ਨਿਮਾਣੇ ਸਿੱਖ ਦੀ ਵੱਡੀ ਸੇਵਾ ਦਾ ਪ੍ਰਤੀਕ ਹੈ, ਗੁਰਦੁਆਰਾ ਰਕਾਬ ਗੰਜ ਸਾਹਿਬ
Sikh History: ਭਾਈ ਲੱਖੀ ਸ਼ਾਹ ਵਣਜਾਣਾ ਦਾ ਨਾਮ ਸਿੱਖ ਪੰਥ ਵਿੱਚ ਬੜੇ ਸ਼ਰਧਾ ਅਤੇ ਸਤਿਕਾਰ ਨਾਲ ਲਿਆ ਜਾਂਦਾ ਹੈ। ਸਾਲ 1675 ਵਿੱਚ ਜਦੋਂ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਧਰਮ ਦੀ ਰੱਖਿਆ ਖਾਤਰ ਦਿੱਲੀ ਆਏ ਤਾਂ ਉਹਨਾਂ ਨੇ ਆਪਣੀ ਲਸਾਨੀ ਸ਼ਹਾਦਤ ਦੇਕੇ ਹਿੰਦੂ ਧਰਮ ਦੀ ਰੱਖਿਆ ਕੀਤੀ। ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਜਾਣਾਂਗੇ ਦਿੱਲੀ ਦੇ ਰਾਏਸੀਨਾ ਹਿੱਲਜ਼ ਤੇ ਸਥਿਤ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਇਤਿਹਾਸ ਬਾਰੇ।
ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਨੌਵੇਂ ਵਾਰਿਸ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਤਿਲਕ ਜੰਝੂ ਦੀ ਰੱਖਿਆ ਕਰਨ ਲਈ ਦਿੱਲੀ ਆਏ ਤਾਂ ਗੁਰੂ ਸਾਹਿਬ ਨੂੰ ਮੁਗਲ ਹਕੂਮਤ ਨੇ ਇਸਲਾਮ ਮੱਤ ਵਿੱਚ ਸ਼ਾਮਿਲ ਹੋਣ ਲਈ ਕਿਹਾ। ਇਸ ਲਈ ਗੁਰੂ ਸਾਹਿਬ ਨੂੰ ਤਰ੍ਹਾਂ ਤਰ੍ਹਾਂ ਦੇ ਲਾਲਚ ਵੀ ਦਿੱਤੇ ਗਏ। ਗੁਰੂ ਸਾਹਿਬ ਦੇ ਸਾਹਮਣੇ ਉਹਨਾਂ ਦੇ ਪਿਆਰੇ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਪਰ ਗੁਰੂ ਜੀ ਅਡੋਲ ਰਹੇ।
ਤੇਗ ਬਹਾਦਰ ਬੋਲਿਆ
ਧਰ ਪਈਏ ਧਰਮ ਨ ਛੋੜੀਐ।
