AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Hukamnama Sri Darbar Sahib 5 November 2026: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 5 ਨਵੰਬਰ 2026

Daily Hukamnama Sri Darbar Sahib: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਦਾ ਮਤਲਬ ਹੈ ਹਰ ਰੋਜ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਲਿਆ ਗਿਆ ਪਾਠ (ਉਪਦੇਸ਼/ਫ਼ੁਰਮਾਨ), ਜੋ ਕਿ ਰੋਜ਼ਾਨਾ ਸਾਧ ਸੰਗਤ ਲਈ ਪ੍ਰੇਰਨਾ ਸਰੋਤ ਹੁੰਦਾ ਹੈ ਅਤੇ ਸਾਰੇ ਸਿੱਖਾਂ ਲਈ ਜੀਵਨ ਜੀਉਣ ਦਾ ਮਾਰਗ ਦਰਸਾਉਂਦਾ ਹੈ।

Hukamnama Sri Darbar Sahib 5 November 2026: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 5 ਨਵੰਬਰ 2026
ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 5 ਨਵੰਬਰ 2026
lalit-sharma
| Updated On: 05 Nov 2026 06:28 AM IST
Share

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸੱਚਖੰਡ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ

ਬਿਲਾਵਲੁ ॥ ਜਨਮ ਮਰਨ ਕਾ ਭ੍ਰਮੁ ਗਇਆ ਗੋਬਿਦ ਲਿਵ ਲਾਗੀ ॥ ਜੀਵਤ ਸੁੰਨਿ ਸਮਾਨਿਆ ਗੁਰ ਸਾਖੀ ਜਾਗੀ ॥੧॥ ਰਹਾਉ ॥ ਕਾਸੀ ਤੇ ਧੁਨਿ ਊਪਜੈ ਧੁਨਿ ਕਾਸੀ ਜਾਈ ॥ ਕਾਸੀ ਫੂਟੀ ਪੰਡਿਤਾ ਧੁਨਿ ਕਹਾਂ ਸਮਾਈ ॥੧॥ ਤ੍ਰਿਕੁਟੀ ਸੰਧਿ ਮੈ ਪੇਖਿਆ ਘਟ ਹੂ ਘਟ ਜਾਗੀ ॥ ਐਸੀ ਬੁਧਿ ਸਮਾਚਰੀ ਘਟ ਮਾਹਿ ਤਿਆਗੀ ॥੨॥ ਆਪੁ ਆਪ ਤੇ ਜਾਨਿਆ ਤੇਜ ਤੇਜੁ ਸਮਾਨਾ ॥ ਕਹੁ ਕਬੀਰ ਅਬ ਜਾਨਿਆ ਗੋਬਿਦ ਮਨੁ ਮਾਨਾ ॥੩॥੧੧॥

