SGPC: ਧਰਮ ਤੋਂ ਲੈ ਕੇ ਸਿਆਸਤ ਤੱਕ, 2024 ਵਿੱਚ ਚਰਚਾਵਾਂ ‘ਚ ਰਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
SGPC : 1925 ਵਿੱਚ ਬਣੇ ਗੁਰਦੁਆਰਾ ਐਕਟ ਦੇ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਹਿਲੀ ਚੋਣ 18 ਜੂਨ 1926 ਨੂੰ ਹੋਈ ਸੀ। ਇਸ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਬਹਾਦਰ ਮਹਿਤਾਬ ਸਿੰਘ ਦੇ ਧੜ੍ਹੇ ਵਿਚਾਲੇ ਮੁਕਾਬਲਾ ਹੋਇਆ। ਮਹਿਤਾਬ ਸਿੰਘ ਦੇ ਧੜ੍ਹੇ ਨੂੰ ਤਤਕਾਲੀ ਪੰਜਾਬ ਸਰਕਾਰ ਅਤੇ ਪਟਿਆਲਾ ਦੇ ਮਹਾਰਾਜੇ ਦੀ ਸ਼ਹਿ ਸੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਪੰਥ ਵੱਲੋਂ ਗੁਰੂਘਰ ਦੀ ਸੇਵਾ- ਸੰਭਾਲ ਲਈ ਬਣਾਈ ਗਈ ਸਰਬ-ਉੱਚ ਸੰਸਥਾ ਹੈ। ਜਿਸ ਦੇ ਮੈਂਬਰ ਸਿੱਖਾਂ ਦੁਆਰਾ ਵੋਟਿੰਗ ਪ੍ਰਕ੍ਰਿਆ ਦੇ ਮਾਧਿਅਮ ਰਾਹੀ ਚੁਣੇ ਜਾਂਦੇ ਹਨ। ਜੋ ਅੱਗੇ ਚੱਲ ਕੇ ਅੰਤ੍ਰਿੰਗ ਕਮੇਟੀ ਅਤੇ ਪ੍ਰਧਾਨ ਦੀ ਚੋਣ ਕਰਦੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦਾ ਇਜਲਾਸ ਹਰ ਸਾਲ ਅਕਤੂਬਰ ਨਵੰਬਰ ਮਹੀਨੇ ਵਿੱਚ ਸੱਦਿਆ ਜਾਂਦਾ ਹੈ। ਸਾਲ 2024 ਵਿੱਚ ਵੀ ਸ੍ਰੋਮਣੀ ਕਮੇਟੀ ਦਾ ਇਜਲਾਸ 28 ਅਕਤੂਬਰ ਨੂੰ ਬੁਲਾਇਆ ਗਿਆ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿੱਖਾਂ ਦੀ ਪਾਰਲੀਮੈਂਟ ਕਿਹਾ ਜਾਂਦਾ ਹੈ ਕਿਉਂਕਿ ਇੱਥੇ ਸਿੱਖਾਂ ਨਾਲ ਸਬੰਧਿਤ ਹਰ ਮੁੱਦਾ ਵਿਚਾਰਿਆ ਜਾਂਦਾ ਹੈ। ਜੇਕਰ ਸ਼੍ਰੋਮਣੀ ਕਮੇਟੀ ਦੇ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਪ੍ਰਧਾਨ, ਖਜਾਨਚੀ, ਜਨਰਲ ਸਕੱਤਰ ਅਹਿਮ ਭੂਮਿਕਾ ਨਿਭਾਉਂਦੇ ਹਨ। ਜਿਨ੍ਹਾਂ ਦੀ ਚੋਣ ਇੱਕ ਸਾਲ ਬਾਅਦ ਕਮੇਟੀ ਮੈਂਬਰਾਂ ਵੱਲੋਂ ਕੀਤੀ ਜਾਂਦੀ ਹੈ।
