ਨਸ਼ਾ ਬਣਿਆ ਨਾਸੂਰ, ਪਤਨੀ ਦੀ ਨਸ਼ਾ ਦੀ ਲਤ ਨੂੰ ਛੁਡਵਾਉਣ ਦੇ ਚੱਕਰ ‘ਚ ਪਤੀ ਵੀ ਬਣਿਆ ਨਸ਼ੇੜੀ
ਨਸ਼ਾ ਪੰਜਾਬ ਨੂੰ ਖੋਖਲਾ ਕਰ ਰਿਹਾ ਹੈ ਆਏ ਦਿਨ ਨੌਜਾਵਨ ਇਸਦਾ ਸ਼ਿਕਾਰ ਹੋ ਰਹੇ ਨੇ ਜਿਸ ਕਾਰਨ ਪੰਜਾਬ ਦੀ ਜਵਾਨੀ ਬਰਬਾਦ ਹੋ ਰਹੀ ਹੈ। ਕੁੱਝ ਏਸੇ ਤਰ੍ਹਾਂ ਦੀ ਕਹਾਣੀ ਗੁਰਦਾਸਪੁਰ ਦੇ ਇੱਕ ਐੱਮਟੈੱਕ ਦੇ ਜਵਾਨ ਦੀ ਹੈ, ਜਿਸਨੇ ਆਪਣੀ ਪਤਨੀ ਦੀ ਨਸ਼ੇ ਦੀ ਲਤ ਛੁਡਵਾਉਣੀ ਚਾਹੀ ਪਰ ਉਹ ਖੁਦ ਹੀ ਨਸ਼ੇ ਦਾ ਸ਼ਿਕਾਰ ਹੋ ਗਿਆ, ਜਿਹੜਾ ਹੁਣ ਨਸ਼ਾ ਛੁਡਾਓ ਕੇਂਦਰ ਵਿੱਚ ਆਪਣਾ ਇਲਾਜ ਕਰਵਾ ਰਿਹਾ ਹੈ। ਆਓ ਜਾਣਦੇ ਹਾ ਇਹ ਪੂਰੀ ਕਹਾਣੀ

ਗੁਰਦਾਸਪੁਰ। ਪੰਜਾਬ ਦੇ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਫਸਦੇ ਜਾ ਰਹੇ ਨੇ। ਹਾਲਾਤ ਇਹ ਹਨ ਕਿ ਪੜ੍ਹੇ-ਲਿਖੇ ਨੌਜਵਾਨ,ਜਿਨ੍ਹਾਂ ਤੋਂ ਸਮਾਜ ਨੂੰ ਸੁਧਾਰਨ ਲਈ ਕੰਮ ਕਰਨ ਦੀ ਆਸ ਕੀਤੀ ਜਾਂਦੀ ਹੈ ਉਹ ਵੀ ਨਸ਼ਿਆਂ ਦੀ ਦਲਦਲ ਵਿੱਚ ਫਸਦੇ ਜਾ ਰਹੇ ਹਨ। ਅਜਿਹੀ ਹੀ ਕਹਾਣੀ ਹਰਿਆਣਾ (Haryana) ਦੇ ਇੱਕ ਆਈਟੀ ਸਕਿਓਰਿਟੀ ਇੰਜਨੀਅਰ (ਐੱਮਟੈਕ) ਨੌਜਵਾਨ ਦੀ ਹੈ ਜਿਸ ਦੀ ਚੰਗੀ ਨੌਕਰੀ ਸੀ, ਜੋ ਇਲਾਜ ਲਈ ਜ਼ਿਲ੍ਹਾ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਆਇਆ ਸੀ।
ਜਿੱਥੇ ਉਹ ਨਸ਼ੇ ਦੀ ਲਤ ਕਾਰਨ ਆਪਣੀ ਸਾਰੀ ਬਚਤ ਗੁਆ ਬੈਠਾ। ਉਥੇ ਹੀ ਇਸ ਨਸ਼ੇ ਕਾਰਨ ਉਸ ਦੀ ਪਤਨੀ ਅਤੇ ਮਾਂ ਦੀ ਵੀ ਮੌਤ ਹੋ ਗਈ। ਉਹ ਦੱਸਦਾ ਹੈ ਕਿ ਉਹ ਹਰ ਤਰ੍ਹਾਂ ਦੇ ਨਸ਼ੇ ਤੋਂ ਦੂਰ ਰਹਿੰਦਾ ਸੀ ਪਰ ਆਪਣੀ ਪਤਨੀ ਨੂੰ ਨਸ਼ੇ ਤੋਂ ਮੁਕਤ ਕਰਵਾਉਣ ਲਈ ਉਹ ਖੁਦ ਇਸ ਦਾ ਸ਼ਿਕਾਰ ਹੋ ਗਿਆ।
ਵਿਆਹ ਤੋਂ ਬਾਅਦ ਪਤਨੀ ਦਾ ਸਾਹਮਣੇ ਆਇਆ ਸੱਚ
ਉਹ ਦੱਸਦਾ ਹੈ ਕਿ ਐੱਮਟੈੱਕ ਕਰਨ ਤੋਂ ਬਾਅਦ ਉਸਨੇ ਸਾਲ 2001 ਵਿੱਚ ਇੱਕ ਚੰਗੀ ਕੰਪਨੀ ਵਿੱਚ ਆਈਟੀ ਸਕਿਓਰਿਟੀ ਇੰਜੀਨੀਅਰ (Engineer) ਵਜੋਂ ਕੰਮ ਕਰਨਾ ਸ਼ੁਰੂ ਕੀਤਾ। ਉਸ ਸਮੇਂ ਉਨ੍ਹਾਂ ਦੀ ਤਨਖਾਹ 60 ਹਜ਼ਾਰ ਰੁਪਏ ਪ੍ਰਤੀ ਮਹੀਨਾ ਸੀ। ਸਾਲ 2002 ਵਿੱਚ ਉਸ ਦਾ ਵਿਆਹ ਹਰਿਆਣਾ ਦੀ ਇੱਕ ਕੁੜੀ ਨਾਲ ਹੋਇਆ। ਵਿਆਹ ਤੋਂ ਬਾਅਦ ਕੁਝ ਸਮਾਂ ਤਾਂ ਸਭ ਕੁਝ ਠੀਕ ਰਿਹਾ ਪਰ ਬਾਅਦ ਵਿਚ ਉਸ ਨੂੰ ਪਤਾ ਲੱਗਾ ਕਿ ਉਸ ਦੀ ਪਤਨੀ ਹੈਰੋਇਨ ਦੀ ਆਦੀ ਸੀ। ਪਤਨੀ ਨੂੰ ਇਹ ਲਤ ਆਪਣੀ ਸਟਾਫ ਨਰਸ ਮਾਂ ਤੋਂ ਮਿਲੀ। ਜਦੋਂ ਉਸਨੇ ਆਪਣੀ ਪਤਨੀ ਨੂੰ ਨਸ਼ਾ ਛੱਡਣ ਲਈ ਕਿਹਾ ਤਾਂ ਉਸਨੇ ਉਸਦੇ ਅੱਗੇ ਇੱਕ ਸ਼ਰਤ ਰੱਖੀ। ਉਸ ਨੇ ਕਿਹਾ ਕਿ ਜੇ ਉਹ ਕੁਝ ਦਿਨ ਉਸ ਨਾਲ ਨਸ਼ਾ ਕਰਦਾ ਹੈ ਤਾਂ ਉਹ ਇਸ ਨੂੰ ਪੂਰੀ ਤਰ੍ਹਾਂ ਛੱਡ ਦੇਵੇਗੀ।
ਨਸ਼ੇ ਦਾ ਕਾਰਨ ਚਲੀ ਗਈ ਨੌਕਰੀ
ਪਤਨੀ ਦੀ ਨਸ਼ੇ ਦੀ ਲਤ ਨੂੰ ਛੁਡਵਾਉਣ ਲਈ ਉਸ ਨੇ ਵੀ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ। ਫਿਰ ਉਸਦਾ ਨਸ਼ਾ ਇੰਨਾ ਵੱਧ ਗਿਆ ਕਿ ਉਹ ਵੀ ਪੂਰੀ ਤਰ੍ਹਾਂ ਇਸ ਦਾ ਆਦੀ ਹੋ ਗਿਆ। ਉਸ ਦੀ ਮਾਂ ਨੂੰ ਮਾਈਗ੍ਰੇਨ ਦੀ ਸਮੱਸਿਆ ਸੀ। ਇਸ ਦੌਰਾਨ ਉਸ ਦੀ ਸੱਸ ਨੇ ਉਸ ਦੀ ਮਾਂ ਨੂੰ ਵੀ ਹੈਰੋਇਨ ਦਾ ਆਦੀ ਬਣਾ ਦਿੱਤਾ। ਉਹ ਕਰੀਬ ਛੇ ਸਾਲ ਤੱਕ ਹੈਰੋਇਨ ਦੀ ਵਰਤੋਂ ਕਰਦਾ ਰਿਹਾ। ਇਸ ਸਮੇਂ ਦੌਰਾਨ ਉਸ ਨੇ ਆਪਣੀ ਸਾਰੀ ਬਚਤ ਗੁਆ ਦਿੱਤੀ। ਇਸ ਨਸ਼ੇ ਕਾਰਨ ਉਸ ਦੀ ਨੌਕਰੀ ਵੀ ਚਲੀ ਗਈ। ਇਸ ਦੌਰਾਨ ਨਸ਼ੇ ਕਾਰਨ ਉਸ ਦੀ ਪਤਨੀ ਅਤੇ ਮਾਂ ਦੀ ਮੌਤ ਹੋ ਗਈ ਅਤੇ ਉਸ ਨੂੰ ਥੋੜ੍ਹਾ ਜਿਹਾ ਹੋਸ਼ ਆਇਆ।
