AAP MLA ARREST : ਬਠਿੰਡਾ ਤੋਂ ਦਿਹਾਤੀ ਹਲਕਾ ਵਿਧਾਇਕ ਰਿਸ਼ਵਤ ਦੇ ਦੋਸ਼ਾਂ ਹੇਠ ਵਿਜੀਲੈਂਸ ਵੱਲੋਂ ਗ੍ਰਿਫਤਾਰ
ਰਿਸ਼ਵਤ ਕਾਂਡ 'ਚ ਵੱਡੀ ਕਾਰਵਾਈ : ਦਸਿਆ ਜਾ ਰਿਹਾ ਹੈ ਕਿ ਵਿਜੀਲੈਂਸ ਅਮਿਤ ਰਤਨ ਨੂੰ ਬਠਿੰਡਾ ਲੈ ਕੇ ਗਈ ਹੈ। ਉਨ੍ਹਾਂ ਨੂੰ ਬਠਿੰਡਾ ਦੇ ਸਿਵਿਲ ਲਾਈਂਸ ਥਾਣੇ ਵਿੱਚ ਰੱਖਿਆ ਗਿਆ ਹੈ। ਵਿਜੀਲੈਂਸ ਨੇ ਉਨ੍ਹਾਂ ਨੂੰ ਰਾਜਪੂਰਾ ਤੋਂ ਹਿਰਾਸਤ ਵਿੱਚ ਲਿਆ ਸੀ।
ਪੰਜਾਬ ਦੀ ਵੱਡੀ ਖਬਰ: ਵਿਜੀਲੈਂਸ ਬਿਊਰੋ ਨੇ ਬਠਿੰਡਾ ਦਿਹਾਤੀ ਤੋਂ ‘ਆਪ’ ਵਿਧਾਇਕ ਅਮਿਤ ਰਤਨ (Amit Ratan) ਨੂੰ ਗ੍ਰਿਫਤਾਰ ਕਰ ਲਿਆ ਹੈ। ਬਠਿੰਡਾ ਵਿੱਚ ਉਨ੍ਹਾਂ ਦਾ ਪੀਏ ਰਿਸ਼ਵਤ ਲੈਂਦਾ ਫੜਿਆ ਗਿਆ ਸੀ। ਇਸੇ ਮਾਮਲੇ ਵਿੱਚ ਗ੍ਰਿਫ਼ਤਾਰੀ ਹੋਈ ਦੱਸੀ ਜਾ ਰਹੀਂ ਹੈ। ਦੱਸ ਦਈਏ ਕਿ ਬੀਤੇ ਦਿਨੀਂ ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਿਤ ਰਤਨ ਦੇ ਸਹਿਯੋਗੀ ਨੂੰ 4 ਲੱਖ ਰੁਪਏ ਦੀ ਰਿਸ਼ਵਤ ਨਾਲ ਗ੍ਰਿਫਤਾਰ ਕੀਤਾ ਗਿਆ ਸੀ। ਵਿਜੀਲੈਂਸ ਨੇ ਵਿਧਾਇਕ ਨੂੰ ਕਲੀਨ ਚਿੱਟ ਦੇ ਦਿੱਤੀ ਸੀ। ਵਿਧਾਇਕ ਨੇ ਵੀ ਕਿਹਾ ਸੀ ਕਿ ਰਸ਼ਿਮ ਗਰਗ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ।
ਵਿਧਾਇਕ ਦੇ ਪੀ ਏ ਨੇ ਕੀਤੀ ਸੀ ਰਿਸ਼ਵਤ ਲੈਣ ਦੇਣ ਦੀ ਗੱਲਬਾਤ
ਜ਼ਿਕਰਯੋਗ ਹੈ ਕਿ ਪਿੰਡ ਘੁੱਦਾ ਦੀ ਸਰਪੰਚ ਸੀਮਾ ਦੇ ਪਤੀ ਪ੍ਰਿਤਪਾਲ ਸਿੰਘ ਨੇ ਅਹਿਮ ਖੁਲਾਸੇ ਕਰਦੇ ਹੋਏ ਕਿਹਾ ਸੀ ਕਿ ਰਸ਼ਿਮ ਗਰਗ ਵੱਲੋਂ ਵਿਧਾਇਕ ਨਾਲ ਗੰਢਤੁਪ ਕਰਕੇ ਪਿੰਡ ਘੁੱਦਾ ਦੀ ਐਸਸੀ ਨੰਬਰਦਾਰੀ ਲਈ ਢਾਈ ਲੱਖ ਰੁਪਏ ਲਏ ਸਨ। ਹੁਣ ਵੀ ਜਦੋਂ ਉਹ ਪਿੰਡ ਦੇ ਕੰਮਾਂ ਲਈ ਪੰਚਾਇਤ ਨੂੰ ਵਿਕਾਸ ਕਾਰਜਾਂ ਲਈ ਆਏ ਪੈਸਿਆਂ ਸਬੰਧੀ ਵਿਧਾਇਕ ਨੂੰ ਮਿਲਦੇ ਸੀ ਤਾਂ ਪੈਸੇ ਦੀ ਮੰਗ ਕੀਤੀ ਜਾਂਦੀ ਸੀ।