ਬੁਮਰਾਹ ਨੂੰ ਜ਼ਖ਼ਮੀ ਕਰੋ, ਬੇਨ ਸਟੋਕਸ ਤੇ ਜੋਫਰਾ ਆਰਚਰ ਦਾ ਖ਼ਤਰਨਾਕ ਪਲਾਨ ਆਇਆ ਸਾਹਮਣੇ
IND vs ENG, Test Match: ਲਾਰਡਜ਼ ਟੈਸਟ ਮੈਚ ਦੇ ਪੰਜਵੇਂ ਦਿਨ, ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਰਵਿੰਦਰ ਜਡੇਜਾ ਨੇ ਇੰਗਲੈਂਡ ਨੂੰ ਲੰਬੇ ਸਮੇਂ ਤੱਕ ਜਿੱਤ ਤੋਂ ਦੂਰ ਰੱਖਿਆ। ਇਸ ਦੌਰਾਨ, ਇਹ ਦੋਵੇਂ ਖਿਡਾਰੀ ਹੌਲੀ-ਹੌਲੀ ਆਪਣੇ ਟੀਚੇ ਵੱਲ ਵਧ ਰਹੇ ਸਨ, ਜਿਸ ਕਾਰਨ ਮੇਜ਼ਬਾਨ ਟੀਮ ਪਰੇਸ਼ਾਨ ਹੋ ਗਈ ਅਤੇ ਉਨ੍ਹਾਂ ਨੇ ਬੁਮਰਾਹ ਵਿਰੁੱਧ ਇੱਕ ਖ਼ਤਰਨਾਕ ਪਲਾਨ ਬਣਾਇਆ।

ਟੀਮ ਇੰਡੀਆ, ਜੋ ਕਿ ਇੱਕ ਸਮੇਂ ਲਾਰਡਜ਼ ਟੈਸਟ ਮੈਚ ‘ਚ ਇੰਗਲੈਂਡ ਵਿਰੁੱਧ ਜਿੱਤ ਦੇ ਬਹੁਤ ਨੇੜੇ ਸੀ, ਨੂੰ 22 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮੈਚ ‘ਚ ਇੰਗਲੈਂਡ ਦੀ ਇੱਕ ਖ਼ਤਰਨਾਕ ਪਲਾਨ ਸਾਹਮਣੇ ਆਇਆ ਹੈ, ਜੋ ਉਨ੍ਹਾਂ ਨੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਵਿਰੁੱਧ ਬਣਾਇਆ ਸੀ, ਕਿਉਂਕਿ ਬੁਮਰਾਹ ਅਤੇ ਰਵਿੰਦਰ ਜਡੇਜਾ ਮੈਚ ਦੇ ਪੰਜਵੇਂ ਦਿਨ ਨੌਵੀਂ ਵਿਕਟ ਲਈ ਮਹੱਤਵਪੂਰਨ ਸਾਂਝੇਦਾਰੀ ਕਰਕੇ ਟੀਮ ਨੂੰ ਜਿੱਤ ਵੱਲ ਲੈ ਜਾ ਰਹੇ ਸਨ। ਇਸ ਨਾਲ ਇੰਗਲੈਂਡ ਟੀਮ ਗੁੱਸੇ ‘ਚ ਆ ਗਈ ਤੇ ਕਪਤਾਨ ਬੇਨ ਸਟੋਕਸ ਅਤੇ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਨੇ ਬੁਮਰਾਹ ਨੂੰ ਜ਼ਖਮੀ ਕਰਨ ਤੇ ਮੈਚ ਜਿੱਤਣ ਲਈ ਇੱਕ ਖ਼ਤਰਨਾਕ ਪਲਾਨ ਬਣਾ ਲਿਆ। ਇਸਦਾ ਖੁਲਾਸਾ ਸਾਬਕਾ ਭਾਰਤੀ ਕ੍ਰਿਕਟਰ ਮੁਹੰਮਦ ਕੈਫ ਨੇ ਕੀਤਾ ਹੈ।
ਮੁਹੰਮਦ ਕੈਫ ਨੇ ਕੀਤਾ ਦਾਅਵਾ