ਗੁਰੂ ਪਾਤਸ਼ਾਹ ਲਈ ਫ਼ਤਵਾ ਜਾਰੀ ਕਰਦਿਆਂ ਹੁਕਮ ਦਿੱਤਾ ਗਿਆ ਸੀ। ਗੁਰੂ ਸਾਹਿਬ ਦਾ ਸੀਸ ਕਲਮ ਕਰਨ ਪਿੱਛੋਂ ਉਹਨਾਂ ਦੇ ਧੜ ਨੂੰ 4 ਹਿੱਸਿਆਂ ਵਿੱਚ ਵੰਡ ਦਿੱਤੇ ਜਾਵੇ। ਉਹਨਾਂ 4 ਟੁਕੜਿਆਂ ਨੂੰ ਦਿੱਲੀ ਦੇ ਚਾਰੇ ਪਾਸੇ ਟੰਗਿਆ ਜਾਵੇ ਜਿਸ ਨਾਲ ਲੋਕਾਂ ਵਿੱਚ ਇਹ ਸੁਨੇਹਾ ਪਹੁੰਚੇ ਕਿ ਜੋ ਵੀ ਸਰਕਾਰ ਖਿਲਾਫ਼ ਅਵਾਜ਼ ਉਠਾਏਗਾ ਉਸ ਦਾ ਵੀ ਇਹੀ ਹਸ਼ਰ ਹੋਵੇਗਾ।
ਗੁਰੂ ਦੇ ਸਿੱਖਾਂ ਨੇ ਕੀਤੀ ਵੱਡਮੁਲੀ ਸੇਵਾ
ਪਰ ਗੁਰੂ ਦੇ ਸਿੱਖ ਵੀ ਗੁਰੂ ਵਾਂਗ ਵੀ ਬਹਾਦਰ ਅਤੇ ਗੁਰੂ ਵਾਂਗ ਹੀ ਨਿਆਰੇ ਸਨ। ਜਿਵੇਂ ਹੀ ਗੁਰੂ ਸਾਹਿਬ ਦੇ ਸੀਸ ‘ਤੇ ਤਲਵਾਰ ਚੱਲੀ ਤਾਂ ਉਸੀ ਸਮੇਂ ਦਿੱਲੀ ਵਿੱਚ ਇੱਕ ਕਾਲੀ ਬੋਲੀ ਹਨੇਰੀ ਆਈ। ਹਰ ਕੋਈ ਆਪਣੇ ਬਚਾਅ ਲਈ ਭੱਜਣ ਲੱਗ ਪਿਆ। ਪਰ ਭਾਈ ਜੈਤਾ ਜੀ ਨੇ ਗੁਰੂ ਸਾਹਿਬ ਦਾ ਸੀਸ ਆਪਣੀ ਬੁੱਕਲ ਵਿੱਚ ਲਿਆ ਤੇ ਸ਼੍ਰੀ ਅਨੰਦਪੁਰ ਸਾਹਿਬ ਵੱਲ ਰਵਾਨਾ ਹੋ ਗਏ।
ਇਹ ਵੀ ਪੜ੍ਹੋ
ਗੁਰੂ ਸਾਹਿਬ ਦੇ ਧੜ੍ਹ ਜਿਸ ਨੂੰ ਚਾਰ ਟੁਕੜਿਆਂ ਵਿੱਚ ਕੱਟਿਆ ਜਾਣਾ ਸੀ। ਉਸ ਨੂੰ ਭਾਈ ਲੱਖੀ ਸ਼ਾਹ ਵਣਜਾਰਾ ਜੀ ਨੇ ਆਪਣੇ ਗੱਡੇ ਵਿੱਚ ਪਾਇਆ ਅਤੇ ਆਪਣੇ ਘਰ ਵੱਲ ਤੁਰ ਪਏ। ਰਾਹ ਵਿੱਚ ਮੁਗਲ ਫੌਜ ਨੇ ਉਹਨਾਂ ਦੇ ਗੱਡੇ ਦੀ ਤਲਾਸ਼ੀ ਲਈ ਪਰ ਉਹਨਾਂ ਨੂੰ ਗੁਰੂ ਸਾਹਿਬ ਦਾ ਧੜ੍ਹ ਨਾ ਮਿਲਿਆ।
ਜਦੋਂ ਲੱਖੀ ਸ਼ਾਹ ਆਪਣੇ ਘਰ ਪਹੁੰਚੇ ਤਾਂ ਉਹਨਾਂ ਨੇ ਗੇਟ ਖੋਲਕੇ ਗੱਡਾ ਅੰਦਰ ਕਰ ਲਿਆ। ਇਸ ਤੋਂ ਬਾਅਦ ਉਹਨਾਂ ਨੇ ਗੁਰੂ ਸਾਹਿਬ ਦੇ ਧੜ੍ਹ ਨੂੰ ਬਾਹਰ ਕੱਢਕੇ ਸੁੱਚੀ ਥਾਂ ਤੇ ਰੱਖਿਆ। ਲੱਕੜਾਂ ਦਾ ਹੱਲ ਕਰਨ ਤੋਂ ਬਾਅਦ ਭਾਈ ਸਾਹਿਬ ਨੇ ਅੰਗੀਠਾ ਤਿਆਰ ਕੀਤਾ। ਸਾਰੇ ਪ੍ਰਬੰਧ ਕਰਨ ਤੋਂ ਬਾਅਦ ਗੁਰੂ ਪਾਤਸ਼ਾਹ ਅੱਗੇ ਅਰਦਾਸ ਕੀਤੀ।
