ਕਾਮਯਾਬ ਰਹੀ ਹੈ। ਇਸ ਦੇ ਨਾਲ ਹੀ ਇੰਗਲੈਂਡ ਦੀ ਟੀਮ ਨੇ 5 ਵਿਕਟਾਂ ਲਈਆਂ ਹਨ।
ਕਪਤਾਨ ਗਿੱਲ ਦਾ ਸੈਂਕੜਾ
ਐਜਬੈਸਟਨ ਟੈਸਟ ਦਾ ਪਹਿਲਾ ਦਿਨ ਭਾਰਤੀ ਕਪਤਾਨ ਸ਼ੁਭਮਨ ਗਿੱਲ ਦਾ ਸੀ। ਗਿੱਲ 114 ਦੌੜਾਂ ਬਣਾ ਕੇ ਅਜੇਤੂ ਰਹੇ। ਉਨ੍ਹਾਂ ਨੇ ਕੁੱਲ 216 ਗੇਂਦਾਂ ਦਾ ਸਾਹਮਣਾ ਕੀਤਾ ਅਤੇ 12 ਚੌਕੇ ਵੀ ਲਗਾਏ। ਗਿੱਲ ਦੀ ਇਸ ਕਪਤਾਨੀ ਪਾਰੀ ਕਾਰਨ, ਭਾਰਤੀ ਟੀਮ ਪਹਿਲੇ ਦਿਨ 300 ਦੌੜਾਂ ਦਾ ਅੰਕੜਾ ਪਾਰ ਕਰਨ ਦੇ ਯੋਗ ਹੋ ਗਈ। ਇਹ ਗਿੱਲ ਦਾ ਇਸ ਲੜੀ ਵਿੱਚ ਦੂਜਾ ਸੈਂਕੜਾ ਹੈ। ਇਸ ਤੋਂ ਪਹਿਲਾਂ, ਉਨ੍ਹਾਂ ਨੇ ਲੀਡਜ਼ ਟੈਸਟ ਦੀ ਪਹਿਲੀ ਪਾਰੀ ਵਿੱਚ 147 ਦੌੜਾਂ ਬਣਾਈਆਂ ਸਨ। ਦੂਜੇ ਪਾਸੇ, ਯਸ਼ਸਵੀ ਜੈਸਵਾਲ ਇੱਕ ਵਾਰ ਫਿਰ ਟੀਮ ਨੂੰ ਚੰਗੀ ਸ਼ੁਰੂਆਤ ਦੇਣ ਵਿੱਚ ਕਾਮਯਾਬ ਰਹੇ। ਪਰ ਇਸ ਵਾਰ ਉਹ ਸੈਂਕੜਾ ਬਣਾਉਣ ਤੋਂ ਖੁੰਝ ਗਏ। ਜੈਸਵਾਲ ਨੇ 107 ਗੇਂਦਾਂ ‘ਤੇ 87 ਦੌੜਾਂ ਦੀ ਪਾਰੀ ਖੇਡੀ, ਜਿਸ ਵਿੱਚ 13 ਚੌਕੇ ਸ਼ਾਮਲ ਸਨ।
ਕੇਐਲ ਰਾਹੁਲ ਇਸ ਪਾਰੀ ‘ਚ ਜਿਆਦਾ ਕੁਝ ਨਹੀਂ ਕਰ ਸਕੇ ਹਨ। ਉਨ੍ਹਾਂ ਨੇ 26 ਗੇਂਦਾਂ ‘ਤੇ 2 ਦੌੜਾਂ ਬਣਾਉਣ ਤੋਂ ਬਾਅਦ ਆਪਣਾ ਵਿਕਟ ਗੁਆ ਦਿੱਤਾ, ਇਸ ਕਾਰਨ ਟੀਮ ਇੰਡੀਆ ਨੇ ਆਪਣਾ ਪਹਿਲਾ ਵਿਕਟ 15 ਦੌੜਾਂ ‘ਤੇ ਗੁਆ ਦਿੱਤਾ। ਇਸ ਤੋਂ ਬਾਅਦ ਕਰੁਣ ਨਾਇਰ ਨੂੰ ਚੰਗੀ ਸ਼ੁਰੂਆਤ ਮਿਲੀ, ਪਰ ਉਹ ਵੀ ਵੱਡਾ ਸਕੋਰ ਨਹੀਂ ਬਣਾ ਸਕੇ ਤੇ 31 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਇਨ੍ਹਾਂ ਤੋਂ ਇਲਾਵਾ ਰਿਸ਼ਭ ਪੰਤ ਵੀ 25 ਦੌੜਾਂ ਤੋਂ ਵੱਧ ਨਹੀਂ ਜਾ ਸਕੇ ਅਤੇ ਵੱਡਾ ਸ਼ਾਟ ਖੇਡਦੇ ਹੋਏ ਕੈਚ ਆਊਟ ਹੋ ਗਏ। ਲੜੀ ਵਿੱਚ ਆਪਣਾ ਪਹਿਲਾ ਮੈਚ ਖੇਡ ਰਹੇ ਨਿਤੀਸ਼ ਰੈੱਡੀ ਮੌਕੇ ਦਾ ਫਾਇਦਾ ਨਹੀਂ ਉਠਾ ਸਕੇ ਅਤੇ 1 ਦੌੜ ਬਣਾਉਣ ਤੋਂ ਬਾਅਦ ਆਪਣਾ ਵਿਕਟ ਗੁਆ ਦਿੱਤਾ।