ਵਿਰਸਾ ਸਿੰਘ ਵਲਟੋਹਾ ਨੂੰ ਮਹਿਲਾ ਕਮਿਸ਼ਨ ਦਾ ਨੋਟਿਸ, ਰੇਪ ਪੀੜਤਾ ਦੀ ਪਛਾਣ ਉਜਾਗਰ ਕਰਨ ਦਾ ਆਰੋਪ
Women Commission Notice to Virsa Singh Valtoha : ਵਿਰਸਾ ਸਿੰਘ ਵਲਟੋਹਾ ਨੂੰ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਨੋਟਿਸ ਭੇਜਿਆ ਗਿਆ ਹੈ। ਕਮਿਸ਼ਨ ਵੱਲੋਂ ਉਨ੍ਹਾਂ ਤੇ ਕਈ ਗੰਭੀਰ ਆਰੋਪ ਲਗਾਏ ਗਏ ਹਨ। ਇਸ ਮਾਮਲੇ ਤੇ ਪਹਿਲਾਂ ਹੀ ਸਿਆਸਤ ਭਖੀ ਹੋਈ ਹੈ। ਸਾਰੇ ਸਿਆਸੀ ਦਲ ਸ਼੍ਰੋਮਣੀ ਅਕਾਲੀ ਦਲ ਅਤੇ ਐਸਜੀਪੀਸੀ ਤੇ ਤਿੱਖਾ ਹਮਲਾ ਬੋਲ ਰਹੇ ਹਨ।
ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਦੀ ਮੁਸ਼ਕਲਾਂ ਵਧਦੀਆਂ ਨਜਰ ਆ ਰਹੀਆਂ ਹਨ। ਬਹਿਰੀਨ ਦੀ ਮਹਿਲਾ ਨਾਲ ਕਥਿਤ ਰੇਪ ਮਾਮਲੇ ਵਿੱਚ ਉਨ੍ਹਾਂ ਨੂੰ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਨੋਟਿਸ ਭੇਜਿਆ ਗਿਆ ਹੈ। ਨੋਟਿਸ ਵਿੱਚ ਆਰੋਪ ਲਗਾਇਆ ਗਿਆ ਹੈ ਕਿ ਉਨ੍ਹਾਂ ਨੇ ਪੀੜਤਾ ਦੀ ਪਛਾਣ ਉਜਾਗਰ ਕੀਤੀ ਹੈ ਅਤੇ ਨਾਲ ਉਨ੍ਹਾਂ ਵੱਲੋਂ ਇਸ ਗੰਭੀਰ ਮਾਮਲੇ ਤੇ ਕੀਤੀਆਂ ਗਈਆਂ ਇਤਰਾਜ਼ਯੋਗ ਟਿੱਪਣੀਆਂ ਖਿਲਾਫ ਵੀ ਐਕਸ਼ਨ ਲੈਣ ਦੀ ਗੱਲ ਲਿੱਖੀ ਗਈ ਹੈ।
ਮਹਿਲਾ ਕਮਿਸ਼ਨ ਨੇ ਕਿਹਾ ਹੈ ਕਿ ‘ਪੰਜਾਬ ਰਾਜ ਮਹਿਲਾ ਕਮਿਸ਼ਨ ਐਕਟ, 2001’ ਦੀ ਧਾਰਾ 12 ਦੇ ਤਹਿਤ ਸੂਬੇ ਵਿੱਚ ਔਰਤਾਂ ਦੇ ਹੱਕਾਂ, ਮਾਣ-ਸਨਮਾਨ ਅਤੇ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ ਹੈ। ਕਮਿਸ਼ਨ ਵੱਲੋਂ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਮੀਡੀਆ ਵਿੱਚ ਚੱਲ ਰਹੀਆਂ ਖ਼ਬਰਾਂ ਅਤੇ ਵੀਡੀਓਜ਼ ਵਿੱਚਵਲਟੋਹਾ ਵੱਲੋਂ ਪੀੜਤ ਔਰਤ ਖ਼ਿਲਾਫ਼ ਇਤਰਾਜਯੋਗ ਸ਼ਬਦਾਂ ਦਾ ਇਸਤੇਮਾਲ ਕਰਨ ਦੀ ਗੱਲ ਸਾਹਮਣੇ ਆਈ ਹੈ।