ਟੀਮ ਇੰਡੀਆ ਦੇ ਸਾਬਕਾ ਕ੍ਰਿਕਟਰ ਮੁਹੰਮਦ ਕੈਫ ਨੇ ਆਪਣੇ ਯੂਟਿਊਬ ਚੈਨਲ ‘ਤੇ ਗੱਲ ਕਰਦੇ ਹੋਏ ਦਾਅਵਾ ਕੀਤਾ ਕਿ ਲਾਰਡਜ਼ ਟੈਸਟ ਮੈਚ ‘ਚ 193 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਬੁਮਰਾਹ ਤੇ ਜਡੇਜਾ ਨੇ ਨੌਵੀਂ ਵਿਕਟ ਲਈ 35 ਦੌੜਾਂ ਦੀ ਸਾਂਝੇਦਾਰੀ ਕਰਕੇ ਇੰਗਲੈਂਡ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਸਨ। ਇਸ ਦੌਰਾਨ, ਮੇਜ਼ਬਾਨ ਟੀਮ ਨੇ ਜਾਣਬੁੱਝ ਕੇ ਬੁਮਰਾਹ ‘ਤੇ ਬਾਊਂਸਰ ਵਰ੍ਹਾ ਕੇ ਉਨ੍ਹਾਂ ਨੂੰ ਜ਼ਖਮੀ ਕਰਨ ਦੀ ਸਾਜ਼ਿਸ਼ ਰਚੀ।
ਸਾਬਕਾ ਭਾਰਤੀ ਕ੍ਰਿਕਟਰ ਨੇ ਦੋਸ਼ ਲਗਾਇਆ ਕਿ ਕਪਤਾਨ ਬੇਨ ਸਟੋਕਸ ਤੇ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਦਾ ਮੰਨਣਾ ਸੀ ਕਿ ਜੇਕਰ ਉਹ ਬੁਮਰਾਹ ਨੂੰ ਆਊਟ ਨਹੀਂ ਕਰ ਸਕਦੇ, ਤਾਂ ਘੱਟੋ-ਘੱਟ ਉਹ ਮੈਨਚੈਸਟਰ ‘ਚ ਹੋਣ ਵਾਲੇ ਚੌਥੇ ਟੈਸਟ ਤੋਂ ਪਹਿਲਾਂ ਉਨ੍ਹਾਂ ਨੂੰ ਜ਼ਖਮੀ ਕਰ ਸਕਦੇ ਹਨ। ਬੁਮਰਾਹ ਨੇ ਦੂਜੀ ਪਾਰੀ ‘ਚ 54 ਗੇਂਦਾਂ ਵਿੱਚ 5 ਦੌੜਾਂ ਬਣਾਈਆਂ ਸਨ। ਉਨ੍ਹਾਂ ਨੇ ਰਵਿੰਦਰ ਜਡੇਜਾ ਨਾਲ ਮਿਲ ਕੇ 22 ਓਵਰਾਂ ਵਿੱਚ 35 ਦੌੜਾਂ ਜੋੜ ਕੇ ਟੀਮ ਨੂੰ ਜਿੱਤ ਦੇ ਨੇੜੇ ਲਿਆਂਦਾ ਸੀ।
ਮੋਢੇ ਜਾਂ ਉਂਗਲੀ ਨੂੰ ਸੱਟ ਦਾ ਸੀ ਪਲਾਨ
ਕੈਫ ਨੇ ਅੱਗੇ ਕਿਹਾ, “ਸਟੋਕਸ ਅਤੇ ਆਰਚਰ ਬੁਮਰਾਹ ਵਿਰੁੱਧ ਬਾਊਂਸਰ ਸੁੱਟਣ ਦੀ ਯੋਜਨਾ ਬਣਾ ਰਹੇ ਸਨ। ਉਹ ਬੁਮਰਾਹ ਦੇ ਮੋਢੇ ਜਾਂ ਉਂਗਲੀ ਨੂੰ ਸੱਟ ਪਹੁੰਚਾਉਣਾ ਚਾਹੁੰਦੇ ਸਨ”। ਇਸ ਦੌਰਾਨ, ਆਰਚਰ ਦੀ ਇੱਕ ਗੇਂਦ ਬੁਮਰਾਹ ਦੀ ਉਂਗਲੀ ‘ਤੇ ਲੱਗੀ, ਪਰ ਇਹ ਗੰਭੀਰ ਸੱਟ ਨਹੀਂ ਸੀ। ਹਾਲਾਂਕਿ, ਇੰਗਲੈਂਡ ਦੀ ਯੋਜਨਾ ਕੰਮ ਕਰ ਗਈ ਅਤੇ ਬੁਮਰਾਹ ਗਲਤ ਸ਼ਾਟ ਖੇਡ ਕੇ ਸਟੋਕਸ ਦਾ ਸ਼ਿਕਾਰ ਬਣ ਗਏ।
ਕੀ ਬੁਮਰਾਹ ਮੈਨਚੈਸਟਰ ‘ਚ ਖੇਡਣਗੇ?