ਪਦ ਅਰਥ: ਭ੍ਰਮੁ—ਭਰਮ, ਭਟਕਣਾ, ਗੇੜ। ਗਇਆ—ਮੁੱਕ ਗਿਆ। ਲਿਵ—ਲਗਨ। ਸੁੰਨਿ—ਉਸ ਅਵਸਥਾ ਵਿਚ ਜਿੱਥੇ ਮਾਇਆ ਦੇ ਫੁਰਨਿਆਂ ਵਲੋਂ ਸੁੰਞ ਹੈ, ਅਫੁਰ ਅਵਸਥਾ ਵਿਚ। ਸਾਖੀ—ਸਿੱਖਿਆ ਦੀ ਰਾਹੀਂ। ਗੁਰ ਸਾਖੀ—ਸਤਿਗੁਰੂ ਦੀ ਸਿੱਖਿਆ ਨਾਲ। ਜਾਗੀ—(ਬੁੱਧ) ਜਾਗ ਪਈ ਹੈ।1। ਰਹਾਉ। ਕਾਸੀ—ਕੈਂਹ (ਦਾ ਭਾਂਡਾ)। ਧੁਨਿ—ਅਵਾਜ਼। ਜਾਈ—ਲੀਨ ਹੋ ਜਾਂਦੀ ਹੈ। ਕਾਸੀ ਫੂਟੀ—ਕੈਂਹ ਦਾ ਭਾਂਡਾ ਟੁੱਟਿਆਂ। ਪੰਡਿਤਾ—ਹੇ ਪੰਡਿਤ! ਕਹਾਂ—ਕਿੱਥੇ? ਨੋਟ:- ਕੈਂਹ ਦੇ ਭਾਂਡੇ ਨੂੰ ਠਣਕਾਰੀਏ ਤਾਂ ਇਸ ਵਿਚੋਂ ਅਵਾਜ਼ ਨਿਕਲਦੀ ਹੈ, ਜੇ ਠੋਕਰਨਾ ਛੱਡ ਦੇਈਏ ਤਾਂ ਅਵਾਜ਼ ਭੀ ਮੁੱਕ ਜਾਂਦੀ ਹੈ। ਪਰ ਜਦੋਂ ਭਾਂਡਾ ਟੁੱਟ ਜਾਏ, ਤਾਂ ਠਣਕਾਇਆਂ ਭੀ ਉਹ ਅਵਾਜ਼ ਨਹੀਂ ਨਿਕਲਦੀ। ਸਰੀਰ ਦਾ ਮੋਹ (ਦੇਹ-ਅੱਧਿਆਸ) ਮਾਨੋ, ਕੈਂਹ ਦਾ ਭਾਂਡਾ ਹੈ, ਜਿਤਨਾ ਚਿਰ ਦੇਹ-ਅੱਧਿਆਸ ਮਨੁੱਖ ਦੇ ਅੰਦਰ ਕਾਇਮ ਰਹਿੰਦਾ ਹੈ, ਦੁਨੀਆ ਦੇ ਪਦਾਰਥ ਗਿਆਨ-ਇੰਦ੍ਰਿਆਂ ਨੂੰ ਠੋਕਰਾਂ ਲਾਉਂਦੇ ਹਨ, ਤੇ ਮਨ ਵਿਚੋਂ ਤ੍ਰਿਸ਼ਨਾ ਦੀ ਸੁਰ ਛਿੜੀ ਹੀ ਰਹਿੰਦੀ ਹੈ। ਪਰ ਜਦੋਂ ਸਰੀਰ ਦਾ ਮੋਹ ਮੁੱਕ ਜਾਏ, ਨਾਹ ਕੋਈ ਪਦਾਰਥ ਇੰਦ੍ਰਿਆਂ ਨੂੰ ਪ੍ਰੇਰ ਸਕਦਾ ਹੈ, ਨਾਹ ਕੋਈ ਠੋਕਰ ਵੱਜਦੀ ਹੈ, ਤੇ ਨਾਹ ਹੀ ਅੰਦਰ ਤ੍ਰਿਸ਼ਨਾ ਦਾ ਰਾਗ ਛਿੜਦਾ ਹੈ। ਫਿਰ, ਪਤਾ ਨਹੀਂ ਉਹ ਰਾਗ ਕਿੱਥੇ ਜਾ ਸਮਾਉਂਦਾ ਹੈ। ਤ੍ਰਿਕੁਟੀ— ਤ੍ਰਿ+ਕੁਟੀ। ਤ੍ਰਿ—ਤਿੰਨ। ਕੁਟੀ—ਡਿੰਗੀਆਂ ਲਕੀਰਾਂ} ਤਿੰਨ ਵਿੰਗੀਆਂ ਲਕੀਰਾਂ ਜੋ ਮਨੁੱਖ ਦੇ ਮੱਥੇ ਉੱਤੇ ਪੈ ਜਾਂਦੀਆਂ ਹਨ। ਜਿਵੇਂ ਸੰਸਕ੍ਰਿਤ ਲਫ਼ਜ਼ ਨਿਕਟੀ ਤੋਂ ਪੰਜਾਬੀ ਲਫ਼ਜ਼ ਨੇੜੇ ਬਣ ਗਿਆ ਹੈ; ਜਿਵੇਂ ਲਫ਼ਜ਼ ਕਟਕ ਤੋਂ ਕੜਾ ਬਣ ਗਿਆ ਹੈ, ਤਿਵੇਂ, ਸੰਸਕ੍ਰਿਤ ਲਫ਼ਜ਼ ਤ੍ਰਿਕੁਟੀ ਤੋਂ ਪੰਜਾਬੀ ਲਫ਼ਜ਼ ਹੈ ਤ੍ਰਿਊੜੀ। ਮਨੁੱਖ ਦੇ ਮੱਥੇ ਉੱਤੇ ਤ੍ਰਿਊੜੀ, ਤਦੋਂ ਹੀ ਪੈਂਦੀ ਹੈ, ਜਦੋਂ ਇਸ ਦੇ ਮਨ ਵਿਚ ਖਿੱਝ ਹੋਵੇ। ਸੋ, ਤਿਕੁਟੀ ਵਿੰਨ੍ਹਣ ਦਾ ਭਾਵ ਹੈ ਮਨ ਵਿਚੋਂ ਖਿੱਝ ਮੁਕਾਉਣੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਲਫ਼ਜ਼ ਤ੍ਰਿਕੁਟੀ ਜੋਗੀਆਂ ਵਿਚ ਵਰਤਿਆ ਜਾਂਦਾ ਹੈ, ਪਰ ਇਹ ਜ਼ਰੂਰੀ ਨਹੀਂ ਕਿ ਕਬੀਰ ਜੀ ਦੀ ਬਾਣੀ ਵਿਚ ਭੀ ਇਹ ਉਸੇ ਭਾਵ ਵਿਚ ਹੋਵੇ। ਸਿਰਫ਼ ਇਸ ਲਫ਼ਜ਼ ਦੀ ਵਰਤੋਂ ਤੋਂ ਇਹ ਅੰਦਾਜ਼ਾ ਲਾਉਣਾ ਗ਼ਲਤ ਹੈ ਕਿ ਕਬੀਰ ਜੀ ਪ੍ਰਾਣਾਯਾਮ ਕਰਦੇ ਸਨ। ਜੇ ਅਸਾਂ ਅਜਿਹੀ ਹੀ ਕਸਵੱਟੀ ਵਰਤੀ, ਤਾਂ ਗੁਰੂ ਨਾਨਕ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਸਾਹਿਬ ਜੀ ਨੂੰ ਅਸੀਂ ਅੰਞਾਣਪੁਣੇ ਵਿਚ ਪ੍ਰਾਣਾਯਾਮ ਕਰਨ ਦੇ ਹਾਮੀ ਕਹਿ ਬੈਠਾਂਗੇ। ਸੰਧਿ—ਵਿੰਨ੍ਹ ਕੇ, ਫੋੜ ਕੇ, ਨਾਸ ਕਰ ਕੇ। ਘਟ ਹੂ ਘਟ—ਹਰੇਕ ਘਟ ਵਿਚ। ਸਮਾਚਰੀ—ਪੈਦਾ ਹੋਈ, ਉਪਜੀ ਹੈ। ਤਿਆਗੀ—ਮਾਇਆ ਤੋਂ ਉਪਰਾਮ, ਮੋਹ ਤੋਂ ਰਹਿਤ।2। ਆਪੁ—ਆਪਣੇ ਆਪ ਨੂੰ, ਆਪਣੇ ਆਤਮਕ ਜੀਵਨ ਨੂੰ। ਆਪ ਤੇ—ਅੰਦਰੋਂ ਹੀ। ਤੇਜੁ—ਪ੍ਰਭੂ ਦੀ ਜੋਤ। ਮਾਨਾ—ਪਤੀਜ ਗਿਆ ਹੈ।3।

