ਕਾਂਗਰਸ ਭਵਨ ‘ਚ ਦਲਿਤ ਆਗੂ ‘ਤੇ ਹਮਲਾ, ਸਾਬਕਾ CM ਚੰਨੀ ਦੇ ਕਰੀਬੀ ‘ਤੇ FIR ਦਰਜ; AAP ਆਗੂ ਗੜ੍ਹੀ ਨੇ ਖੋਲ੍ਹਿਆ ਮੋਰਚਾ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਰੀਬੀ ਮੰਨੇ ਜਾਂਦੇ ਵਰਿੰਦਰ ਸਿੰਘ ਢਿੱਲੋਂ 'ਤੇ ਚੰਡੀਗੜ੍ਹ ਸਥਿਤ ਕਾਂਗਰਸ ਭਵਨ ਦੇ ਅੰਦਰ ਦਲਿਤ ਆਗੂ ਰਣਜੀਤ ਸਿੰਘ ਤਰਖਾਣ ਮਾਜਰਾ ਨਾਲ ਕੁੱਟਮਾਰ ਕਰਨ, ਜਾਤੀਸੂਚਕ ਸ਼ਬਦ ਵਰਤਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਗੰਭੀਰ ਦੋਸ਼ ਲੱਗੇ ਹਨ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਰੀਬੀ ਮੰਨੇ ਜਾਂਦੇ ਵਰਿੰਦਰ ਸਿੰਘ ਢਿੱਲੋਂ ‘ਤੇ ਚੰਡੀਗੜ੍ਹ ਸਥਿਤ ਕਾਂਗਰਸ ਭਵਨ ਦੇ ਅੰਦਰ ਦਲਿਤ ਆਗੂ ਰਣਜੀਤ ਸਿੰਘ ਤਰਖਾਣ ਮਾਜਰਾ ਨਾਲ ਕੁੱਟਮਾਰ ਕਰਨ, ਜਾਤੀਸੂਚਕ ਸ਼ਬਦ ਵਰਤਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਗੰਭੀਰ ਇਲਜ਼ਾਮ ਲੱਗੇ ਹਨ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਇੰਚਾਰਜ ਜਸਵੀਰ ਸਿੰਘ ਗੜ੍ਹੀ ਨੇ ਬੁੱਧਵਾਰ ਨੂੰ ਇੱਕ ਵਿਸ਼ੇਸ਼ ਪ੍ਰੈੱਸ ਕਾਨਫ਼ਰੰਸ ਕਰਕੇ ਇਹ ਮਾਮਲਾ ਜਨਤਕ ਤੌਰ ‘ਤੇ ਉਠਾਇਆ। ਉਨ੍ਹਾਂ ਦਾਅਵਾ ਕੀਤਾ ਕਿ ਇਹ ਘਟਨਾ 27 ਅਕਤੂਬਰ ਨੂੰ ਦੁਪਹਿਰ ਸਮੇਂ ਸੈਕਟਰ-15 ਸਥਿਤ ਪੰਜਾਬ ਕਾਂਗਰਸ ਭਵਨ ਦੇ ਅੰਦਰ ਵਾਪਰੀ ਸੀ ਅਤੇ ਇਸ ਸਬੰਧੀ ਥਾਣਾ ਸੈਕਟਰ-11 ਵਿੱਚ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਪ੍ਰੈੱਸ ਕਾਨਫ਼ਰੰਸ ‘ਚ ਪੁਲਿਸ ਸ਼ਿਕਾਇਤ ਦੀ ਕਾਪੀ ਕੀਤੀ ਪੇਸ਼
ਮੀਡੀਆ ਸਾਹਮਣੇ ਪੁਲਿਸ ਸ਼ਿਕਾਇਤ ਨਾਲ ਸਬੰਧਤ ਦਸਤਾਵੇਜ਼ ਪੇਸ਼ ਕਰਦਿਆਂ ਜਸਵੀਰ ਸਿੰਘ ਗੜ੍ਹੀ ਨੇ ਦੋਸ਼ ਲਾਇਆ ਕਿ ਰਣਜੀਤ ਸਿੰਘ ਤਰਖਾਣ ਮਾਜਰਾ ਨਾਲ ਕਾਂਗਰਸ ਪਾਰਟੀ ਦੇ ਮੁੱਖ ਦਫ਼ਤਰ ਅੰਦਰ ਹੀ ਧੱਕੇਸ਼ਾਹੀ ਤੇ ਕੁੱਟਮਾਰ ਕੀਤੀ ਗਈ। ਉਨ੍ਹਾਂ ਘਟਨਾ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਰਣਜੀਤ ਸਿੰਘ ਜਦੋਂ ਵਾਸ਼ਰੂਮ ਗਏ ਸਨ, ਤਾਂ ਉੱਥੋਂ ਬਾਹਰ ਆਉਂਦੇ ਸਾਰ ਵਰਿੰਦਰ ਸਿੰਘ ਢਿੱਲੋਂ ਅਤੇ ਉਨ੍ਹਾਂ ਦੇ ਸਾਥੀਆਂ ਨੇ ਕਥਿਤ ਤੌਰ ‘ਤੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਗੜ੍ਹੀ ਮੁਤਾਬਕ ਇਸ ਹਮਲੇ ਦੌਰਾਨ ਰਣਜੀਤ ਸਿੰਘ ਲਈ ਅਪਮਾਨਜਨਕ ਜਾਤੀਸੂਚਕ ਸ਼ਬਦਾਂ ਦੀ ਵਰਤੋਂ ਕੀਤੀ ਗਈ ਅਤੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ।
ਕਾਂਗਰਸ ਭਵਨ ‘ਚ ਮੌਜੂਦ ਰਹੇ ਹੋਰ ਆਗੂ, ਕਿਸੇ ਨੇ ਨਹੀਂ ਕੀਤਾ ਬਚਾਅ
ਜਸਵੀਰ ਸਿੰਘ ਗੜ੍ਹੀ ਨੇ ਦੋਸ਼ ਲਾਇਆ ਕਿ ਜਿਸ ਸਮੇਂ ਇਹ ਸ਼ਰਮਨਾਕ ਘਟਨਾ ਵਾਪਰੀ, ਉਸ ਵੇਲੇ ਕਾਂਗਰਸ ਭਵਨ ਅੰਦਰ ਪਾਰਟੀ ਦੇ ਹੋਰ ਸੀਨੀਅਰ ਆਗੂ ਅਤੇ ਕਾਰਕੁਨ ਵੀ ਮੌਜੂਦ ਸਨ, ਪਰ ਹੈਰਾਨੀ ਦੀ ਗੱਲ ਇਹ ਰਹੀ ਕਿ ਕਿਸੇ ਨੇ ਵੀ ਅੱਗੇ ਆ ਕੇ ਰਣਜੀਤ ਸਿੰਘ ਨੂੰ ਬਚਾਉਣ ਜਾਂ ਵਿਚੋਲਗੀ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਉਨ੍ਹਾਂ ਇਸ ਘਟਨਾ ਨੂੰ ਲੈ ਕੇ ਕਾਂਗਰਸ ਪਾਰਟੀ ਦੀ ਦਲਿਤ ਸਮਾਜ ਪ੍ਰਤੀ ਅਸਲ ਸੋਚ ‘ਤੇ ਤਿੱਖੇ ਸਵਾਲ ਖੜ੍ਹੇ ਕੀਤੇ।
ਗੜ੍ਹੀ ਨੇ ਆਖਿਆ ਕਿ ਕਾਂਗਰਸੀ ਆਗੂ ਜਨਤਕ ਮੰਚਾਂ ‘ਤੇ ਦਲਿਤਾਂ ਦੇ ਹੱਕਾਂ ਅਤੇ ਭਲਾਈ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕਰਦੇ ਹਨ, ਪਰ ਪਾਰਟੀ ਦੇ ਆਪਣੇ ਮੁੱਖ ਦਫ਼ਤਰ ਅੰਦਰ ਹੀ ਇੱਕ ਦਲਿਤ ਆਗੂ ‘ਤੇ ਹਮਲਾ ਹੋਣ ਦੇ ਦੋਸ਼ ਸਾਹਮਣੇ ਆ ਰਹੇ ਹਨ। ਉਨ੍ਹਾਂ ਸਵਾਲ ਉਠਾਇਆ ਕਿ ਜੇਕਰ ਕਾਂਗਰਸ ਆਪਣੇ ਪਾਰਟੀ ਦਫ਼ਤਰ ਦੇ ਦਾਇਰੇ ਵਿੱਚ ਵੀ ਦਲਿਤ ਵਰਗ ਨਾਲ ਸਬੰਧਤ ਵਿਅਕਤੀ ਨੂੰ ਸੁਰੱਖਿਆ, ਸਨਮਾਨ ਅਤੇ ਇਨਸਾਫ਼ ਨਹੀਂ ਦੇ ਸਕਦੀ, ਤਾਂ ਉਸ ਵੱਲੋਂ ਪੂਰੇ ਪੰਜਾਬ ਵਿੱਚ ਦਲਿਤਾਂ ਦੀ ਹਿਤੈਸ਼ੀ ਹੋਣ ਦਾ ਦਾਅਵਾ ਕਰਨਾ ਮਹਿਜ਼ ਇੱਕ ਸਿਆਸੀ ਡਰਾਮਾ ਹੈ।
ਸਾਬਕਾ ਮੁੱਖ ਮੰਤਰੀ ਚੰਨੀ ਨਾਲ ਨਜ਼ਦੀਕੀਆਂ ਦਾ ਹਵਾਲਾ