2024 ਦਾ ਇਜਲਾਸ
ਸਾਲ 28 ਅਕਤੂਬਰ 2024 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਇਜਲਾਸ ਹੋਇਆ। ਜਿਸ ਵਿੱਚ ਮੁੜ ਇੱਕ ਵਾਰ ਫਿਰ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਚੁਣੇ ਗਏ। ਜਦੋਂਕਿ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਇਸ ਵਾਰ ਵੀ ਹਾਰ ਦਾ ਸਾਹਮਣਾ ਕਰਨਾ ਪਿਆ।
ਬੀਬੀ ਜਗੀਰ ਕੌਰ ਸ਼੍ਰੋਮਣੀ ਅਕਾਲੀ ਦਲ ਦੀ ਬਗਾਵਤ ਤੋਂ ਬਾਅਦ ਬਣੀ ਸੁਧਾਰ ਲਹਿਰ ਦੀ ਅਗਵਾਈ ਕਰ ਰਹੀ ਸੀ। ਹਰਜਿੰਦਰ ਸਿੰਘ ਧਾਮੀ ਨੂੰ 107 ਵੋਟਾਂ ਮਿਲੀਆਂ ਜਦੋਂ ਕਿ ਬੀਬੀ ਜਗੀਰ ਕੌਰ ਨੂੰ ਸਿਰਫ਼ 33 ਮੈਂਬਰਾਂ ਦਾ ਹੀ ਸਮਰਥਨ ਹਾਸਿਲ ਹੋਇਆ। ਜਦੋਂ ਕਿ 2 ਮੈਂਬਰਾਂ ਦੀ ਵੋਟ ਨੂੰ ਰੱਦ ਮੰਨਿਆ ਗਿਆ।
ਇਹ ਵੀ ਪੜ੍ਹੋ
ਸਾਲ 2022 ਵਿੱਚ ਹਰਜਿੰਦਰ ਸਿੰਘ ਧਾਮੀ ਨੂੰ 104 ਵੋਟਾਂ ਮਿਲੀਆਂ ਸਨ ਅਤੇ ਉਸ ਸਮੇਂ ਵੀ ਬੀਬੀ ਜਗੀਰ ਕੌਰ ਨੂੰ 42 ਵੋਟਾਂ ਨਾਲ ਸੰਤੋਖ ਕਰਨਾ ਪਿਆ ਸੀ।
ਸ਼੍ਰੋਮਣੀ ਕਮੇਟੀ ਦਾ ਇਤਿਹਾਸ
ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਸਮਾਪਤੀ ਤੋਂ ਬਾਅਦ ਪੰਜਾਬ ਉੱਪਰ ਅੰਗਰੇਜ਼ਾਂ ਕਬਜ਼ਾ ਹੋ ਗਿਆ ਸੀ। ਜਿਸ ਮਗਰੋਂ ਗੁਰੂਧਾਮਾਂ ਉੱਪਰ ਮਹੰਤਾਂ ਦਾ ਕਬਜ਼ਾ ਹੋ ਗਿਆ ਸੀ। ਮਹੰਤ ਗੁਰੂਘਰਾਂ ਨੂੰ ਆਪਣੀ ਨਿੱਜੀ ਜਾਇਦਾਦ ਸਮਝਣ ਲੱਗ ਪਏ ਸਨ ਅਤੇ ਉਹ ਸਭ ਕਰਦੇ ਸਨ ਜੋ ਸਿੱਖ ਸਿਧਾਤਾਂ ਦੇ ਖਿਲਾਫ਼ ਸੀ।
ਪੰਜਾਬੀਆਂ ਦੀ ਬਗਾਵਤ ਨੂੰ ਦਬਾਉਣ ਵਿੱਚ ਮਹੰਤਾਂ ਦਾ ਕਾਫ਼ੀ ਪ੍ਰਭਾਵ ਲਿਆ। ਜਿਸ ਕਰਕੇ ਅੰਗਰੇਜ ਸਰਕਾਰ ਉਹਨਾਂ ਦੀ ਪਿੱਠ ਥਾਪੜਦੀ ਸੀ। ਗੁਰੂਘਰ ਨੂੰ ਮਹੰਤਾਂ ਦੇ ਕਬਜ਼ਿਆਂ ਤੋਂ ਮੁਕਤ ਕਰਵਾਉਣ ਲਈ ਸਿੱਖਾਂ ਨੇ ਕਈ ਪ੍ਰਕਾਰ ਦੀਆਂ ਲਹਿਰਾਂ ਚਲਾਈਆਂ। ਇਸ ਦੌਰਾਨ ਸਰਕਾਰ ਨੇ ਸਿੱਖਾਂ ਉੱਪਰ ਜੁਲਮ ਵੀ ਕੀਤੇ।