ਅਰਥ: (ਮੇਰੇ ਅੰਦਰ) ਸਤਿਗੁਰੂ ਦੀ ਸਿੱਖਿਆ ਨਾਲ ਐਸੀ ਬੁੱਧ ਜਾਗ ਪਈ ਹੈ ਕਿ ਮੇਰੀ ਜਨਮ-ਮਰਨ ਦੀ ਭਟਕਣਾ ਮੁੱਕ ਗਈ ਹੈ, ਪ੍ਰਭੂ-ਚਰਨਾਂ ਵਿਚ ਮੇਰੀ ਸੁਰਤ ਜੁੜ ਗਈ ਹੈ, ਤੇ ਮੈਂ ਜਗਤ ਵਿਚ ਵਿਚਰਦਾ ਹੋਇਆ ਹੀ ਉਸ ਹਾਲਤ ਵਿਚ ਟਿਕਿਆ ਰਹਿੰਦਾ ਹਾਂ ਜਿੱਥੇ ਮਾਇਆ ਦੇ ਫੁਰਨੇ ਨਹੀਂ ਉਠਦੇ।1। ਰਹਾਉ। ਹੇ ਪੰਡਿਤ! ਜਿਵੇਂ ਕੈਂਹ ਦੇ ਭਾਂਡੇ ਨੂੰ ਠਣਕਾਇਆਂ ਉਸ ਵਿਚੋਂ ਅਵਾਜ਼ ਨਿਕਲਦੀ ਹੈ, ਜੇ (ਠਣਕਾਣਾ) ਛੱਡ ਦੇਈਏ ਤਾਂ ਉਹ ਅਵਾਜ਼ ਕੈਂਹ ਵਿਚ ਹੀ ਮੁੱਕ ਜਾਂਦੀ ਹੈ, ਤਿਵੇਂ ਇਸ ਸਰੀਰਕ ਮੋਹ ਦਾ ਹਾਲ ਹੈ। (ਜਦੋਂ ਦੀ ਬੁੱਧ ਜਾਗੀ ਹੈ) ਮੇਰਾ ਸਰੀਰ ਨਾਲੋਂ ਮੋਹ ਮਿਟ ਗਿਆ ਹੈ (ਮੇਰਾ ਇਹ ਮਾਇਕ ਪਦਾਰਥਾਂ ਨਾਲ ਠਟਕਣ ਵਾਲਾ ਭਾਂਡਾ ਭੱਜ ਗਿਆ ਹੈ), ਹੁਣ ਪਤਾ ਹੀ ਨਹੀਂ ਕਿ ਉਹ ਤ੍ਰਿਸ਼ਨਾ ਦੀ ਅਵਾਜ਼ ਕਿੱਥੇ ਜਾ ਗੁੰਮ ਹੋਈ ਹੈ।1। (ਸਤਿਗੁਰੂ ਦੀ ਸਿੱਖਿਆ ਨਾਲ ਬੁੱਧ ਜਾਗਣ ਤੇ) ਮੈਂ ਅੰਦਰਲੀ ਖਿੱਝ ਦੂਰ ਕਰ ਲਈ ਹੈ, ਹੁਣ ਮੈਨੂੰ ਹਰੇਕ ਘਟ ਵਿਚ ਪ੍ਰਭੂ ਦੀ ਜੋਤ ਜਗਦੀ ਦਿੱਸ ਰਹੀ ਹੈ; ਮੇਰੇ ਅੰਦਰ ਐਸੀ ਮੱਤ ਪੈਦਾ ਹੋ ਗਈ ਹੈ ਕਿ ਮੈਂ ਅੰਦਰੋਂ ਵਿਰਕਤ ਹੋ ਗਿਆ ਹਾਂ।2। ਹੁਣ ਅੰਦਰੋਂ ਹੀ ਮੈਨੂੰ ਆਪੇ ਦੀ ਸੂਝ ਪੈ ਗਈ ਹੈ, ਮੇਰੀ ਜੋਤ ਰੱਬੀ-ਜੋਤ ਵਿਚ ਰਲ ਗਈ ਹੈ। ਹੇ ਕਬੀਰ! ਆਖ—ਹੁਣ ਮੈਂ ਗੋਬਿੰਦ ਨਾਲ ਜਾਣ-ਪਛਾਣ ਪਾ ਲਈ ਹੈ, ਮੇਰਾ ਮਨ ਗੋਬਿੰਦ ਨਾਲ ਗਿੱਝ ਗਿਆ ਹੈ।3।11। ਸ਼ਬਦ ਦਾ ਭਾਵ:- ਜਿਤਨਾ ਚਿਰ ਸਰੀਰ ਨਾਲ ਮੋਹ ਹੈ, ਦੇਹ-ਅੱਧਿਆਸ ਹੈ, ਉਤਨਾ ਚਿਰ ਮਨ ਵਿਚ ਖਿੱਝ ਪੈਦਾ ਹੋਣ ਦੇ ਕਾਰਨ ਬਣਦੇ ਹੀ ਰਹਿੰਦੇ ਹਨ, ਮੱਥੇ ਵੱਟ ਪੈਂਦੇ ਹੀ ਰਹਿੰਦੇ ਹਨ। ਪਰ ਗੁਰੂ ਦੀ ਸ਼ਰਨ ਪੈ ਕੇ ਨਾਮ ਜਪਿਆਂ ਇਹ ਤ੍ਰਿਊੜੀ ਮੁੱਕ ਜਾਂਦੀ ਹੈ।

ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਹਿ !!

Follow Us