Vigilance Raid: ਲੁਧਿਆਨਾ ਦੇ ਹਲਕਾ ਗਿੱਲ ਦੇ ਸਾਬਕਾ ਵਿਧਾਇਕ ਦੇ ਘਰ ਵਿਜੀਲੈਂਸ ਰੇਡ
Vigilance on Raid: ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਅਤੇ ਹੋਰਨਾਂ ਮਾਮਲਿਆਂ ਸਬੰਧੀ ਮਿਲੀ ਸ਼ਿਕਾਇਤ ਤੇ ਚੰਡੀਗੜ੍ਹ ਦੀ ਟੀਮ ਵੱਲੋਂ ਰੇਡ ਮਾਰੀ ਗਈ ਹੈ ਕਿਹਾ ਕਿ ਇਸ ਮਾਮਲੇ ਵਿੱਚ ਜਾਇਦਾਦ ਦਾ ਪਤਾ ਲਗਾਉਣ ਲਈ ਜਰੂਰੀ ਕਾਰਵਾਈ ਕੀਤੀ ਜਾਵੇਗੀ।
ਲੁਧਿਆਣਾ ਨਿਊਜ: ਹਲਕਾ ਗਿੱਲ ਤੋਂ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ (Ex MLA Kuldeep Singh Vaid) ਦੇ ਘਰ ਵਿਜੀਲੈਂਸ ਵਿਭਾਗ ਵੱਲੋਂ ਰੇਡ ਕੀਤੀ ਗਈ ਹੈ । ਚੰਡੀਗੜ੍ਹ ਤੋਂ ਪਹੁੰਚੀਆਂ ਟੈਕਨੀਕਲ ਟੀਮਾਂ ਨੇ ਘਰ ਵਿਚ ਸਰਚ ਓਪਰੇਸ਼ਨ ਚਲਾਇਆ। ਕਈ ਘੰਟਿਆਂ ਤੱਕ ਚੱਲੀ ਇਸ ਰੇਡ ਦੇ ਵਿਚ ਕਈ ਅਹਿਮ ਪਹਿਲੂਆਂ ਤੋਂ ਜਾਂਚ ਕੀਤੀ ਗਈ ਅਤੇ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਤਮਾਮ ਪੁਲਿਸ ਦੇ ਅਧਿਕਾਰੀ ਮੌਜੂਦ ਰਹੇ ਜਿਨ੍ਹਾਂ ਵੱਲੋਂ ਘਰ ਅਤੇ ਰੈਸਟੋਰੈਂਟ ਦੀ ਛਾਨਬੀਨ ਕੀਤੀ ਗਈ।
ਆਮਦਨ ਤੋਂ ਜ਼ਿਆਦਾ ਜਾਇਦਾਦ ਬਣਾਉਣ ਦਾ ਹੈ ਮਾਮਲਾ
ਇਸ ਦੀ ਪੁਸ਼ਟੀ ਕਰਦੇ ਹੋਏ ਲੁਧਿਆਣਾ ਤੋ ਐਸਐਸਪੀ ਵਿਜੀਲੈਂਸ ਰਵਿੰਦਰਪਾਲ ਸਿੰਘ ਸਿੱਧੂ (SSP Vigilance Ravinder Singh Sidhu) ਨੇ ਦੱਸਿਆ ਕਿ ਆਮਦਨ ਤੋਂ ਜ਼ਿਆਦਾ ਜਾਇਦਾਦ ਬਣਾਉਣ ਨੂੰ ਲੈ ਕੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਦੀ ਜਾਂਚ ਚੱਲ ਰਹੀ ਸੀ । ਜਿਸ ਨੂੰ ਲੈ ਕੇ ਟੈਕਨੀਕਲ ਟੀਮਾਂ ਚੰਡੀਗੜ੍ਹ ਤੋਂ ਲੁਧਿਆਣਾ ਪਹੁੰਚੀਆਂ। ਸਬੰਧਿਤ ਅਧਿਕਾਰੀਆਂ ਨੇ ਦੱਸਿਆ ਕਿ 9 ਘੰਟਿਆਂ ਤਕ ਚਲੀ ਇਸ ਰੇਡ ਵਿਚ ਵਿਜੀਲੈਂਸ ਵਿਭਾਗ ਨੂੰ ਕਈ ਅਹਿਮ ਦਸਤਾਵੇਜ਼ ਹੱਥ ਲੱਗੇ ਹਨ। ਨਾਲਹੀ ਇੱਕ ਲਾਇਸੰਸੀ ਰਿਵਾਲਵਰ ਅਤੇ ਚੰਡੀਗੜ੍ਹ ਮਾਰਕਾ ਸ਼ਰਾਬ ਤੋਂ ਇਲਾਵਾ ਵਿਦੇਸ਼ੀ ਸ਼ਰਾਬ ਬਰਾਮਦ ਕੀਤੀ ਗਈ ਹੈ ਜਿਸਨੂੰ ਲੈ ਕੇ ਸਬੰਧਤ ਐਕਸਾਈਜ਼ ਵਿਭਾਗ ਨੂੰ ਜਾਣੂ ਕਰਵਾਇਆ ਗਿਆ ਹੈ।
