ਪੰਜਾਬ ਸਰਕਾਰ ਅਤੇ ਅਫਸਰਸ਼ਾਹੀ ਹੋਈ ਆਹਮੋ-ਸਾਹਮਣੇ, ਪਹਿਲੀ ਵਾਰ ਹੜਤਾਲ ‘ਤੇ ਅਧਿਕਾਰੀ
ਕਿਸੇ ਵੀ ਸੂਬੇ ਦੀ ਸਰਕਾਰ ਨੂੰ ਚਲਾਉਣ ਵਿੱਚ ਅਫਸਰਸ਼ਾਹੀ ਦੀ ਭੂਮਿਕਾ ਅਹਿਮ ਹੁੰਦੀ ਹੈ। ਪੰਜਾਬ ਵਿੱਚ ਵਿਜਿਲੈਂਸ ਬਿਊਰੋ ਵਲੋਂ ਸੀਨੀਅਰ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੇ ਜਾਣ ਦੇ ਵਿਰੋਧ ਵਿੱਚ ਪੰਜਾਬ ਵਿੱਚ ਟੀਮ ਬੀ ਵਜੋਂ ਕੰਮ ਕਰਨ ਵਾਲੇ ਪੀ.ਸੀ.ਐਸ. ਅਧਿਕਾਰੀ ਹੜਤਾਲ ਤੇ ਚਲੇ ਗਏ ਹਨ। ਪੰਜਾਬ ਦੇ ਮੁੱਖ ਮੰਤਰੀ ਵਲੋਂ ਅਫਸਰਾਂ ਦੀ ਹੜਤਾਲ ਨੂੰ ਗੈਰ ਕਾਨੂੰਨੀ ਐਲਾਨੇ ਜਾਣ ਤੋਂ ਬਾਅਦ ਵਿਵਾਦ ਪੂਰੀ ਤਰਾਂ ਭਖ ਗਿਆ ਹੈ।

ਪੰਜਾਬ ਪੁਲਿਸ.
ਪੰਜਾਬ ਵਿੱਚ ਇਨ੍ਹੀਂ ਦਿਨੀਂ ਸਰਕਾਰ ਅਤੇ ਅਫਸਰਸ਼ਾਹੀ ਵਿਚਕਾਰ ਚੱਲ ਰਹੀ ਖਿਚੋਤਾਣ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਵਿਰੋਧੀ ਧਿਰ ਭਾਵੇਂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਵਿੱਚ ਸ਼ਾਮਲ ਹੈ ਪ੍ਰੰਤੂ ਸਰਕਾਰ ਦੀ ਅਧਿਕਾਰੀਆਂ ਨਾਲ ਚੱਲ ਰਹੀ ਖਿੱਚੋਤਾਣ ਦੇ ਮੁੱਦੇ ਨੂੰ ਕਾਂਗਰਸ ਵੀ ਚੁੱਕ ਰਹੀ ਹੈ। ਦੂਜੇ ਪਾਸੇ ਸ੍ਰੋਮਣੀ ਅਕਾਲੀ ਦਲ ਹਾਲੇ ਤੱਕ ਇਸ ਮੁੱਦੇ ਤੇ ਚੁੱਪ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਇਨ੍ਹਾਂ ਅਫ਼ਸਰਾਂ ਨੇ ਖੁੱਲ੍ਹੇਆਮ ਬਾਗ਼ੀ ਰੁੱਖ ਜ਼ਾਹਿਰ ਕਰਦਿਆਂ ਆਪਣਾ ਕੰਮਕਾਜ ਬੰਦ ਕੀਤਾ ਅਤੇ ਇਹ ਵੀ ਪਹਿਲੀ ਵਾਰ ਹੈ ਕਿ ਰਾਜ ਭਰ ਦੇ ਸਾਰੇ ਮਾਲ ਅਫ਼ਸਰ ਵੀ ਪੀ. ਸੀ .ਐਸ .ਅਫ਼ਸਰਾਂ ਦੀ ਹਿਮਾਇਤ ਤੇ ਆ ਕੇ ਕੰਮ ਬੰਦ ਕਰ ਗਏ ਹਨ।