ਪ੍ਰੈੱਸ ਕਾਨਫ਼ਰੰਸ ਦੌਰਾਨ ਜਸਵੀਰ ਸਿੰਘ ਗੜ੍ਹੀ ਨੇ ਵਰਿੰਦਰ ਸਿੰਘ ਢਿੱਲੋਂ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਨਜ਼ਦੀਕੀ ਸਬੰਧਾਂ ਦਾ ਵੀ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਵਰਿੰਦਰ ਢਿੱਲੋਂ ਸਾਬਕਾ ਮੁੱਖ ਮੰਤਰੀ ਦੇ ਬੇਹੱਦ ਨਜ਼ਦੀਕੀ ਮੰਨੇ ਜਾਂਦੇ ਹਨ ਅਤੇ ਅਕਸਰ ਵੱਖ-ਵੱਖ ਮੌਕਿਆਂ ‘ਤੇ ਉਨ੍ਹਾਂ ਦੇ ਨਾਲ ਹੀ ਨਜ਼ਰ ਆਉਂਦੇ ਰਹੇ ਹਨ।
ਇਹ ਵੀ ਪੜ੍ਹੋ
ਗੜ੍ਹੀ ਨੇ ਕਿਹਾ ਕਿ ਵਰਿੰਦਰ ਢਿੱਲੋਂ ਪਹਿਲਾਂ ਵੀ ਚੰਨੀ ਦੇ ਹੱਕ ਵਿੱਚ ਖੁੱਲ੍ਹ ਕੇ ਬਿਆਨਬਾਜ਼ੀ ਕਰਦੇ ਰਹੇ ਹਨ ਅਤੇ ਉਨ੍ਹਾਂ ਦੀ ਹਮਾਇਤ ਵਿੱਚ ਡਟਦੇ ਰਹੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਜਿਹੀ ਸਥਿਤੀ ਵਿੱਚ ਇਸ ਪੂਰੇ ਮਾਮਲੇ ਨੂੰ ਬੇਹੱਦ ਗੰਭੀਰਤਾ ਨਾਲ ਲਿਆ ਜਾਣਾ ਲਾਜ਼ਮੀ ਹੈ। ਹਾਲਾਂਕਿ, ਇਸ ਸਬੰਧੀ ਵਰਿੰਦਰ ਸਿੰਘ ਢਿੱਲੋਂ ਵੱਲੋਂ ਆਪਣੇ ਉੱਪਰ ਲੱਗੇ ਦੋਸ਼ਾਂ ਬਾਰੇ ਅਜੇ ਤੱਕ ਕੋਈ ਅਧਿਕਾਰਤ ਪੱਖ ਜਾਂ ਸਪੱਸ਼ਟੀਕਰਨ ਸਾਹਮਣੇ ਨਹੀਂ ਆਇਆ ਹੈ।
ਕਾਂਗਰਸ ਹਾਈਕਮਾਂਡ ਦੀ ਚੁੱਪ ‘ਤੇ ਸਵਾਲ
ਜਸਵੀਰ ਸਿੰਘ ਗੜ੍ਹੀ ਨੇ ਪੁਲਿਸ ਸਟੇਸ਼ਨ ਸੈਕਟਰ-11 ਵਿੱਚ ਮਾਮਲਾ ਦਰਜ ਹੋਣ ਦਾ ਦਾਅਵਾ ਕਰਦਿਆਂ ਸਬੰਧਤ ਦਸਤਾਵੇਜ਼ ਮੀਡੀਆ ਨਾਲ ਸਾਂਝੇ ਕੀਤੇ ਅਤੇ ਕਿਹਾ ਕਿ 27 ਅਕਤੂਬਰ ਨੂੰ ਕਾਂਗਰਸ ਭਵਨ ਵਿੱਚ ਵਾਪਰੀ ਕਥਿਤ ਕੁੱਟਮਾਰ ਦੇ ਮਾਮਲੇ ‘ਤੇ ਨਿਰਪੱਖ ਪੁਲਿਸ ਜਾਂਚ ਹੋਣੀ ਬੇਹੱਦ ਜ਼ਰੂਰੀ ਹੈ।
ਇਸ ਦੇ ਨਾਲ ਹੀ ਗੜ੍ਹੀ ਨੇ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੀ ਚੁੱਪੀ ‘ਤੇ ਵੀ ਇਤਰਾਜ਼ ਪ੍ਰਗਟਾਇਆ। ਉਨ੍ਹਾਂ ਸਵਾਲ ਕੀਤਾ ਕਿ ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਕਾਂਗਰਸ ਦੇ ਕਿਸੇ ਵੀ ਵੱਡੇ ਆਗੂ ਨੇ ਜਨਤਕ ਤੌਰ ‘ਤੇ ਆ ਕੇ ਇਹ ਕਿਉਂ ਨਹੀਂ ਕਿਹਾ ਕਿ ਇੱਕ ਦਲਿਤ ਆਗੂ ਨਾਲ ਅਜਿਹਾ ਮਾੜਾ ਵਤੀਰਾ ਗ਼ਲਤ ਹੈ। ਉਨ੍ਹਾਂ ਮੰਗ ਕੀਤੀ ਕਿ ਕਾਂਗਰਸ ਪਾਰਟੀ ਇਸ ਸੰਵੇਦਨਸ਼ੀਲ ਮੁੱਦੇ ‘ਤੇ ਆਪਣਾ ਸਟੈਂਡ ਤੁਰੰਤ ਸਪੱਸ਼ਟ ਕਰੇ।


