ਧਰਮ ਦੀ ਰੱਖਿਆ ਲਈ ਵਿਲੱਖਣ ਸ਼ਹੀਦੀ ਦੀ ਯਾਦਗਾਰ, ਗੁਰਦੁਆਰਾ ਸ਼੍ਰੀ ਸ਼ੀਸ਼ ਗੰਜ ਸਾਹਿਬ
Gurdwara Sis Ganj Sahib: ਉਹ ਥਾਂ ਜਿੱਥੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਹੋਈ, ਓਥੇ 1783 ਵਿੱਚ ਸਰਦਾਰ ਬਘੇਲ ਸਿੰਘ ਦੀ ਅਗਵਾਈ ਹੇਠ ਗੁਰਦੁਆਰਾ ਸ਼ੀਸ਼ ਗੰਜ ਸਾਹਿਬ ਦੀ ਸਥਾਪਨਾ ਕੀਤੀ ਗਈ। ਇਹ ਇਤਿਹਾਸਕ ਗੁਰਦੁਆਰਾ ਦਿੱਲੀ ਦੇ ਚਾਂਦਨੀ ਚੌਕ ਖੇਤਰ ਵਿੱਚ ਸਥਿਤ ਹੈ ਅਤੇ ਸਿੱਖ ਇਤਿਹਾਸ ਵਿੱਚ ਇੱਕ ਅਤਿ ਮਹੱਤਵਪੂਰਨ ਪਵਿੱਤਰ ਸਥਾਨ ਹੈ।
ਮੁਗਲ ਰਾਜ ਦੇ ਸਮੇਂ, ਵਿਸ਼ੇਸ਼ ਤੌਰ ‘ਤੇ ਬਾਦਸ਼ਾਹ ਔਰੰਗਜ਼ੇਬ ਦੇ ਦੌਰਾਨ, ਧਾਰਮਿਕ ਅਸਹਿਣਸ਼ੀਲਤਾ ਨੇ ਚਰਮ ਸੀਮਾ ਛੂਹ ਲਈ ਸੀ। ਲੋਕਾਂ ਨੂੰ ਜਬਰੀ ਇਸਲਾਮ ਧਾਰਨ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ। ਇਨ੍ਹਾਂ ਸੰਘਰਸ਼ ਪੂਰਨ ਹਾਲਾਤਾਂ ਵਿੱਚ ਗੁਰੂ ਤੇਗ ਬਹਾਦਰ ਜੀ ਨੇ ਗ਼ੈਰ-ਮੁਸਲਮਾਨਾਂ ਦੀ ਧਾਰਮਿਕ ਆਜ਼ਾਦੀ ਦੀ ਰੱਖਿਆ ਲਈ ਅਣਮੁੱਲੀ ਸ਼ਹਾਦਤ ਦਿੱਤੀ। ਔਰੰਗਜੇਬ ਦੇ ਸਤਾਏ ਕਸ਼ਮੀਰੀ ਪੰਡਤਾਂ ਨੇ ਸੱਚੇ ਗੁਰੂ ਅੱਗੇ ਫਰਿਆਦ ਕੀਤੀ, ਪਾਤਸ਼ਾਹ ਲਾਜ ਰੱਖੋ…
ਜਿਸ ਸਮੇਂ ਕੋਈ ਨਹੀਂ ਬੋਲ ਰਿਹਾ ਸੀ, ਉਸ ਸਮੇਂ ਗੁਰੂ ਤੇਗ ਬਹਾਦਰ ਜੀ ਨੇ ਜਬਰੀ ਧਰਮ ਪਰਿਵਰਤਨ ਦੇ ਖ਼ਿਲਾਫ ਆਵਾਜ਼ ਉਠਾਈ। ਇਸ ਸੰਘਰਸ਼ ਦੇ ਨਤੀਜੇ ਵਜੋਂ, 1675 ਵਿੱਚ ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਹੁਕਮ ‘ਤੇ, ਗੁਰੂ ਜੀ ਨੂੰ ਦਿੱਲੀ ਵਿੱਚ ਸਿਰ ਕਲਮ ਕਰ ਦਿੱਤਾ ਗਿਆ। ਉਨ੍ਹਾਂ ਨੇ ਆਪਣੇ ਪ੍ਰਾਣ ਧਰਮ ਦੀ ਰੱਖਿਆ ਲਈ ਅਰਪਣ ਕਰ ਦਿੱਤੇ, ਜੋ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਦਿੱਤੀ ਗਈ ਵਿਸ਼ਵ ਪੱਧਰੀ ਸ਼ਹਾਦਤ ਹੈ।