ਪੁਲਿਸ ਨੂੰ ਡੁੰਘਾਈ ਨਾਲ ਜਾਂਚ ਕਰਨ ਦੇ ਆਦੇਸ਼
ਮਹਿਲਾ ਕਮਿਸ਼ਨ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਅਤੇ ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਨੂੰ ਇਸ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰਨ ਦੇ ਆਦੇਸ਼ ਦਿੱਤੇ। ਇਸ ਮਾਮਲੇ ਵਿੱਚ ਵਲਟੋਹਾ ਵੱਲੋਂ ਕਿਸ ਤਰ੍ਹਾਂ ਨਾਲ ਕਾਨੂੰਨ ਦੀ ਉਲੰਘਣਾ ਕੀਤੀ ਗਈ ਹੈ, ਇਸ ਦੀ ਪੜਤਾਲ ਕਰਨ ਲਈ ਕਿਹਾ ਗਿਆ ਹੈ। ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਨਾਲ ਕਾਨੂੰਨ ਦੇ ਖਿਲਾਫ ਜਾ ਕੇ ਕੋਈ ਕਦਮ ਚੁੱਕਿਆ ਹੈ ਤਿ ਤੁਰੰਤ ਪੂਰੀ ਡਿਟੇਲ ਬਣਾ ਕੇ 26 ਸਤੰਬਰ ਤੱਕ ਆਯੋਗ ਨੂੰ ਰਿਪੋਰਟ ਸੌਂਪੀ ਜਾਵੇ।
ਵਲਟੋਹਾ ਨੇ ਰੇਪ ਪੀੜਤਾ ਤੇ ਲਗਾਏ ਸਨ ਕਈ ਆਰੋਪ
ਵਲਟੋਹਾ ਨੇ ਦਾਅਵਾ ਕੀਤਾ ਸੀ ਕਿ ਬਹਿਰੀਨ ਵਾਲੀ ਬੀਬੀ ਨੂੰ ਸਤੀ ਸਵਿੱਤਰੀ ਦੱਸਣ ਵਾਲੇ ਉਸ ਦਾ ਅਸਲੀ ਆਚਰਣ ਸਾਹਮਣੇ ਆਉਣ ‘ਤੇ ਜਰੂਰ ਪਛਤਾਉਣਗੇ। ਉਨ੍ਹਾਂ ਦਾਅਵਾ ਕੀਤਾ ਸੀ ਕਿ ਉਕਤ ਮਹਿਲਾ ਜਬਰ-ਜਨਾਹ ਵਰਗੇ ਪਹਿਲਾਂ ਵੀ ਝੂਠੇ ਮੁਕੱਦਮੇ ਦਰਜਾ ਕਰਵਾ ਚੁੱਕੀ ਹੈ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਮਹਿਲਾ ਵੱਲੋਂ ਪਹਿਲਾਂ ਵੀ ਧੂਰੀ ਥਾਣੇ ‘ਚ ਜਬਰ ਦਾ ਮਾਮਲਾ ਦਰਜ ਕਰਵਾਇਆ ਗਿਆ ਸੀ, ਜੋ ਜਾਂਚ ‘ਚ ਝੂਠਾ ਪਾਇਆ ਗਿਆ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਤੇ ਅਦਾਲਤੀ ਕਾਰਵਾਈ ‘ਚ ਮਾਮਲਾ ਝੂਠਾ ਪਾਇਆ ਗਿਆ ਤੇ ਇਸ ਸਬੰਧੀ ਭਾਰਤੀ ਦੰਡਾਵਲੀ ਦੀ ਧਾਰਾ 182 ਤਹਿਤ ਕਾਰਵਾਈ ਵੀ ਚੱਲ ਰਹੀ ਹੈ।
