ਤਰਨਤਾਰਨ ‘ਚ ASI ਦੀ ਗੋਲੀ ਮਾਰ ਕੇ ਹੱਤਿਆ, ਅਣਪਛਾਤੇ ਬਾਈਕ ਸਵਾਰਾਂ ਨੇ ਕੀਤਾ ਹਮਲਾ
ਤਰਨਤਾਰਨ 'ਚ ਐਤਵਾਰ ਦੇਰ ਸ਼ਾਮ ਅਣਪਛਾਤੇ ਹਮਲਾਵਰਾਂ ਨੇ ASI ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਘਟਨਾ ਨਾਲ ਇਲਾਕੇ ਵਿੱਚ ਹੜਕੰਪ ਮਚ ਗਿਆ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਤਰਨਤਾਰਨ ‘ਚ ASI ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਸ ਘਟਨਾ ਨਾਲ ਇਲਾਕੇ ਵਿੱਚ ਹੜਕੰਪ ਮਚ ਗਿਆ ਹੈ। ਦੱਸ ਦਈਏ ਕਿ ਕਾਊਂਟਰ ਇੰਟੈਲੀਜੈਂਸ ਵਿੱਚ ਤਾਇਨਾਤ 55 ਸਾਲਾ ਏਐਸਆਈ ਦੀ ਐਤਵਾਰ ਦੇਰ ਸ਼ਾਮ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਏਐਸਆਈ, ਇਕਬਾਲ ਸਿੰਘ, ਤਰਨਤਾਰਨ ਦਾ ਰਹਿਣ ਵਾਲਾ ਸੀ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਉਹ ਆਪਣੀ ਡਿਊਟੀ ਪੂਰੀ ਕਰਨ ਤੋਂ ਬਾਅਦ ਆਪਣੇ ਮੋਟਰਸਾਈਕਲ ‘ਤੇ ਘਰ ਪਰਤ ਰਿਹਾ ਸੀ।
ਨੌਸ਼ਹਿਰਾ-ਲੋਹਕਾ ਸੜਕ ‘ਤੇ ਹਮਲਾ
ਮਿਲੀ ਜਾਣਕਾਰੀ ਮੁਤਾਬਕ, ਏਐਸਆਈ ਇਕਬਾਲ ਸਿੰਘ ਫਿਰੋਜ਼ਪੁਰ ਵਿੱਚ ਆਪਣੀ ਡਿਊਟੀ ਪੂਰੀ ਕਰਨ ਤੋਂ ਬਾਅਦ ਸ਼ਾਮ 7:30 ਵਜੇ ਦੇ ਕਰੀਬ ਆਪਣੇ ਮੋਟਰਸਾਈਕਲ ‘ਤੇ ਘਰ ਵਾਪਸ ਆ ਰਹੇ ਸੀ। ਜਦੋਂ ਉਹ ਨੌਸ਼ਹਿਰਾ ਤੋਂ ਲੋਹਕਾ ਰੋਡ ‘ਤੇ ਪਟਵਾਰ ਦਫ਼ਤਰ ਨੇੜੇ ਪਹੁੰਚਿਆ ਤਾਂ ਮੋਟਰਸਾਈਕਲ ‘ਤੇ ਸਵਾਰ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਅਤੇ ਗੋਲੀਆਂ ਚਲਾ ਦਿੱਤੀਆਂ। ਏਐਸਆਈ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਅਪਰਾਧ ਨੂੰ ਅੰਜਾਮ ਦੇਣ ਤੋਂ ਬਾਅਦ, ਮੁਲਜ਼ਮ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਮੌਕੇ ਤੋਂ ਭੱਜ ਗਏ।
ਪੁਲਿਸ ਨੇ ਸ਼ੁਰੂ ਕੀਤੀ ਮਾਮਲੇ ਦੀ ਜਾਂਚ
ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਵਿਭਾਗ ਵਿੱਚ ਹੜਕੰਪ ਮਚ ਗਿਆ ਅਤੇ ਸੀਨੀਅਰ ਅਧਿਕਾਰੀ ਪੁਲਿਸ ਫੋਰਸ ਨਾਲ ਮੌਕੇ ‘ਤੇ ਪਹੁੰਚੇ। ਡੀਐਸਪੀ ਪੱਟੀ ਰਵੀ ਸ਼ੇਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਘਟਨਾ ਸਥਾਨ ਨੂੰ ਸੀਲ ਕਰ ਦਿੱਤਾ ਹੈ ਅਤੇ ਸਬੂਤ ਇਕੱਠੇ ਕਰ ਰਹੀ ਹੈ।
ਫਿਲਹਾਲ, ਕਤਲ ਦਾ ਉਦੇਸ਼ ਅਤੇ ਹਮਲਾਵਰਾਂ ਦੀ ਪਛਾਣ ਅਣਜਾਣ ਹੈ। ਪੁਲਿਸ ਆਲੇ ਦੁਆਲੇ ਦੇ ਖੇਤਰ ਅਤੇ ਸੜਕਾਂ ਤੋਂ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸਥਿਤੀ ਪੂਰੀ ਤਰ੍ਹਾਂ ਸਪੱਸ਼ਟ ਹੋ ਸਕੇਗੀ।
ਪੁਲਿਸ ਮੁਲਜ਼ਮਾਂ ‘ਤੇ ਗੋਲੀਬਾਰੀ ਦੀਆਂ ਘਟਨਾਵਾਂ
ਪੰਜਾਬ ਵਿੱਚ ਪੁਲਿਸ ਅਧਿਕਾਰੀਆਂ ਤੇ ਗੋਲੀਬਾਰੀ ਦੀਆਂ ਘਟਨਾਵਾਂ ਲਗਾਤਾਰ ਚਿੰਤਾ ਵਧਾ ਰਹੀਆਂ ਹਨ। 22 ਫਰਵਰੀ 2026 ਨੂੰ ਗੁਰਦਾਸਪੁਰ ਦੇ ਆਦੀਆਂ ਪੁਲਿਸ ਨਾਕੇ ਤੇ ਏਐੱਸਆਈ ਗੁਰਨਾਮ ਸਿੰਘ ਅਤੇ ਹੋਮਗਾਰਡ ਅਸ਼ੋਕ ਕੁਮਾਰ ਦੀਆਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਮਈ ਵਿੱਚ ਏਐੱਸਆਈ ਜੋਗਾ ਸਿੰਘ ਦੀ ਹੱਤਿਆ ਹੋਈ ਅਤੇ ਸਤੰਬਰ ਵਿੱਚ ਅੰਮ੍ਰਿਤਸਰ ਵਿਖੇ ਏਐੱਸਆਈ ਹਰਜੀਤ ਸਿੰਘ ਨੂੰ ਗੋਲੀ ਮਾਰ ਦਿੱਤੀ ਗਈ।


