ਅੱਜ ਅਕਾਲ ਤਖ਼ਤ ਸਾਹਮਣੇ ਪੇਸ਼ ਹੋਣਗੇ ਸੁਖਬੀਰ ਬਾਦਲ, ਮੰਗੇ ਸਪਸ਼ਟੀਕਰਨ ‘ਤੇ ਰੱਖਣਗੇ ਪੱਖ
Sukhbir Singh Badal: ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ 15 ਦਿਨਾਂ ਦੇ ਅੰਦਰ ਪੇਸ਼ ਹੋ ਕੇ ਸਪਸ਼ਟੀਕਰਨ ਦੇਣ ਲਈ ਕਿਹਾ ਗਿਆ ਸੀ। ਅਕਾਲੀ ਦਲ ਪ੍ਰਧਾਨ ਨੂੰ ਲਿਖਤੀ ਰੂਪ ਵਿੱਚ ਸਪਸ਼ਟੀਕਰਨ ਦੇਣ ਦੇ ਹੁਕਮ ਦਿੱਤੇ ਗਏ ਸਨ।

Sukhbir Singh Badal: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਸ੍ਰੀ ਅਕਾਲ ਤਖਤ ਸਾਹਿਬ ‘ਤੇ ਕਰੀਬ 1 ਵਜੇ ਪੇਸ਼ ਹੋਣਗੇ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ 15 ਦਿਨਾਂ ਦੇ ਅੰਦਰ ਪੇਸ਼ ਹੋ ਕੇ ਸਪਸ਼ਟੀਕਰਨ ਦੇਣ ਲਈ ਕਿਹਾ ਗਿਆ ਸੀ। ਅਕਾਲੀ ਦਲ ਪ੍ਰਧਾਨ ਨੂੰ ਲਿਖਤੀ ਰੂਪ ਵਿੱਚ ਸਪਸ਼ਟੀਕਰਨ ਦੇਣ ਦੇ ਹੁਕਮ ਦਿੱਤੇ ਗਏ ਸਨ। ਪਿਛਲੇ ਦਿਨੀ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ ਬਾਗੀ ਧੜੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਖਿਮਾ ਯਾਚਨਾ ਪੱਤਰ ਦਿੱਤਾ ਗਿਆ ਸੀ।
ਜਲੰਧਰ ਉਪ ਚੋਣ ਦੌਰਾਨ ਸ਼੍ਰੋਮਣੀ ਅਕਾਲੀ ਦਲ ਵਿੱਚ ਆਪਸੀ ਵਿਰੋਧਤਾ ਸਾਹਮਣੇ ਆ ਗਈ ਸੀ। ਸ਼੍ਰੋਮਣੀ ਅਕਾਲੀ ਦਲ ਦੇ ਕੁਝ ਸੀਨੀਅਰ ਆਗੂਆਂ ਨੇ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫੇ ਦੀ ਮੰਗ ਕੀਤੀ ਸੀ। ਇਸ ਦੌਰਾਨ ਅਕਾਲੀ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਬੀਬੀ ਜਗੀਰ ਕੌਰ ਸਮੇਤ ਆਗੂ ਅਕਾਲ ਤਖ਼ਤ ਤੇ ਪੁੱਜੇ ਹੋਏ ਸਨ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸ਼ਾਸਨ ਦੌਰਾਨ ਲਏ ਕੁਝ ਫੈਸਲਿਆਂ ‘ਤੇ ਮੁਆਫੀਨਾਮਾ ਲਿਖਿਆ। ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੀ ਮੁਆਫ਼ੀ ਦਾ ਮੁੱਦਾ ਵੀ ਸੀ।
ਸੁਖਬੀਰ ਬਾਦਲ ਨੂੰ ਕੀਤਾ ਗਿਆ ਸੀ ਤਲਬ
ਇਸ ਮੁਆਫ਼ੀਨਾਮੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਵਿਚਾਰਿਆ ਹੈ। ਇਸ ਮੁਆਫ਼ੀਨਾਮੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਰਾਮ ਰਹੀਮ ਨੂੰ ਮੁਆਫ਼ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਇਸ ‘ਤੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੁਖਬੀਰ ਬਾਦਲ ਨੂੰ ਅਕਾਲ ਤਖ਼ਤ ‘ਤੇ ਪੇਸ਼ ਹੋਣ ਲਈ ਕਿਹਾ ਸੀ ਅਤੇ ਇਸ ‘ਤੇ ਸਪੱਸ਼ਟੀਕਰਨ ਦੇਣ ਲਈ ਵੀ ਕਿਹਾ ਗਿਆ ਸੀ। ਜਥੇਦਾਰ ਨੇ ਉਨ੍ਹਾਂ ਨੂੰ 15 ਦਿਨਾਂ ਦਾ ਸਮਾਂ ਵੀ ਦਿੱਤਾ ਸੀ।
ਬਾਗੀ ਧੜੇ ਨੇ ਨਹੀਂ ਕੀਤੀ ਸੀ ਸ਼ਿਕਾਇਤ
ਬਾਗੀ ਧੜੇ ਨੇ ਸੁਖਬੀਰ ਬਾਦਲ ਖਿਲਾਫ ਸਿੱਧੀ ਕੋਈ ਸ਼ਿਕਾਇਤ ਨਹੀਂ ਦਿੱਤੀ, ਇਸ ਨੂੰ ਮੁਆਫੀਨਾਮਾ ਦੱਸਿਆ। ਜਿਸ ਵਿੱਚ ਉਨ੍ਹਾਂ ਕਿਹਾ ਕਿ ਉਹ ਪਾਰਟੀ ਵੱਲੋਂ ਕੀਤੀਆਂ ਗਈਆਂ ਗਲਤੀਆਂ ਦਾ ਵਿਰੋਧ ਨਹੀਂ ਕਰ ਸਕਦੇ ਅਤੇ ਇਸ ਲਈ ਉਹ ਮੁਆਫੀ ਮੰਗਦੇ ਹਨ।