ਐਕਸਾਈਜ਼ ਐਕਟ ਦੇ ਤਹਿਤ ਦਰਜ ਹੋਵੇਗਾ ਮਾਮਲਾ
ਉਨ੍ਹਾਂ ਇਹ ਵੀ ਦੱਸਿਆ ਕਿ ਸਾਬਕਾ ਵਿਧਾਇਕ ਕੁਲਦੀਪ ਵੈਦ ਸਮੇਤ ਉਨ੍ਹਾਂ ਦੇ ਪੁੱਤਰ ਕੋਲ ਲਾਇਸੰਸ ਹੈ ਪਰ ਉਹ ਕੇਵਲ 15 ਬੋਤਲਾ ਹੀ ਰੱਖ ਸਕਦੇ ਨੇ ਪਰ ਚੰਡੀਗੜ੍ਹ ਮਾਰਕਾ ਸ਼ਰਾਬ ਉਹ ਆਪਣੇ ਘਰ ਵਿਚ ਨਹੀਂ ਰੱਖ ਸਕਦੇ ਜਿਸ ਕਰਕੇ ਉਨ੍ਹਾਂ ਉਪਰ ਐਕਸਾਈਜ਼ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਸਾਬਕਾ ਵਿਧਾਇਕ ਕੁਲਦੀਪ ਵੈਦ ਵੀ ਸਾਹਮਣੇ ਪੇਸ਼ ਨਹੀਂ ਹੋਏ ਅਤੇ ਜਦੋਂ ਉਹ ਵਿਜੀਲੈਂਸ ਦੇ ਸਾਹਮਣੇ ਪੇਸ਼ ਹੋਣਗੇ ਤਾਂ ਉਹਨਾਂ ਕੋਲੋਂ ਬਿਆਨ ਲਏ ਜਾਣਗੇ।
ਸਾਬਕਾ ਵਿਧਾਇਕ ਦੇ ਪਰਿਵਾਰ ਨੇ ਸਹਿਯੋਗ ਦੇਣ ਦੀ ਕਹੀ ਗੱਲ
ਉਧਰ ਸਾਬਕਾ ਵਿਧਾਇਕ ਦੇ ਪੁੱਤਰ ਹਰਕਰਨ ਸਿੰਘ ਵੈਦ ਨੇ ਕਿਹਾ ਕਿ ਬੇਸ਼ੱਕ ਵਿਜੀਲੈਂਸ ਦੀ ਟੀਮ ਵੱਲੋਂ ਉਨ੍ਹਾਂ ਦੇ ਘਰ ਦੇ ਵਿਚ ਸਰਚ ਕੀਤੀ ਜਾ ਰਹੀ ਹੈ, ਪਰ ਉਨ੍ਹਾਂ ਦਾ ਪਰਿਵਾਰ ਵਿਜੀਲੈਂਸ ਵਿਭਾਗ ਦਾ ਹਰ ਪੱਖੋਂ ਸਹਿਯੋਗ ਕਰੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਅਜਿਹਾ ਕੋਈ ਵੀ ਕੰਮ ਗਲਤ ਨਹੀਂ ਕੀਤਾ ਗਿਆ ਜਿਸ ਕਾਰਨ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਡਰ ਹੋਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਵੀ ਇਸ ਜਾਂਚ ਵਿੱਚ ਸ਼ਾਮਲ ਹੋਣਗੇ । ਫਿਲਹਾਲ ਉਹ ਪਾਰਟੀ ਦੇ ਕੰਮ ਦੇ ਸਿਲਸਿਲੇ ਵਿਚ ਚੰਡੀਗੜ੍ਹ ਗਏ ਹੋਏ ਹਨ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