ਸਾਲ 1699 ਈਸਵੀ ਨੂੰ ਵਿਸਾਖੀ ਵਾਲੇ ਦਿਨ ਜਦੋਂ ਦਸਮ ਪਾਤਸ਼ਾਹ ਸਾਹਿਬ ਏ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਤਾਂ ਉਹਨਾਂ ਨੇ ਆਪਣੇ ਪਿਆਰੇ ਖਾਲਸਾ ਪੰਥ ਨੂੰ ਬਹੁਤ ਸਾਰੀਆਂ ਬਰਕਤਾਂ ਬਖ਼ਸੀਆਂ। ਗੁਰੂ ਪਾਤਸ਼ਾਹ ਨੇ ਖਾਲਸੇ ਨੂੰ ਕਈ ਹੁਕਮ ਦਿੱਤੇ। ਉਹਨਾਂ ਵਿੱਚੋਂ ਇੱਕ ਸੀ ਪੰਜ ਕਕਾਰਾਂ ਦਾ ਹੁਕਮ।
ਸਿੱਖ ਪੰਥ ਦੇ 5 ਕਕਾਰਾਂ ਵਿੱਚ ਕੜਾ, ਕੰਘਾ, ਕਿਰਪਾਨ, ਕਛਿਹਰਾ ਅਤੇ ਕੇਸ ਸ਼ਾਮਿਲ ਹਨ। ਗੁਰੂ ਸਾਹਿਬ ਨੇ ਖਾਲਸੇ ਨੂੰ ਸਾਬਤ ਸੂਰਤ ਰਹਿਣ ਦਾ ਹੁਕਮ ਦਿੱਤਾ। ਗੁਰੂ ਪਾਤਸ਼ਾਹ ਨੇ ਬਰਕਤ ਦਿੱਤੀ ਕਿ ਖਾਲਸੇ ਦੀ ਪਹਿਚਾਣ ਲੱਖਾਂ ਵਿੱਚੋਂ ਇੱਕ ਹੋਵੇਗੀ। ਅੱਜ ਵੀ ਸਾਬਤ ਸੂਰਤ ਖਾਲਸਾ ਲੱਖਾਂ ਦੀ ਭੀੜ ਵਿੱਚੋਂ ਵੀ ਵੱਖਰਾ ਪਹਿਚਾਣਿਆਂ ਜਾਂਦਾ ਹੈ। ਆਓ ਕਕਾਰਾਂ ਦੀ ਮਹੱਤਤਾ ਬਾਰੇ ਜਾਣਦੇ ਹਾਂ।
ਕੇਸ
ਕੇਸ ਸਿੱਖਾਂ ਨੂੰ ਮਿਲਿਆ ਕੁਦਰਤੀ ਤੋਹਫ਼ਾ ਹੈ। ਜੋ ਸਾਡੇ ਸਰੀਰ ਦੇ ਅੰਗਾਂ ਦੀ ਰੱਖਿਆ ਲਈ ਕੁਦਰਤ ਵੱਲੋਂ ਬਣਾਇਆ ਗਿਆ ਰੱਖਿਆ ਕਵਚ ਹੈ। ਗੁਰੂ ਸਾਹਿਬ ਕੁਦਰਤ ਦੀ ਮਹੱਤਤਾ ਸਮਝਦੇ ਸਨ ਅਤੇ ਕੁਦਰਤ ਦੇ ਤੋਹਫ਼ਿਆਂ ਦੀ ਵੀ। ਤਾਂ ਹੀ ਉਹਨਾਂ ਸਿੱਖ ਨੂੰ ਸਾਬਤ ਸੂਰਤ ਰਹਿਣ ਦਾ ਹੁਕਮ ਦਿੱਤਾ।
ਕੰਘਾ