ਵਲਟੋਹਾ ਨੇ ਇਲਜ਼ਾਮ ਲਗਾਇਆ ਸੀ ਕਿ ਬੀਬੀ ਧੋਖਾਧੜੀ ਕਰਨ ਦੀ ਵੀ ਆਦੀ ਹੈ। ਉਸ ਖਿਲਾਫ਼ ਪੰਜ ਲੱਖ ਰੁਪਏ ਦੀ ਧੋਖਾਧੜੀ ਦਾ ਮਾਮਲੇ ਦਰਜ ਹੋਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਮਾਮਲਾ ਨਾਭਾ ਦੀ ਅਦਾਲਤ ਵਿੱਚ ਵਿਚਾਰ ਅਧੀਨ ਹੈ ਤੇ ਮਹਿਲਾ ਨੂੰ ਭਾਰਤ ਆਉਣ ਸਮੇਂ ਏਅਰਪੋਰਟ ‘ਤੇ ਇਸੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਅਨੁਸਾਰ ਮਹਿਲਾ ਕੁਝ ਸਮਾਂ ਜੇਲ੍ਹ ‘ਚ ਵੀ ਰਹੀ।
ਇਹ ਵੀ ਪੜ੍ਹੋ
ਵਲਟੋਹਾ ਨੇ ਚੁੱਕੇ ਸਨ ਕਈ ਸਵਾਲ
ਵਲਟੋਹਾ ਨੇ ਇਹ ਸਵਾਲ ਵੀ ਚੁੱਕਿਆ ਸੀ ਕਿ ਜੇਕਰ ਮਹਿਲਾ ਦੇ ਦਾਅਵੇ ਅਨੁਸਾਰ ਉਸ ਨਾਲ ਲੰਬੇ ਸਮੇਂ ਤੱਕ ਜਬਰ-ਜਨਾਹ ਹੁੰਦਾ ਰਿਹਾ ਤਾਂ ਉਸ ਨੇ ਇਸ ਬਾਰੇ ਪਹਿਲਾਂ ਸ਼ਿਕਾਇਤ ਕਿਉਂ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਮਹਿਲਾ ਵੱਲੋਂ ਵੱਖ-ਵੱਖ ਅਦਾਲਤਾਂ ‘ਚ ਪੇਸ਼ੀਆਂ ਭੁਗਤਣ, ਹੋਰ ਸ਼ਹਿਰਾਂ ‘ਚ ਆਉਣ-ਜਾਣ ਤੇ ਮੋਬਾਈਲ ਫੋਨ ਹੋਣ ਦੇ ਬਾਵਜੂਦ ਚੁੱਪ ਰਹਿਣ ਸਬੰਧੀ ਸਵਾਲ ਉੱਠਦੇ ਹਨ।
ਸੋਸ਼ਲ ਮੀਡੀਆ ਅਤੇ ਪ੍ਰੈੱਸ ਵਿੱਚ ਕੀਤੇ ਜਾ ਰਹੇ ਉਨ੍ਹਾਂ ਦਾਅਵਿਆਂ ਬਾਰੇ ਵੀ ਵਲਟੋਹਾ ਨੇ ਸਪਸ਼ਟੀਕਰਨ ਦਿੱਤਾ ਸੀ ਕਿ ਉਨ੍ਹਾਂ ਅਤੇ ਝਿੰਜਰ ਵੱਲੋਂ ਮਹਿਲਾ ਨੂੰ ਬਹਿਰੀਨ ਤੋਂ ਕਿਸੇ ਸਾਜ਼ਿਸ਼ ਲਈ ਭਾਰਤ ਲਿਆਂਦਾ ਗਿਆ, ਇਹ ਦਾਅਵਾ ਗਲਤ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪਾਸਪੋਰਟ ਹੀ ਦਸ ਸਾਲ ਤੋਂ ਵੱਧ ਸਮੇਂ ਤੋਂ ਵੈਧਤਾ ਮਿਆਦ ਪਾਰ ਕਰ ਚੁੱਕਿਆ ਹੋਇਆ ਹੈ। ਇਸੇ ਦੌਰਾਨ ਵਲਟੋਹਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਅਮਰਜੀਤ ਸਿੰਘ ਚਾਵਲਾ ਸਬੰਧੀ ਸੁਣਾਏ ਗਏ ਹੁਕਮਨਾਮੇ ਅੱਗੇ ਸਿਰ ਝੁਕਾਉਣ ਦੀ ਗੱਲ ਕਹੀ ਸੀ। ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਚਾਵਲਾ ਦੁਨਿਆਵੀ ਅਦਾਲਤ ਤੇ ਅਕਾਲ ਤਖ਼ਤ ਦੀ ਰੂਹਾਨੀ ਅਦਾਲਤ ਤੋਂ ਜਲਦ ਸੁਰਖ਼ਰੂ ਹੋਣਗੇ।