ਗੁਰਦੁਆਰਾ ਸ਼ੀਸ਼ ਗੰਜ ਸਾਹਿਬ ਦਾ ਇਤਿਹਾਸ
ਉਹ ਥਾਂ ਜਿੱਥੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਹੋਈ, ਓਥੇ 1783 ਵਿੱਚ ਸਰਦਾਰ ਬਘੇਲ ਸਿੰਘ ਦੀ ਅਗਵਾਈ ਹੇਠ ਗੁਰਦੁਆਰਾ ਸ਼ੀਸ਼ ਗੰਜ ਸਾਹਿਬ ਦੀ ਸਥਾਪਨਾ ਕੀਤੀ ਗਈ। ਇਹ ਇਤਿਹਾਸਕ ਗੁਰਦੁਆਰਾ ਦਿੱਲੀ ਦੇ ਚਾਂਦਨੀ ਚੌਕ ਖੇਤਰ ਵਿੱਚ ਸਥਿਤ ਹੈ ਅਤੇ ਸਿੱਖ ਇਤਿਹਾਸ ਵਿੱਚ ਇੱਕ ਅਤਿ ਮਹੱਤਵਪੂਰਨ ਪਵਿੱਤਰ ਸਥਾਨ ਹੈ। ਇੱਥੋ ਥੋੜ੍ਹੀ ਦੂਰ ਲਾਲ ਕਿਲਾ ਸਥਿਤ ਹੈ ਜਿੱਥੇ ਮੁਗਲ ਦਰਬਾਰ ਲਗਦਾ ਸੀ।
ਗੁਰੂ ਸਾਹਿਬ ਦੇ ਜੀਵਨ ਬਾਰੇ ਜਾਣਕਾਰੀ
ਗੁਰੂ ਤੇਗ ਬਹਾਦਰ ਜੀ ਦਾ ਅਸਲੀ ਨਾਮ ਤਿਆਗ ਮੱਲ ਸੀ। ਪਰ ਉਨ੍ਹਾਂ ਦੇ ਪਿਤਾ ਅਤੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਨ੍ਹਾਂ ਨੂੰ “ਤੇਗ ਬਹਾਦਰ” ਦੀ ਉਪਾਧੀ ਦਿੱਤੀ। ਉਨ੍ਹਾਂ ਨੇ ਬਚਪਨ ਤੋਂ ਹੀ ਤੀਰਅੰਦਾਜ਼ੀ, ਘੋੜਸਵਾਰੀ ਅਤੇ ਸ਼ਸਤਰ ਵਿਦਿਆ ਵਿੱਚ ਮੁਹਾਰਤ ਹਾਸਿਲ ਕੀਤੀ। ਗੁਰੂ ਜੀ ਨੇ ਲਗਭਗ 27 ਸਾਲ ਬਕਾਲਾ ਵਿਖੇ ਸਖਤ ਤਪੱਸਿਆ ਕੀਤੀ।
ਇਸ ਤੋਂ ਮਗਰੋਂ ਗੁਰੂ ਦੇ ਸਿੱਖਾਂ ਨੇ ਆਪ ਜੀ ਨੂੰ ਸੱਚੇ ਗੁਰੂ ਵਜੋਂ ਪਹਿਚਾਣਿਆ। ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨ ਲਈ ਭਾਰਤ ਭਰ ਵਿੱਚ ਯਾਤਰਾਵਾਂ ਕੀਤੀਆਂ। ਇਹਨਾਂ ਯਾਤਰਾਵਾਂ ਦੌਰਾਨ ਪਾਤਸ਼ਾਹ ਪਟਨਾ ਸਾਹਿਬ ਜੀ ਵਿਖੇ ਰੁਕੇ ਜਿੱਥੇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਹੋਇਆ।