ਪੰਜ ਕਕਾਰਾਂ ਵਿੱਚ ਸ਼ਾਮਿਲ ਕੰਘਾ। ਸਿੱਖਾਂ ਦੇ ਚੁਸਤ ਅਤੇ ਸਾਫ਼ ਸੁਥਰਾ ਹੋਣ ਦਾ ਪ੍ਰਤੀਕ ਹੈ। ਕਿਉਂਕਿ ਗੁਰੂ ਸਾਹਿਬ ਨੇ ਸਿੱਖਾਂ ਨੂੰ ਹੁਕਮ ਦਿੱਤਾ ਸੀ ਹਰ ਸਿੱਖ ਆਪਣੇ ਕੇਸ ਰੱਖੇਗਾ। ਜੋਗੀ ਵੀ ਆਪਣੇ ਕੇਸ ਰੱਖਿਆ ਕਰਦੇ ਸਨ ਪਰ ਉਹ ਕੇਸਾਂ ਨੂੰ ਕੰਘੀ ਨਹੀਂ ਸੀ ਕਰਦੇ ਜਿਸ ਕਰਕੇ ਉਹਨਾਂ ਦੇ ਵਾਲ ਉਲਝ ਜਾਂਦੇ ਅਤੇ ਜਟਾਂ ਬਣ ਜਾਂਦੀਆਂ ਸੀ। ਪਰ ਗੁਰੂ ਸਾਹਿਬ ਨੇ ਸਿੱਖਾਂ ਨੂੰ ਅੰਮ੍ਰਿਤ ਵੇਲੇ ਉੱਠਣ ਅਤੇ ਇਸਨਾਨ ਕਰਨ ਦਾ ਹੁਕਮ ਦਿੱਤਾ। ਤਾਂ ਜੋ ਸਿੱਖ ਚੁਸਤ ਅਤੇ ਸਾਫ਼ ਸੁਥਰਾ ਰਹਿ ਸਕੇ ਅਤੇ ਕੇਸਾਂ ਨੂੰ ਕੰਘੇ ਨਾਲ ਵਾਹ ਕੇ ਸਹੀ ਰੱਖ ਸਕੇ। ਇਸ ਤਰ੍ਹਾਂ ਗੁਰੂ ਸਾਹਿਬ ਨੇ ਸਿੱਖਾਂ ਨੂੰ ਜੋਗੀਆਂ ਨਾਲੋਂ ਵੱਖ ਕਰਦੇ ਹੋਏ ਸਮਾਜ ਵਿੱਚ ਰਹਿਣ ਵਾਲੇ ਪ੍ਰਾਣੀ ਬਣਾਇਆ।
ਕੜਾ
ਕੜਾ ਅੱਖਰ ਦਾ ਭਾਵ ਅਰਥ ਹੈ-ਤਕੜਾ ਜਾਂ ਮਜ਼ਬੂਤ ਹੋਣਾ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਨੂੰ ਸਰਬਲੋਹ ਦੇ ਕੜੇ ਵਾਂਗ ਮਜ਼ਬੂਤ ਬਣਾਇਆ। ਤਾਂ ਜੋ ਲੋੜ ਪੈਣ ਤੇ ਅਤੇ ਹਰ ਸਥਿਤੀ ਵਿੱਚ ਗੁਰੂ ਦਾ ਸਿੱਖ ਮਜ਼ਬੂਤ ਰਹੇ। ਫਿਰ ਚਾਹੇ ਉਹ ਸਥਿਤੀ ਜੰਗ ਦੇ ਮੈਦਾਨ ਦੀ ਹੋਵੇ, ਜਾਂ ਆਰੇ ਨਾਲ ਤਨ ਚਿਰਵਾਉਣ ਦੀ ਜਾਂ ਫਿਰ ਸਿੱਖ ਲਈ ਬੰਦ ਬੰਦ ਕਟਵਾਉਣ ਦੀ ਜਾਂ ਖੋਪਰੀ ਲਹਾਉਣ ਦੀ। ਸਿੱਖ ਹਰ ਸਥਿਤੀ ਵਿੱਚ ਮਜ਼ਬੂਤ ਰਹੇਗਾ ਅਤੇ ਆਪਣੇ ਗੁਰੂ ਦੇ ਕਹੇ ਇੱਕ ਇੱਕ ਬਚਨ ਨੂੰ ਸੱਚ ਕਰੇਗਾ।
