India vs Australia: ਐਤਵਾਰ 11 ਜੂਨ ਦਾ ਦਿਨ ਭਾਰਤੀ ਕ੍ਰਿਕਟ ਲਈ ਬਹੁਤ ਮਹੱਤਵਪੂਰਨ ਸਾਬਤ ਹੋਵੇਗਾ। ਭਾਰਤੀ ਟੀਮ ਓਵਲ ‘ਚ ਆਸਟ੍ਰੇਲੀਆ ਖਿਲਾਫ
ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) ਦੇ ਫਾਈਨਲ ਦੇ ਆਖਰੀ ਦਿਨ ਮੈਦਾਨ ‘ਤੇ ਉਤਰੇਗੀ ਅਤੇ 280 ਹੋਰ ਦੌੜਾਂ ਬਣਾ ਕੇ ਖਿਤਾਬ ਜਿੱਤਣ ਦੀ ਕੋਸ਼ਿਸ਼ ਕਰੇਗੀ।
ਉਨ੍ਹਾਂ ਲਈ ਇਸ ਕੰਮ ਨੂੰ ਪੂਰਾ ਕਰਨ ਦੀ ਜ਼ਿੰਮੇਵਾਰੀ ਸਾਬਕਾ ਕਪਤਾਨ
ਵਿਰਾਟ ਕੋਹਲੀ (Virat Kohli) ‘ਤੇ ਹੋਵੇਗੀ, ਜਿਨ੍ਹਾਂ ਨੇ ਚੌਥੇ ਦਿਨ ਦਮਦਾਰ ਪਾਰੀ ਖੇਡ ਕੇ ਉਮੀਦਾਂ ਨੂੰ ਬਰਕਰਾਰ ਰੱਖਿਆ ਅਤੇ ਕੁਝ ਖਾਸ ਉਪਲਬਧੀਆਂ ਵੀ ਹਾਸਲ ਕੀਤੀਆਂ।
ਲੰਡਨ ਦੇ ਓਵਲ ਵਿੱਚ ਸ਼ਨੀਵਾਰ 10 ਜੂਨ ਦੀ ਸ਼ਾਮ ਨੂੰ 444 ਦੌੜਾਂ ਦੇ ਟੀਚੇ ਦੇ ਜਵਾਬ ਵਿੱਚ ਟੀਮ ਇੰਡੀਆ ਦੀਆਂ 3 ਵਿਕਟਾਂ ਡਿੱਗਣ ਤੋਂ ਬਾਅਦ ਵਿਰਾਟ ਕੋਹਲੀ ਨੇ ਅਜਿੰਕਿਆ ਰਹਾਣੇ ਨਾਲ ਮਿਲ ਕੇ ਟੀਮ ਨੂੰ ਸੰਭਾਲਿਆ। ਕੋਹਲੀ ਅਤੇ ਰਹਾਣੇ ਨੇ 71 ਦੌੜਾਂ ਦੀ ਅਜੇਤੂ ਸਾਂਝੇਦਾਰੀ ਕੀਤੀ ਅਤੇ ਦਿਨ ਦੀ ਖੇਡ ਖਤਮ ਹੋਣ ਤੱਕ 164 ਦੌੜਾਂ ਤੱਕ ਪਹੁੰਚਾਇਆ।
ਆਸਟ੍ਰੇਲੀਆ ਵਿਰੁੱਧ ਖਾਸ ਮੁਕਾਮ
ਵਿਰਾਟ ਕੋਹਲੀ ਦਿਨ ਦੀ ਖੇਡ ਖਤਮ ਹੋਣ ਤੱਕ 44 ਦੌੜਾਂ ਬਣਾ ਕੇ ਨਾਬਾਦ ਪਰਤੇ, ਜਿਸ ਵਿੱਚ 7 ਚੌਕੇ ਸ਼ਾਮਲ ਸਨ। ਇਸ ਛੋਟੀ ਪਾਰੀ ਦੌਰਾਨ ਹੀ ਵਿਰਾਟ ਕੋਹਲੀ ਨੇ ਕੁਝ ਰਿਕਾਰਡ ਅਤੇ ਉਪਲਬਧੀਆਂ ਆਪਣੇ ਨਾਂ ਕੀਤੀਆਂ। ਕੋਹਲੀ ਨੇ ਆਪਣੀ ਪਾਰੀ ਦੌਰਾਨ ਆਸਟ੍ਰੇਲੀਆ ਖਿਲਾਫ ਟੈਸਟ ‘ਚ 2000 ਦੌੜਾਂ ਦਾ ਅੰਕੜਾ ਪਾਰ ਕੀਤਾ ਹੈ।