ਇਹਨਾਂ ਸੰਘਰਸ਼ਾਂ ਵਿੱਚੋਂ ਹੀ 16 ਨਵੰਬਰ ਸਾਲ 1920 ਵਿੱਚ ਸਾਹਮਣੇ ਆਈ ਗੁਰਦੁਆਰਾ ਪ੍ਰਬੰਧਕ ਕਮੇਟੀ। ਸੁੰਦਰ ਸਿੰਘ ਮਜੀਠੀਆ ਨੂੰ ਪਹਿਲਾਂ ਪ੍ਰਧਾਨ ਚੁਣਿਆ ਗਿਆ। ਹਾਲਾਂਕਿ 1921 ਵਿੱਚ ਉਹ ਪੰਜਾਬ ਦੇ ਗਵਰਨਰ ਦੀ ਕੌਂਸਲ ਦੇ ਮੈਂਬਰ ਬਣ ਗਏ ਜਿਸ ਕਾਰਨ ਉਹਨਾਂ ਨੇ ਅਸਤੀਫਾ ਦੇ ਦਿੱਤਾ। ਇਸ ਤੋਂ ਬਾਅਦ ਬਾਬਾ ਖੜਕ ਸਿੰਘ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਜੋਂ ਜਿੰਮੇਵਾਰੀ ਸੌਂਪੀ ਗਈ। ਸਾਲ 1925 ਵਿੱਚ ਬ੍ਰਿਟਿਸ਼ ਸਰਕਾਰ ਨੇ ਗੁਰਦੁਆਰਾ ਐਕਟ ਪਾਸ ਕਰ ਦਿੱਤਾ। ਹੁਣ ਇਸੇ ਐਕਟ ਅਧੀਨ ਸ਼੍ਰੋਮਣੀ ਕਮੇਟੀ ਕੰਮ ਕਰਦੀ ਹੈ।
14 ਦਸੰਬਰ 1925 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਰਾਜਨੀਤਕ ਸ਼ਾਖਾ ਬਣਾ ਦਿੱਤੀ। ਜਿਸ ਦਾ ਨਾਮ ਸੀ ਸ਼੍ਰੋਮਣੀ ਅਕਾਲੀ ਦਲ। ਜਿਸ ਦਾ ਕੰਮ ਸਿੱਖ ਦੇ ਰਾਜਨੀਤਕ ਮਾਮਲਿਆਂ ਨੂੰ ਦੇਖਣਾ ਸੀ ਜਦੋਂਕਿ ਸ਼੍ਰੋਮਣੀ ਕਮੇਟੀ ਗੁਰੂਘਰਾਂ ਦਾ ਪ੍ਰਬੰਧ ਅਤੇ ਧਰਮ ਪ੍ਰਚਾਰ ਕਰਦੀ ਸੀ।
ਕਦੋਂ ਹੋਈ ਸੀ ਪਹਿਲੀ ਚੋਣ
1925 ਵਿੱਚ ਬਣੇ ਗੁਰਦੁਆਰਾ ਐਕਟ ਦੇ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਹਿਲੀ 18 ਜੂਨ 1926 ਨੂੰ ਹੋਈ ਸੀ। ਇਸ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਬਹਾਦਰ ਮਹਿਤਾਬ ਸਿੰਘ ਦੇ ਧੜ੍ਹੇ ਵਿਚਾਲੇ ਮੁਕਾਬਲਾ ਹੋਇਆ। ਮਹਿਤਾਬ ਸਿੰਘ ਦੇ ਧੜ੍ਹੇ ਨੂੰ ਤਤਕਾਲੀ ਪੰਜਾਬ ਸਰਕਾਰ ਅਤੇ ਪਟਿਆਲਾ ਦੇ ਮਹਾਰਾਜੇ ਦੀ ਸ਼ਹਿ ਸੀ। 