ਖਤਰੇ ਦੇ ਨਿਸ਼ਾਨ ‘ਤੇ ਟਾਂਗਰੀ ਦਰਿਆ, ਲਗਾਤਾਰ ਵੱਧ ਰਿਹਾ ਪਾਣੀ ਦਾ ਪੱਧਰ
River Water Level: ਪਟਿਆਲਾ ਦਰਿਆ ਵਿੱਚ ਵੀ ਇਸ ਸਮੇਂ ਪਾਣੀ ਦਾ ਪੱਧਰ ਇੱਕ ਫੁੱਟ ਹੈ। ਪਿੰਡ ਭਾਖਰਪੁਰ ਨੇੜੇ ਘੱਗਰ ਦਰਿਆ 'ਚ ਪਾਣੀ ਦਾ ਪੱਧਰ 0.5 ਫੁੱਟ ਹੈ ਤੇ 1045 ਕਿਊਸਿਕ ਪਾਣੀ ਵਹਿ ਰਿਹਾ ਹੈ। ਪਿੰਡ ਸਰਾਲਾ ਕਲਾਂ ਨੇੜੇ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ 3.5 ਫੁੱਟ ਹੈ ਤੇ 1043.36 ਕਿਊਸਿਕ ਪਾਣੀ ਵਹਿ ਰਿਹਾ ਹੈ। ਪਿੰਡ ਸਨੌਲੀ ਨੇੜੇ ਪਚੀਸ ਨਾਲੇ ਵਿੱਚ ਪਾਣੀ ਦਾ ਪੱਧਰ 2.0 ਫੁੱਟ ਹੈ

Tangri River Water Level: ਪਟਿਆਲਾ ‘ਚ ਟਾਂਗਰੀ ਦਰਿਆ ਵਿੱਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ 12 ਫੁੱਟ ਤੱਕ ਪਹੁੰਚ ਗਿਆ ਹੈ। ਇਸ ਵੇਲੇ ਦਰਿਆ ਵਿੱਚ 31059 ਕਿਊਸਿਕ ਪਾਣੀ ਵਗ ਰਿਹਾ ਹੈ। ਇਸੇ ਤਰ੍ਹਾਂ ਹੋਰ ਨਦੀਆਂ ਵਿੱਚ ਵੀ ਮੰਗਲਵਾਰ ਦੇ ਮੁਕਾਬਲੇ ਪਾਣੀ ਦਾ ਪੱਧਰ ਵਧਿਆ ਹੈ। ਇਸ ਨਾਲ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ, ਕਿਉਂਕਿ ਪਟਿਆਲਾ ਜ਼ਿਲ੍ਹਾ ਅਕਸਰ ਮਾਨਸੂਨ ਦੇ ਮੌਸਮ ਦੌਰਾਨ ਹੜ੍ਹਾਂ ਦੀ ਮਾਰ ਹੇਠ ਆ ਜਾਂਦਾ ਹੈ।
ਸਾਲ 2023 ਵਿੱਚ ਹੀ ਪਟਿਆਲਾ ਦੇ ਮੁੱਖ ਦਰਿਆ ਦੇ ਨਾਲ ਲੱਗਦੇ ਰਿਹਾਇਸ਼ੀ ਖੇਤਰ ਹੜ੍ਹਾਂ ਦੀ ਮਾਰ ਹੇਠ ਆਏ ਸਨ। ਇਸ ਕਾਰਨ ਲੋਕਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪਿਆ। ਡਰੇਨੇਜ ਵਿਭਾਗ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ, ਪਟਿਆਲਾ-ਪਹੋਵਾ ਸੜਕ ‘ਤੇ ਟਾਂਗਰੀ ਨਦੀ ਵਿੱਚ ਪਾਣੀ ਦਾ ਪੱਧਰ 12 ਫੁੱਟ ਦੇ ਖ਼ਤਰੇ ਦੇ ਨਿਸ਼ਾਨ ‘ਤੇ ਪਹੁੰਚ ਗਿਆ ਹੈ। ਪਟਿਆਲਾ-ਪਿਹੋਵਾ ਸੜਕ ‘ਤੇ ਮਾਰਕੰਡਾ ਨਦੀ ਵਿੱਚ ਪਾਣੀ ਦਾ ਪੱਧਰ 19.2 ਫੁੱਟ ਤੱਕ ਪਹੁੰਚ ਗਿਆ ਹੈ। ਜਦੋਂ ਕਿ ਮੰਗਲਵਾਰ ਨੂੰ ਇਹ 17.6 ਫੁੱਟ ਸੀ। ਨਦੀ ਵਿੱਚ 28794 ਕਿਊਸਿਕ ਪਾਣੀ ਵਗ ਰਿਹਾ ਹੈ। ਪਟਿਆਲਾ ਦਰਿਆ ਵਿੱਚ ਵੀ ਇਸ ਸਮੇਂ ਪਾਣੀ ਦਾ ਪੱਧਰ ਇੱਕ ਫੁੱਟ ਹੈ।
ਬੁੱਧਵਾਰ ਨੂੰ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਮੌਕੇ ਦਾ ਦੌਰਾ ਕੀਤਾ ਤੇ ਜ਼ਿਲ੍ਹੇ ਵਿੱਚੋਂ ਲੰਘਦੀਆਂ ਘੱਗਰ ਤੇ ਟਾਂਗਰੀ ਨਦੀਆਂ ਵਿੱਚ ਪਾਣੀ ਦੀ ਸਥਿਤੀ ਦਾ ਮੁਆਇਨਾ ਕੀਤਾ। ਉਨ੍ਹਾਂ ਕਿਹਾ ਕਿ ਉਪਰਲੇ ਜਲ ਭੰਡਾਰ ਖੇਤਰਾਂ ‘ਚ ਮੀਂਹ ਪੈਣ ਕਾਰਨ ਟਾਂਗਰੀ ਨਦੀ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਪਾਣੀ ਦੇ ਪੱਧਰ ਦੀ ਨਿਗਰਾਨੀ ਕਰ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਫਵਾਹਾਂ ਤੋਂ ਬਚਣ ਦੀ ਅਪੀਲ ਕੀਤੀ।
5 ਜੁਲਾਈ ਤੋਂ ਭਾਰੀ ਮੀਂਹ ਦੀ ਚੇਤਾਵਨੀ
ਬੁੱਧਵਾਰ ਨੂੰ ਪੰਜਾਬ ‘ਚ ਮੌਸਮ ਖੁਸ਼ਕ ਰਿਹਾ, ਜਿਸ ਕਾਰਨ ਤਾਪਮਾਨ ਵਿੱਚ 5 ਡਿਗਰੀ ਦਾ ਭਾਰੀ ਵਾਧਾ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਅਗਲੇ 2 ਦਿਨਾਂ ਤੱਕ ਸੂਬੇ ਖੁਸ਼ਕ ਰਹੇਗਾ। ਕੁਝ ਥਾਵਾਂ ‘ਤੇ ਹਲਕੀ ਬੂੰਦਾ-ਬਾਂਦੀ ਹੋ ਸਕਦੀ ਹੈ, ਪਰ 5 ਜੁਲਾਈ ਤੋਂ ਪੰਜਾਬ ‘ਚ ਮੌਸਮ ਇੱਕ ਵਾਰ ਫਿਰ ਵਿਗੜ ਸਕਦਾ ਹੈ।