ਕੋਹਲੀ ਨੂੰ ਸਿਰਫ਼ 7 ਦੌੜਾਂ ਦੀ ਲੋੜ ਸੀ, ਜਿਸ ਨੂੰ ਉਨ੍ਹਾਂ ਨੇ ਇਸ ਪਾਰੀ ਵਿੱਚ ਪਾਰ ਕਰ ਲਿਆ। ਕੋਹਲੀ ਨੇ ਹੁਣ ਆਸਟ੍ਰੇਲੀਆ ਖਿਲਾਫ 44 ਪਾਰੀਆਂ ‘ਚ 2037 ਦੌੜਾਂ ਬਣਾ ਲਈਆਂ ਹਨ ਅਤੇ ਇਹ ਉਪਲਬਧੀ ਹਾਸਲ ਕਰਨ ਵਾਲੇ ਪੰਜਵੇਂ ਭਾਰਤੀ ਬੱਲੇਬਾਜ਼ ਬਣ ਗਏ ਹਨ।
ਇੰਨਾ ਹੀ ਨਹੀਂ, ਕੋਹਲੀ ਨੇ
ਆਸਟ੍ਰੇਲੀਆ (Australia) ਖਿਲਾਫ ਤਿੰਨੋਂ ਫਾਰਮੈਟਾਂ ‘ਚ ਕੁੱਲ 5028 ਦੌੜਾਂ ਬਣਾਈਆਂ ਹਨ। ਉਹ ਆਸਟ੍ਰੇਲੀਆ ਖਿਲਾਫ ਇਹ ਕਾਰਨਾਮਾ ਕਰਨ ਵਾਲੇ ਦੂਜੇ ਬੱਲੇਬਾਜ਼ ਬਣ ਗਏ ਹਨ। ਕੋਹਲੀ ਤੋਂ ਪਹਿਲਾਂ ਇਹ ਕਾਰਨਾਮਾ ਸਿਰਫ ਸਚਿਨ ਤੇਂਦੁਲਕਰ ਨੇ ਕੀਤਾ ਸੀ, ਜਿਨ੍ਹਾਂ ਨੇ ਆਪਣੇ ਬੱਲੇ ਨਾਲ 6707 ਦੌੜਾਂ ਬਣਾਈਆਂ ਸਨ।
ਸਚਿਨ ਦੇ ਰਿਕਾਰਡ ‘ਤੇ ਨਜ਼ਰ
ਇੰਨਾ ਕੁਝ ਕਰਨ ਤੋਂ ਬਾਅਦ ਕੋਹਲੀ ਦੀ ਨਜ਼ਰ ਹੁਣ ਸਚਿਨ ਤੇਂਦੁਲਕਰ ਦੇ ਰਿਕਾਰਡ ‘ਤੇ ਹੈ, ਜਿਸ ਨੂੰ ਉਹ ਆਖਰੀ ਦਿਨ ਤੋੜਨਾ ਚਾਹਉਣਗੇ। ਇਹ ਰਿਕਾਰਡ ਆਈਸੀਸੀ ਟੂਰਨਾਮੈਂਟਾਂ ਦੇ ਨਾਕਆਊਟ ਮੈਚਾਂ ਵਿੱਚ ਭਾਰਤ ਲਈ ਸਭ ਤੋਂ ਵੱਧ ਦੌੜਾਂ ਦਾ ਹੈ। ਕੋਹਲੀ ਨੇ ਹੁਣ ਤੱਕ 18 ਪਾਰੀਆਂ ‘ਚ 678 ਦੌੜਾਂ ਬਣਾਈਆਂ ਹਨ ਅਤੇ ਉਹ ਸਚਿਨ ਦਾ ਰਿਕਾਰਡ ਤੋੜਨ ਤੋਂ ਸਿਰਫ 5 ਦੌੜਾਂ ਦੂਰ ਹਨ। ਸਚਿਨ ਨੇ 15 ਪਾਰੀਆਂ ‘ਚ 682 ਦੌੜਾਂ ਬਣਾਈਆਂ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