120 ਸੀਟਾਂ ਤੇ ਚੋਣ ਹੋਈ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਜਿੱਤ ਮਿਲੀ। ਅਕਾਲੀ ਦਲ ਦੇ 85 ਮੈਂਬਰ ਜਿੱਤ ਕੇ ਪਹੁੰਚੇ। ਜਦੋਂ ਕਿ ਬਹਾਦਰ ਮਹਿਤਾਬ ਸਿੰਘ ਦੇ ਧੜ੍ਹੇ ਨੂੰ ਸਿਰਫ਼ 26 ਸੀਟਾਂ ਮਿਲੀਆਂ।ਸੁਧਾਰ ਕਮੇਟੀ ਦੇ 5 ਅਤੇ 4 ਆਜ਼ਾਦ ਉਮੀਦਵਾਰਾਂ ਨੇ ਬਾਜ਼ੀ ਮਾਰੀ। ਇਸ ਚੁਣੀ ਗਈ ਕਮੇਟੀ ਦੀ ਪਲੇਠੀ ਮੀਟਿੰਗ 4 ਨਵੰਬਰ 1926 ਨੂੰ ਟਾਊਨ ਹਾਲ ਅੰਮ੍ਰਿਤਸਰ ਵਿਖੇ ਹੋਈ ਸੀ।
ਜਗੀਰ ਕੌਰ ਬਣੀ ਪਹਿਲੀ ਮਹਿਲਾ ਪ੍ਰਧਾਨ
ਸ਼੍ਰੋਮਣੀ ਕਮੇਟੀ ਦੀ ਪਹਿਲੀ ਮਹਿਲਾ ਪ੍ਰਧਾਨ ਬਣਨ ਦਾ ਰਿਕਾਰਡ ਜਗੀਰ ਕੌਰ ਦੇ ਨਾਮ ਹੈ। ਉਹ ਪਹਿਲੀ ਵਾਰ 1999 ਵਿੱਚ ਪ੍ਰਧਾਨ ਚੁਣੇ ਗਏ। ਇਸ ਤੋਂ ਬਾਅਦ ਸਾਲ 2004 ਵਿੱਚ ਮੁੜ ਉਹ ਪ੍ਰਧਾਨ ਬਣੇ। ਹਾਲਾਂਕਿ 2023 ਅਤੇ 24 ਵਿੱਚ ਉਹਨਾਂ ਨੂੰ ਹਰਜਿੰਦਰ ਧਾਮੀ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਵੋਟਾਂ ਬਣਾਉਣ ਨੂੰ ਲੈਕੇ ਪਿਆ ਰੌਲਾ
ਇਸ ਸਾਲ ਮੁੜ ਤੋਂ ਸ਼੍ਰੋਮਣੀ ਕਮੇਟੀ ਲਈ ਵੋਟਾਂ ਬਣਾਉਣ ਦਾ ਕੰਮ ਨਵੇਂ ਸਿਰੇ ਤੋਂ ਸ਼ੁਰੂ ਹੋਇਆ। ਤਾਂ ਜੋ ਲੰਬੇ ਸਮੇਂ ਤੋਂ ਪੈਡਿੰਗ ਪਈਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੂੰ ਮੁੜ ਤੋਂ ਕਰਵਾਇਆ ਜਾ ਸਕੇ। ਚੋਣ ਦੀ ਪ੍ਰੀਕ੍ਰਿਆ ਦੌਰਾਨ ਅਕਾਲੀ ਲੀਡਰਾਂ ਨੇ ਇਲਜ਼ਾਮ ਲਗਾਏ ਸਨ ਕਿ ਕਈ ਸਿਆਸੀ ਪਾਰਟੀਆਂ ਪ੍ਰੀਕ੍ਰਿਆ ਵਿੱਚ ਦਖ਼ਲ ਦੇ ਰਹੀਆਂ ਹਨ। ਉਹਨਾਂ ਨੇ ਇਲਜ਼ਾਮ ਲਗਾਇਆ ਸੀ ਕਿ ਕੁੱਝ ਥਾਵਾਂ ਤੇ ਗਲਤ ਵੋਟਾਂ ਵੀ ਬਣਾਈਆਂ ਜਾ ਰਹੀਆਂ ਹਨ।
ਅਕਾਲ ਤਖ਼ਤ ਨੇ ਤਲਬ ਕੀਤੀ ਅਤ੍ਰਿੰਗ ਕਮੇਟੀ