ਕਿਰਪਾਨ
ਸਿੱਖਾਂ ਦੇ ਕਕਾਰਾਂ ਵਿੱਚ ਸ਼ਾਮਿਲ ਕਿਰਪਾਨ ਖਾਲਸੇ ਦੇ ਸਵੈ-ਅਭਿਆਨ, ਅਜ਼ਾਦੀ, ਨਿਡਰਤਾ ਅਤੇ ਸ਼ਕਤੀ ਦਾ ਪ੍ਰਤੀਤ ਹੈ। ਖਾਲਸਾ ਜਦੋਂ ਆਪਣੇ ਹੱਥ ਵਿੱਚ ਕਿਰਪਾਨ ਹੋਵੇਗਾ। ਉਹ ਦਾ ਮਾਲਕ ਅਕਾਲ ਪੁਰਖ ਹੋਵੇਗਾ ਉਹ ਕਿਸੇ ਦੁਨਿਆਵੀਂ ਇਨਸਾਨ ਸਾਹਮਣੇ ਨਹੀਂ ਝੁਕੇਗਾ। ਕਿਰਪਾਨ ਦਾ ਅਰਥ ਹੁੰਦਾ ਹੈ ਕਿਰਪਾ (ਮਿਹਰ) ਅਤੇ ਪਾਨ (ਇੱਜਤ)। ਉਸ ਉੱਪਰ ਵਾਹਿਗੁਰੂ ਦੀ ਮਿਹਰ ਹੋਵੇਗਾ ਅਤੇ ਉਹ ਨਿਮਾਣਾ ਦੇ ਹੱਕਾਂ ਲਈ ਸ਼ਕਤੀ ਦੀ ਵਰਤੋਂ ਕਰੇਗਾ।
ਕਛਹਿਰਾ
ਸਿੱਖਾਂ ਦੇ ਕਕਾਰਾਂ ਵਿੱਚੋਂ ਪੰਜਵਾਂ ਕਕਾਰ ਕਛਹਿਰਾ ਹੈ। ਇਹ ਕਾਮਨਾਵਾਂ- ਵਾਸ਼ਨਾਵਾਂ ਅਤੇ ਲਾਲਸਾਵਾਂ ਤੇ ਕਾਬੂ ਰੱਖਣ ਦਾ ਪ੍ਰਤੀਕ ਹੈ। ਖਾਲਸੇ ਨੂੰ ਹੁਕਮਨਾਮਿਆਂ ਵਿੱਚ ਗੁਰੂ ਸਾਹਿਬ ਨੇ ਸਿੰਘਾਂ ਨੂੰ ਪਰਾਈ ਇਸਤਰੀ ਤੋਂ ਪ੍ਰਹੇਜ਼ ਕਰਨ ਦਾ ਹੁਕਮ ਦਿੱਤਾ ਹੈ। ਇਹੀ ਕਾਰਨ ਹੈ ਕਿ ਸਿੱਖ ਮੁਗਲਾਂ ਤੋਂ ਬਚਾਈਆਂ ਹੋਈਆਂ ਲੜਕੀਆਂ ਦੀ ਇੱਜਤ ਨੂੰ ਆਪਣੀ ਇੱਜ਼ਤ ਸਮਝਕੇ ਉਹਨਾਂ ਦੇ ਘਰ ਪਹੁੰਚੇ ਸਨ। ਨਾ ਕਿ ਉਹਨਾਂ ਹਾਕਮਾਂ ਵਾਂਗ ਬੱਚੀਆਂ ਨੂੰ ਚੁੱਕਦੇ ਸਨ।
ਗੁਰੂ ਸਾਹਿਬ ਦਾ ਪੰਥ ਨੂੰ ਦਿੱਤਾ ਇਹ ਅਣਮੁੱਲਾ ਤੋਹਫਾ ਸਿੱਖ ਖਾਲਸੇ ਨੂੰ ਸੱਚਾ ਅਤੇ ਸੁੱਚਾ ਰੱਖਦਾ ਹੈ ਜਦੋਂ ਖਾਲਸੇ ਦੀ ਪਹਿਚਾਣ ਨੂੰ ਹੋਰ ਵੀ ਜ਼ਿਆਦਾ ਮਜ਼ਬੂਤੀ ਪ੍ਰਦਾਨ ਕਰਦਾ ਹੈ।