ਪੰਜਾਬ ‘ਚ ਸੀਤ ਲਹਿਰ ਲਗਾਤਾਰ ਜਾਰੀ, 15 ਜਨਵਰੀ ਤੱਕ ਨਹੀਂ ਰਾਹਤ
ਐਤਵਾਰ ਨੂੰ ਖਾਸ ਤੌਰ 'ਤੇ ਤੇਜ਼ ਸੀਤ ਲਹਿਰ ਦੀ ਭਵਿੱਖਵਾਣੀ ਕੀਤੀ ਹੈ। ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ 'ਚ ਮੌਸਮ ਖੁਸ਼ਕ ਰਹੇਗਾ ਪਰ ਤਾਪਮਾਨ 'ਚ ਹੋਰ ਗਿਰਾਵਟ ਆ ਸਕਦੀ ਹੈ। ਪੰਜਾਬ ਦੇ ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ।

ਪੰਜਾਬ (Punjab) ‘ਚ ਮੌਸਮ ਵਿਭਾਗ ਨੇ ਸ਼ਨੀਵਾਰ ਨੂੰ ਧੁੰਦ ਦਾ ਰੈੱਡ ਅਲਰਟ ਅਤੇ ਅਗਲੇ ਤਿੰਨ ਦਿਨਾਂ ਲਈ ਆਰੇਂਜ ਅਲਰਟ ਜਾਰੀ ਕੀਤਾ ਹੈ। ਅਲਰਟ ਮੁਤਾਬਕ ਪੰਜਾਬ ‘ਚ ਸੀਤ ਲਹਿਰ ਦੇ ਨਾਲ-ਨਾਲ ਬੇਹੱਦ ਸੰਘਣੀ ਧੁੰਦ ਵੀ ਪਵੇਗੀ। ਐਤਵਾਰ ਨੂੰ ਖਾਸ ਤੌਰ ‘ਤੇ ਤੇਜ਼ ਸੀਤ ਲਹਿਰ ਦੀ ਭਵਿੱਖਵਾਣੀ ਕੀਤੀ ਹੈ। ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ‘ਚ ਮੌਸਮ ਖੁਸ਼ਕ ਰਹੇਗਾ ਪਰ ਤਾਪਮਾਨ ‘ਚ ਹੋਰ ਗਿਰਾਵਟ ਆ ਸਕਦੀ ਹੈ। ਪੰਜਾਬ ਦੇ ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਬੀਤੀ ਰਾਤ ਬਠਿੰਡਾ ਵਿੱਚ ਘੱਟੋ-ਘੱਟ ਤਾਪਮਾਨ 4.2 ਡਿਗਰੀ, ਗੁਰਦਾਸਪੁਰ ਵਿੱਚ 4.5 ਡਿਗਰੀ, ਐੱਸ.ਬੀ.ਐੱਸ. ਨਗਰ ਵਿੱਚ 5.4 ਡਿਗਰੀ, ਅੰਮ੍ਰਿਤਸਰ ਵਿੱਚ 5.6 ਡਿਗਰੀ ਅਤੇ ਲੁਧਿਆਣਾ ਵਿੱਚ 6.3 ਡਿਗਰੀ ਤਾਪਮਾਨ ਰਿਹਾ ਹੈ।
ਉੱਤਰੀ ਭਾਰਤ ਕੜਾਕੇ ਦੀ ਠੰਢ ਦੀ ਲਪੇਟ ਵਿੱਚ ਹੈ। ਦਿੱਲੀ-ਐੱਨਸੀਆਰ ‘ਚ ਸੀਤ ਲਹਿਰ ਜਾਰੀ ਹੈ। ਇਸ ਕਾਰਨ ਤਾਪਮਾਨ ‘ਚ ਕਾਫੀ ਗਿਰਾਵਟ ਆਈ ਹੈ। ਦਿੱਲੀ ‘ਚ ਸ਼ੁੱਕਰਵਾਰ ਨੂੰ ਘੱਟੋ-ਘੱਟ ਤਾਪਮਾਨ 3.9 ਡਿਗਰੀ ਦਰਜ ਕੀਤਾ ਗਿਆ। ਵੱਧ ਤੋਂ ਵੱਧ ਤਾਪਮਾਨ 19.3 ਡਿਗਰੀ ਰਹਿਣ ਦੀ ਸੰਭਾਵਨਾ ਹੈ। ਦਿੱਲੀ (Delhi) ‘ਚ ਕੜਾਕੇ ਦੀ ਠੰਡ ਅਤੇ ਧੁੰਦ ਕਾਰਨ ਸ਼ਨੀਵਾਰ ਅਤੇ ਐਤਵਾਰ ਨੂੰ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਅਨੁਸਾਰ ਅੱਜ ਦਿੱਲੀ ਵਿੱਚ ਮੌਸਮ ਸਾਫ਼ ਰਹੇਗਾ। ਦਿਨ ਵੇਲੇ ਧੁੱਪ ਰਹੇਗੀ। ਦਿੱਲੀ ਦੇ ਕਈ ਇਲਾਕਿਆਂ ‘ਚ ਸਵੇਰੇ ਅਤੇ ਦੇਰ ਰਾਤ ਸੰਘਣੀ ਧੁੰਦ ਦੇਖੀ ਜਾ ਸਕਦੀ ਹੈ। ਸੰਘਣੀ ਧੁੰਦ ਕਾਰਨ ਦਿੱਲੀ ਆਉਣ ਵਾਲੀਆਂ ਕਈ ਟਰੇਨਾਂ ਪ੍ਰਭਾਵਿਤ ਹੋ ਰਹੀਆਂ ਹਨ। ਜ਼ਿਆਦਾਤਰ ਟਰੇਨਾਂ ਤੈਅ ਸਮੇਂ ਤੋਂ ਪਿੱਛੇ ਚੱਲ ਰਹੀਆਂ ਹਨ।
ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਘੱਟ
ਉੱਤਰ ਪ੍ਰਦੇਸ਼ ਦੇ ਲਖਨਊ ਅਤੇ ਵਾਰਾਣਸੀ ਵਿੱਚ ਧੁੰਦ ਕਾਰਨ ਵਿਜ਼ੀਬਿਲਟੀ ਦਾ ਪੱਧਰ 25 ਮੀਟਰ ਰਿਹਾ। ਇਸੇ ਤਰ੍ਹਾਂ ਚੰਡੀਗੜ੍ਹ ਵਿੱਚ ਵਿਜ਼ੀਬਿਲਟੀ 50 ਮੀਟਰ, ਯੂਪੀ ਵਿੱਚ ਬਰੇਲੀ, ਬਿਹਾਰ ਵਿੱਚ ਪੂਰਨੀਆ ਅਤੇ ਅਸਾਮ ਵਿੱਚ ਤੇਜ਼ਪੁਰ ਅਤੇ ਹਰਿਆਣਾ ਦੇ ਅੰਬਾਲਾ ਅਤੇ ਰਾਜਸਥਾਨ ਦੇ ਗੰਗਾਨਗਰ ਵਿੱਚ 200 ਮੀਟਰ ਸੀ।
ਉੱਤਰਾਖੰਡ ‘ਚ ਯੈਲੋ ਅਲਰਟ
ਪਹਾੜੀ ਰਾਜਾਂ ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਜੰਮੂ-ਕਸ਼ਮੀਰ ਦੇ ਉੱਚਾਈ ਵਾਲੇ ਇਲਾਕਿਆਂ ਵਿੱਚ ਬਰਫ਼ਬਾਰੀ ਹੋ ਰਹੀ ਹੈ। ਉੱਤਰਾਖੰਡ ਦੇ ਮੈਦਾਨੀ ਇਲਾਕਿਆਂ ਵਿੱਚ ਵੀ ਸੰਘਣੀ ਧੁੰਦ ਪੈ ਰਹੀ ਹੈ। ਮੌਸਮ ਵਿਭਾਗ ਅਨੁਸਾਰ ਦੇਹਰਾਦੂਨ, ਊਧਮ ਸਿੰਘ ਨਗਰ, ਪੌੜੀ, ਹਰਿਦੁਆਰ ਅਤੇ ਨੈਨੀਤਾਲ ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।