ਸ਼੍ਰੀ ਅਕਾਲ ਤਖ਼ਤ ਸਾਹਿਬ ਨੇ 2015 ਦੀ ਅਤ੍ਰਿੰਗ ਕਮੇਟੀ ਨੂੰ ਤਲਬ ਕੀਤਾ। ਕਿਉਂਕਿ ਡੇਰਾ ਮੁਖੀ ਨੂੰ ਮੁਆਫੀ ਮਿਲਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਕੁੱਝ ਇਸਤਿਹਾਰ ਦਿੱਤੇ ਗਏ ਸਨ। ਇਸ ਸਬੰਧ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਅੰਤ੍ਰਿੰਗ ਕਮੇਟੀ ਨੇ ਸਵਾਲ ਜਵਾਬ ਕੀਤੇ।
ਧਾਮੀ ਦੇ ਖਿਲਾਫ਼ ਸ਼ਿਕਾਇਤ
ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਖਿਲਾਫ਼ ਇੱਕ ਇੰਟਰਵਿਊ ਵਿੱਚ ਮੰਦੀ ਸ਼ਬਦਾਵਲੀ ਵਰਤਣ ਦੇ ਇਲਜ਼ਾਮ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਮਹਿਲਾ ਵਿੰਗ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਸ਼ਿਕਾਇਤ ਦਿੱਤੀ ਗਈ। ਹਾਲਾਂਕਿ ਇਸ ਤੋਂ ਪਹਿਲਾਂ ਹੀ ਧਾਮੀ ਨੇ ਆਪਣੀ ਗਲਤੀ ਮੰਨ ਲਈ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਆਪਣਾ ਮੁਆਫ਼ੀਨਾਮਾ ਅਤੇ ਸਪੱਸ਼ਟੀਕਰਨ ਵੀ ਦਿੱਤਾ। ਦੂਜੇ ਪਾਸੇ ਮਹਿਲਾ ਕਮਿਸ਼ਨ ਵੱਲੋਂ ਵੀ ਪ੍ਰਧਾਨ ਧਾਮੀ ਨੂੰ ਤਲਬ ਕੀਤਾ।
ਹਰਪ੍ਰੀਤ ਸਿੰਘ ਤੋਂ ਲਿਆ ਚਾਰਜ ਵਾਪਿਸ
ਸਾਲ 2024 ਵਿੱਚ ਗਿਆਨੀ ਹਰਪ੍ਰੀਤ ਸਿੰਘ ਆਪਣੇ ਬਿਆਨਾਂ ਨੂੰ ਲੈਕੇ ਮੀਡੀਆ ਵਿੱਚ ਛਾਏ ਰਹੇ। ਸੁਖਬੀਰ ਸਿੰਘ ਬਾਦਲ ਸਮੇਤ ਅਕਾਲੀ ਲੀਡਰਾਂ ਨੂੰ ਸਜ਼ਾ ਲਗਾਉਣ ਵਿੱਚ ਵੀ ਉਹਨਾਂ ਦਾ ਕਾਫ਼ੀ ਯੋਗਦਾਨ ਰਿਹਾ। ਉਹਨਾਂ ਦੇ ਸਾਂਢੂ ਵੱਲੋਂ ਮੀਡੀਆ ਵਿੱਚ ਆਕੇ ਜੱਥੇਦਾਰ ਉੱਪਰ ਗੰਭੀਰ ਇਲਜ਼ਾਮ ਲਗਾਏ ਗਏ ਸਨ ਜਿਸ ਤੋਂ ਬਾਅਦ ਲੁਧਿਆਣਾ ਵਿੱਚ ਹੋਈ ਅੰਤ੍ਰਿੰਗ ਕਮੇਟੀ ਦੀ ਬੈਠਕ ਵਿੱਚ ਫੈਸਲਿਆਂ ਲੈਂਦਿਆਂ 15 ਦਿਨ ਲਈ ਗਿਆਨੀ ਹਰਪ੍ਰੀਤ ਸਿੰਘ ਨੂੰ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਦਾ ਚਾਰਜ ਵਾਪਿਸ ਲੈ ਲਿਆ।