ਇੰਗਲੈਂਡ ਵਿਰੁੱਧ ਟੈਸਟ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਹ ਸਪੱਸ਼ਟ ਸੀ ਕਿ ਜਸਪ੍ਰੀਤ ਬੁਮਰਾਹ ਸਿਰਫ਼ ਤਿੰਨ ਟੈਸਟ ਮੈਚ ਖੇਡਣਗੇ। ਅਜਿਹੀ ਸਥਿਤੀ ‘ਚ, ਹੁਣ ਸਵਾਲ ਇਹ ਹੈ ਕਿ ਕੀ ਬੁਮਰਾਹ ਮੈਨਚੈਸਟਰ ‘ਚ ਚੌਥਾ ਟੈਸਟ ਮੈਚ ਖੇਡਣਗੇ ਜਾਂ ਨਹੀਂ। ਹਾਲਾਂਕਿ, ਕ੍ਰਿਕਟ ਮਾਹਰ ਉਨ੍ਹਾਂ ਨੂੰ ਚੌਥੇ ਮੈਚ ‘ਚ ਖੇਡਣ ਦੀ ਅਪੀਲ ਕਰ ਰਹੇ ਹਨ।
ਇਹ ਵੀ ਪੜ੍ਹੋ
ਜੀਓਸਟਾਰ ਨਾਲ ਗੱਲ ਕਰਦੇ ਹੋਏ, ਸਾਬਕਾ ਭਾਰਤੀ ਮੁੱਖ ਕੋਚ ਅਨਿਲ ਕੁੰਬਲੇ ਨੇ ਕਿਹਾ ਕਿ ਬੁਮਰਾਹ ਦੀ ਗੈਰਹਾਜ਼ਰੀ ਭਾਰਤ ਦੀ ਹਾਰ ਨੂੰ ਯਕੀਨੀ ਬਣਾਏਗੀ ਅਤੇ ਅਸੀਂ ਸੀਰੀਜ਼ ਵੀ ਹਾਰ ਜਾਵਾਂਗੇ। ਉਨ੍ਹਾਂ ਕਿਹਾ, “ਜੇਕਰ ਮੈਂ ਟੀਮ ਪ੍ਰਬੰਧਨ ਦਾ ਹਿੱਸਾ ਹੁੰਦਾ, ਤਾਂ ਮੈਂ ਬੁਮਰਾਹ ਨੂੰ ਅਗਲਾ ਮੈਚ ਖੇਡਣ ਲਈ ਜ਼ਰੂਰ ਕਹਿੰਦਾ ਕਿਉਂਕਿ ਇਹ ਮਹੱਤਵਪੂਰਨ ਹੈ। ਜੇਕਰ ਉਹ ਨਹੀਂ ਖੇਡਦੇ ਅਤੇ ਫਿਰ ਤੁਸੀਂ ਟੈਸਟ ਮੈਚ ਹਾਰ ਜਾਂਦੇ ਹੋ, ਤਾਂ ਸਭ ਕੁਝ ਖਤਮ ਹੋ ਜਾਵੇਗਾ। ਮੈਨੂੰ ਲੱਗਦਾ ਹੈ ਕਿ ਬੁਮਰਾਹ ਨੂੰ ਆਖਰੀ ਦੋ ਟੈਸਟ ਮੈਚ ਖੇਡਣੇ ਚਾਹੀਦੇ ਹਨ।”