ਉਨ੍ਹਾਂ ਕਿਹਾ ਸੀ ਕਿ 25 ਲੱਖ ਰੁਪਏ ਦੀ ਗਰਾਂਟ ਉੱਪਰ ਪੰਜ ਲੱਖ ਰੁਪਏ ਦੀ ਡਿਮਾਂਡ ਕੀਤੀ ਗਈ ਸੀ ਪਰ ਅੱਜ ਤੱਕ ਉਨ੍ਹਾਂ ਵੱਲੋਂ ਕਿਸੇ ਵੀ ਅਧਿਕਾਰੀ ਨੂੰ ਪੈਸੇ ਦੇ ਕੇ ਕੰਮ ਨਹੀਂ ਕਰਵਾਇਆ ਗਿਆ।
ਰੰਗੇ ਹੱਥੀਂ ਗ੍ਰਿਫਤਾਰ ਕਰਵਾਇਆ ਗਿਆ ਰੇਸ਼ਮ ਨੂੰ
ਇਸੇ ਦੇ ਮੱਦੇਨਜ਼ਰ ਉਨ੍ਹਾਂ ਵੱਲੋਂ ਇਸ ਸਬੰਧੀ ਚੰਡੀਗੜ੍ਹ ਵਿਜੀਲੈਂਸ ਨਾਲ ਗੱਲ ਕੀਤੀ ਗਈ। ਇਸ ਮਗਰੋਂ 50 ਹਜ਼ਾਰ ਰੁਪਏ ਇੱਕ ਵਾਰ ਰਸ਼ਿਮ ਗਰਗ ਨੂੰ ਵਿਸ਼ਵਾਸ਼ ਬਣਾਉਣ ਲਈ ਦਿੱਤੇ ਗਏ। ਉਨ੍ਹਾਂ ਕਿਹਾ ਸੀ ਕਿ ਇਸ ਤੋਂ ਬਾਅਦ ਚਾਰ ਲੱਖ ਰੁਪਏ ਰਿਸ਼ਵਤ ਲੈਂਦੇ ਹੋਏ ਰਸ਼ਿਮ ਨੂੰ ਰੰਗੇ ਹੱਥੀਂ ਗ੍ਰਿਫਤਾਰ ਕਰਵਾਇਆ ਗਿਆ। ਵਿਜਿਲੈਂਸ ਅਧਿਕਾਰੀਆਂ ਨੂੰ ਵਿਧਾਇਕ ਅਮਿਤ ਰਤਨ ਤੇ ਰਿਸ਼ਮ ਦੀਆਂ ਰਿਕਾਰਡਿੰਗ ਵੀ ਉਪਲੱਬਧ ਕਰਵਾਈਆਂ ਗਈਆਂ ਪਰ ਫਿਰ ਵੀ ਵਿਜੀਲੈਂਸ ਵਿਭਾਗ ਵੱਲੋਂ ਵਿਧਾਇਕ ਅਮਿਤ ਰਤਨ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਜਿਸ ਦੇ ਚਲਦਿਆਂ ਸਰਪੰਚ ਨੇ ਆਉਂਦੇ ਦਿਨਾਂ ਵਿਚ ਸੰਘਰਸ਼ ਕਰਨ ਦੀ ਚਿਤਾਵਨੀ ਦਿੱਤੀ ਸੀ।
ਆਪ ਵਿਧਾਇਕਾਂ ‘ਤੇ ਵਿਜੀਲੈਂਸ ਦੀ ਨਜ਼ਰ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੇ ਵੀ ਰਿਸ਼ਵਤ ਦੇ ਲੱਗੇ ਦੋਸਾਂ ਤੋਂ ਬਾਅਦ ਅਸਤੀਫ਼ਾ ਦੇ ਦਿੱਤਾ ਸੀ । ਜਿਕਰਯੋਗ ਹੈ ਕਿ ਫੌਜਾ ਸਿੰਘ ਸਰਾਰੀ ਉੱਤੇ ਰਿਸ਼ਵਤ ਮੰਗਣ ਦੇ ਇਲਜ਼ਾਮ ਲੱਗੇ ਸਨ ਅਤੇ ਉਨ੍ਹਾਂ ਦੇ ਰਿਸ਼ਵਤ ਮੰਗਣ ਦੀ ਕਥਿਤ ਆਡੀਓ ਵੀ ਵਾਇਰਲ ਹੋਈ ਸੀ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