40 ਦਿਨਾਂ ਦੇ ਇਲਾਜ ਤੋਂ ਬਾਅਦ ਛੱਡਿਆ ਨਸ਼ਾ
ਉਸ ਨੇ ਦੱਸਿਆ ਕਿ ਸਾਲ 2008 ਵਿੱਚ ਉਹ ਨਸ਼ਾ ਛੱਡਣ ਲਈ ਗੁਰਦਾਸਪੁਰ ਦੇ ਜ਼ਿਲ੍ਹਾ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਵਿੱਚ ਦਾਖ਼ਲ ਹੋਇਆ ਸੀ। ਇੱਥੇ 40 ਦਿਨਾਂ ਦੇ ਇਲਾਜ ਤੋਂ ਬਾਅਦ ਉਸਨੇ ਨਸ਼ਾ ਛੱਡ ਦਿੱਤਾ ਅਤੇ ਆਮ ਜੀਵਨ ਵਿੱਚ ਵਾਪਸ ਆ ਗਿਆ। ਉਸ ਨੇ ਗੁਰਦਾਸਪੁਰ (Gurdaspur) ਵਿੱਚ ਹੀ ਕੰਪਿਊਟਰ ਹਾਰਡਵੇਅਰ ਦਾ ਕੰਮ ਸ਼ੁਰੂ ਕੀਤਾ। ਸਾਲ 2012 ‘ਚ ਉਨ੍ਹਾਂ ਨੇ ਦੂਜਾ ਵਿਆਹ ਕੀਤਾ ਸੀ। ਕਾਫੀ ਸਮੇਂ ਤੱਕ ਸਭ ਕੁਝ ਠੀਕ ਚੱਲਦਾ ਰਿਹਾ ਪਰ ਸਾਲ 2017 ‘ਚ ਉਸ ਨੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ
ਮਨ ਮਜ਼ਬੂਤ ਹੋਵੇ ਤਾਂ ਛੱਡਿਆ ਜਾ ਸਕਦਾ ਨਸ਼ਾ
ਉਸ ਦੀ ਸ਼ਰਾਬ ਦੀ ਲਤ ਇਸ ਹੱਦ ਤੱਕ ਵੱਧ ਗਈ ਕਿ ਦਿਨ ਚੜ੍ਹਦੇ ਹੀ ਉਸ ਨੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਜੋ ਰਾਤ ਤੱਕ ਜਾਰੀ ਰਹੀ। ਉਹ ਰੋਜ਼ਾਨਾ ਦੋ ਬੋਤਲਾਂ ਸ਼ਰਾਬ ਪੀਂਦਾ ਸੀ। ਸ਼ਰਾਬ ਦੇ ਨਸ਼ੇ ਕਾਰਨ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਹੁਣ ਉਹ ਫਿਰ ਤੋਂ ਸ਼ਰਾਬ ਦੀ ਲਤ ਛੱਡਣ ਲਈ ਕੇਂਦਰ ਵਿੱਚ ਦਾਖ਼ਲ ਹੋ ਗਿਆ ਹੈ। ਕੇਂਦਰ ਦੇ ਪ੍ਰਾਜੈਕਟ ਡਾਇਰੈਕਟਰ ਰੋਮੇਸ਼ ਮਹਾਜਨ ਨੇ ਦੱਸਿਆ ਕਿ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਮਨ ਮਜ਼ਬੂਤ ਹੋਵੇ ਤਾਂ ਕੋਈ ਵੀ ਨਸ਼ਾ ਛੱਡਿਆ ਜਾ ਸਕਦਾ ਹੈ।