ਗੁਰੂ ਪਾਤਸ਼ਾਹ ਆਪਣੇ ਨਿਮਾਣੇ ਸਿੱਖ ਦੀ ਸੇਵਾ ਆਪਣੇ ਚਰਨਾਂ ਵਿੱਚ ਪ੍ਰਵਾਨ ਕਰਨਾ।
ਅਰਦਾਸ ਕਰਨ ਉਪਰਤ ਭਾਈ ਲੱਖੀ ਸ਼ਾਹ ਨੇ ਗੁਰੂ ਸਾਹਿਬ ਦੇ ਅੰਗੀਠੇ ਨੂੰ ਅਗਨੀ ਦੇਕੇ ਘਰ ਦਾ ਦਰਵਾਜ਼ਾ ਬੰਦ ਕਰ ਦਿੱਤਾ। ਜ਼ਿੰਦਾ ਲਗਾਕੇ ਚਾਬੀ ਅੰਦਰ ਸੁੱਟ ਦਿੱਤੀ ਅਤੇ ਖੁਦ ਬਾਹਰ ਚਲੇ ਗਏ। ਕੁੱਝ ਕੁ ਸਮੇਂ ਬਾਅਦ ਭਾਈ ਲੱਖੀ ਸ਼ਾਹ ਜੀ ਦਾ ਘਰ ਅੱਗ ਨਾਲ ਜਲਣ ਲੱਗ ਪਿਆ। ਲੋਕਾਂ ਨੇ ਅੱਗ ਬੁਝਾਉਣ ਦੀ ਕੋਸਿਸ਼ ਕੀਤੀ। ਕੁੱਝ ਲੋਕ ਨੂੰ ਬੁਲਾਉਣ ਚਲੇ ਗਏ ਲੱਖੀ ਸ਼ਾਹ ਤੇਰੇ ਘਰ ਨੂੰ ਅੱਗ ਲੱਗ ਗਈ ਹੈ। ਜਦੋਂ ਲੱਖੀ ਸ਼ਾਹ ਆਪਣੇ ਘਰ ਆ ਰਹੇ ਸਨ ਤਾਂ ਲੋਕਾਂ ਲਈ ਲੱਖੀ ਸ਼ਾਹ ਦਾ ਘਰ ਜਲ ਰਿਹਾ ਸੀ। ਪਰ ਲੱਖੀ ਸ਼ਾਹ ਸਾਹਮਣੇ ਪਾਤਸ਼ਾਹ ਦਾ ਅੰਗੀਠਾ ਜਲ ਰਿਹਾ ਸੀ।
ਲੋਕ ਪੁੱਛਦੇ ਭਾਈ ਲੱਖੀ ਸ਼ਾਹ ਅੱਗ ਕਿਵੇਂ ਲੱਗ ਗਈ ਤਾਂ ਭਾਈ ਸਾਹਿਬ ਜਵਾਬ ਦਿੱਤੇ ਉਹ ਤਾਂ ਸੱਚੇ ਮਾਲਕ ਨੂੰ ਹੀ ਪਤਾ ਹੈ ਅੱਗ ਕਿਵੇਂ ਲੱਗੀ ਹੈ….
ਸਿੰਘਾਂ ਨੇ ਫਤਿਹ ਕੀਤੀ ਦਿੱਲੀ
ਜਦੋਂ ਮੁਗਲਾਂ ਦਾ ਅੰਤ ਹੋਇਆ ਅਤੇ 1783 ਵਿੱਚ ਸਿੱਖਾਂ ਨੇ ਦਿੱਲੀ ਨੂੰ ਫ਼ਤਿਹ ਕਰ ਲਿਆ। ਇਸ ਤੋਂ ਬਾਅਦ ਦਿੱਲੀ ਵਿੱਚ ਗੁਰੂਧਾਮਾਂ ਦੀ ਸਾਂਭ ਸੰਭਾਲ ਅਤੇ ਮੁੜ ਉਸਾਰੀ ਸ਼ੁਰੂ ਹੋਈ। ਤਾਂ ਰਾਏਸੀਨਾ ਪਿੰਡ ਵਿੱਚ ਸਥਿਤ ਭਾਈ ਲੱਖੀ ਸ਼ਾਹ ਵਣਜਾਰਾ ਜੀ ਦੇ ਘਰ ਵਾਲੀ ਥਾਂ ਤੇ ਗੁਰੂ ਘਰ ਬਣਾਇਆ ਗਿਆ। ਜਿਸ ਨੂੰ ਸੰਗਤਾਂ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਨਾਮ ਨਾਲ ਜਾਣਦੀਆਂ ਹਨ।