ਆਮ ਆਦਮੀ ਕਲੀਨਿਕਾਂ ਦਾ ਉਦਘਾਟਨ ਕਰ ਕੇ ਬੋਲੇ ਸੀਐਮ “ਹੌਲੀ-ਹੌਲੀ ਸਾਰੇ ਵਾਅਦੇ ਕਰਾਂਗੇ ਪੂਰੇ”
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਪਹੁੰਚ ਕੇ 400 ਮੁਹੱਲਾ ਕਲੀਨਿਕਾਂ ਦਾ ਉਦਘਾਟਨ ਕੀਤਾ। ਇਸ ਦੌਰਾਨ ਸੂਬੇ ਦੇ ਸਾਰੇ ਵਿਧਾਇਕ ਆਪੋ ਆਪਣੇ ਹਲਕਿਆਂ ਵਿੱਚ ਸਨ। ਅਰਵਿੰਦ ਕੇਜਰੀਵਾਲ ਨੇ ਆਪਣੇ ਭਾਸ਼ਣ ਵਿੱਚ ਸੂਬੇ ਨੂੰ ਇੱਕ ਹੋਰ ਗਾਰੰਟੀ ਦਿੱਤੀ ਹੈ ਕਿ ਅਗਲੇ 5 ਸਾਲਾਂ ਵਿੱਚ ਸਾਰੀਆਂ ਗਾਰੰਟੀਆਂ ਪੂਰੀਆਂ ਕਰ ਦਿੱਤੀਆਂ ਜਾਣਗੀਆਂ।
ਪੰਜਾਬ ‘ਚ ਹੁਣ ਖੋਲ੍ਹੇ ਜਾ ਰਹੇ ਹਰ ਮੁਹੱਲਾ ਕਲੀਨਿਕ ‘ਤੇ ਕਰੀਬ 25 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ। ਪੁਰਾਣੀਆਂ ਡਿਸਪੈਂਸਰੀਆਂ, ਖਾਲੀ ਪਈਆਂ ਇਮਾਰਤਾਂ ਜਾਂ ਪ੍ਰਾਇਮਰੀ ਹੈਲਥ ਸੈਂਟਰਾਂ ਨੂੰ ਮੁਹੱਲਾ ਕਲੀਨਿਕਾਂ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਇਹ ਪੈਸਾ ਜਿਸ ਦੀ ਮੁਰੰਮਤ, ਪੇਂਟ, ਫਾਲਸ ਸੀਲਿੰਗ, ਫਰਨੀਚਰ ਆਦਿ ‘ਤੇ ਖਰਚ ਕੀਤਾ ਜਾ ਰਿਹਾ ਹੈ।
15 ਅਗਸਤ 2022 ਨੂੰ ਖੋਲ੍ਹੇ ਗਏ ਆਮ ਆਦਮੀ ਕਲੀਨਿਕਾਂ ਨਾਲ ਸਬੰਧਤ ਸਰਕਾਰੀ ਅੰਕੜਿਆਂ ਅਨੁਸਾਰ 100 ਆਮ ਆਦਮੀ ਕਲੀਨਿਕਾਂ ਵਿੱਚ ਰੋਜ਼ਾਨਾ 7 ਹਜ਼ਾਰ ਤੋਂ ਵੱਧ ਮਰੀਜ਼ ਸਿਹਤ ਸਹੂਲਤਾਂ ਦਾ ਲਾਭ ਲੈ ਰਹੇ ਹਨ। ਪੰਜਾਬ ਵਿੱਚ ਜੋ ਮੁਹੱਲਾ ਕਲੀਨਿਕ ਖੋਲ੍ਹੇ ਗਏ ਹਨ, ਉਹ ਬਹੁਤ ਹੀ ਹਾਈਟੈਕ ਹਨ। ਇੱਥੇ ਮਰੀਜ਼ਾਂ ਦੀ ਰਜਿਸਟ੍ਰੇਸ਼ਨ, ਡਾਕਟਰ ਤੋਂ ਦਵਾਈਆਂ ਦੀ ਸੂਚੀ ਅਤੇ ਫਾਰਮਾਸਿਸਟ ਤੋਂ ਦਵਾਈਆਂ ਲੈਣ ਤੱਕ ਸਾਰਾ ਕੰਮ ਟੈਬ ‘ਤੇ ਕੀਤਾ ਜਾਂਦਾ ਹੈ। ਵਰਤਮਾਨ ਵਿੱਚ ਇਹ ਕਲੀਨਿਕ 100 ਕਿਸਮ ਦੀਆਂ ਦਵਾਈਆਂ ਅਤੇ 41 ਬੁਨਿਆਦੀ ਲੈਬ ਟੈਸਟਾਂ ਦੀਆਂ ਸਹੂਲਤਾਂ ਪ੍ਰਦਾਨ ਕਰ ਰਹੇ ਹਨ।