ਪੰਜਾਬ ‘ਚ ਅੱਜ ਬਾਰਿਸ਼ ਦਾ ਯੈਲੋ ਅਲਰਟ, ਡੈਮ ਤੋਂ ਛੱਡੇ ਜਾ ਰਹੇ ਪਾਣੀ ਕਾਰਨ ਹੜ੍ਹ ਵਰਗੇ ਹਾਲਾਤ
Punjab Weather Update: ਪੌਂਗ ਡੈਮ ਤੋਂ ਲਗਾਤਾਰ ਪਾਣੀ ਛੱਡੇ ਜਾਣ ਕਾਰਨ ਬਿਆਸ ਦਰਿਆ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਿਹਾ ਹੈ, ਜਦਕਿ ਸਤਲੁਜ ਦੇ ਪਾਣੀ ਦਾ ਪੱਧਰ ਵੀ ਲਗਾਤਾਰ ਵੱਧ ਰਿਹਾ ਹੈ। ਅਜਿਹੀ ਸਥਿਤੀ 'ਚ ਗੁਰਦਾਸਪੁਰ, ਕਪੂਰਥਲਾ, ਹੁਸ਼ਿਆਰਪੁਰ, ਅੰਮ੍ਰਿਤਸਰ ਤੇ ਫਿਰੋਜ਼ਪੁਰ ਦੇ ਕਈ ਇਲਾਕਿਆਂ 'ਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਸੁਲਤਾਨਪੁਰ ਲੋਧੀ ਤੇ ਹੁਸ਼ਿਆਰਪੁਰ 'ਚ ਕਈ ਇਲਾਕੇ ਪਾਣੀ ਦੀ ਮਾਰ ਝੱਲ ਰਹੇ ਹਨ।
ਪੰਜਾਬ ‘ਚ ਮੌਸਮ ਵਿਭਾਗ ਵੱਲੋਂ ਅੱਜ ਵੀ ਬਾਰਿਸ਼ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਸੂਬੇ ‘ਚ 14 ਤੇ 15 ਅਗਸਤ ਨੂੰ ਭਾਰੀ ਬਾਰਿਸ਼ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਜ਼ਿਲ੍ਹਿਆਂ ‘ਚ ਬਾਰਿਸ਼ ਦੀ ਸੰਭਾਵਨਾ ਹੈ। ਉੱਥੇ ਹੀ, ਹਿਮਾਚਲ ਪ੍ਰਦੇਸ਼ ‘ਚ ਹੋ ਰਹੀ ਬਾਰਿਸ਼ ਨਾਲ ਪੰਜਾਬ ‘ਚ ਹੜ੍ਹ ਦਾ ਖ਼ਤਰਾ ਬਣਿਆ ਹੋਇਆ ਹੈ।
ਪੌਂਗ ਡੈਮ ਤੋਂ ਲਗਾਤਾਰ ਪਾਣੀ ਛੱਡੇ ਜਾਣ ਕਾਰਨ ਬਿਆਸ ਦਰਿਆ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਿਹਾ ਹੈ, ਜਦਕਿ ਸਤਲੁਜ ਦੇ ਪਾਣੀ ਦਾ ਪੱਧਰ ਵੀ ਲਗਾਤਾਰ ਵੱਧ ਰਿਹਾ ਹੈ। ਅਜਿਹੀ ਸਥਿਤੀ ‘ਚ ਗੁਰਦਾਸਪੁਰ, ਕਪੂਰਥਲਾ, ਹੁਸ਼ਿਆਰਪੁਰ, ਅੰਮ੍ਰਿਤਸਰ ਤੇ ਫਿਰੋਜ਼ਪੁਰ ਦੇ ਕਈ ਇਲਾਕਿਆਂ ‘ਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਸੁਲਤਾਨਪੁਰ ਲੋਧੀ ਤੇ ਹੁਸ਼ਿਆਰਪੁਰ ‘ਚ ਕਈ ਇਲਾਕੇ ਪਾਣੀ ਦੀ ਮਾਰ ਝੱਲ ਰਹੇ ਹਨ। ਮੌਸਮ ਵਿਭਾਗ ਵੱਲੋਂ 14 ਤੇ 15 ਅਗਸਤ ਨੂੰ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਬੀਤੇ ਦਿਨ ਪੰਜਾਬ ‘ਚ ਜ਼ਿਆਦਾਤਰ ਜ਼ਿਲ੍ਹਿਆਂ ‘ਚ ਮੌਸਮ ਖੁਸ਼ਕ ਰਿਹਾ, ਜਿਸ ਦੇ ਚੱਲਦੇ ਤਾਪਮਾਨ ‘ਚ ਵਾਧਾ ਦੇਖਣ ਨੂੰ ਮਿਲਿਆ। ਪੰਜਾਬ ‘ਚ ਔਸਤ ਵੱਧ ਤੋਂ ਵੱਧ ਤਾਪਮਾਨ ‘ਚ 2.6 ਡਿਗਰੀ ਦਾ ਵਾਧਾ ਦਰਜ ਕੀਤਾ ਹੈ। ਹਾਲਾਂਕਿ, ਸੂਬੇ ਦਾ ਔਸਤ ਤਾਪਮਾਨ ਆਮ ਦੇ ਕਰੀਬ ਬਣਿਆ ਹੋਇਆ ਹੈ। ਅਬੋਹਰ ‘ਚ ਸਭ ਤੋਂ ਵੱਧ ਤਾਪਮਾਨ 36.2 ਡਿਗਰੀ ਦਰਜ ਕੀਤਾ ਗਿਆ। ਅੰਮ੍ਰਿਤਸਰ ‘ਚ ਵੱਧ ਤੋਂ ਵੱਧ ਤਾਪਮਾਨ 32.7 ਡਿਗਰੀ, ਲੁਧਿਆਣਾ ‘ਚ 32.9, ਪਟਿਆਲਾ ‘ਚ 35.8 ਡਿਗਰੀ, ਫਰੀਦਕੋਟ ‘ਚ 34.5 ਡਿਗਰੀ, ਗੁਰਦਾਸਪੁਰ ‘ਚ 34 ਡਿਗਰੀ ਤੇ ਫਿਰੋਜ਼ਪੁਰ ‘ਚ 35.4 ਡਿਗਰੀ ਦਰਜ ਕੀਤਾ ਗਿਆ। ਬਾਰਿਸ਼ ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ ‘ਚ ਹਲਕੀ ਬਾਰਿਸ਼ ਦੇਖਣ ਨੂੰ ਮਿਲੀ।
ਬਾਰਿਸ਼ ਦਾ ਯੈਲੋ ਅਲਰਟ
ਪੰਜਾਬ ‘ਚ ਅੱਜ 7 ਜ਼ਿਲ੍ਹਿਆਂ- ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਰੂਪਨਗਰ, ਨਵਾਂਸ਼ਹਿਰ, ਮੁਹਾਲੀ ਤੇ ਫਤਿਹਗੜ੍ਹ ਸਾਹਿਬ ‘ਚ ਅੱਜ ਬਾਰਿਸ਼ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਉੱਥੇ ਹੀ, ਬਾਕੀ ਜ਼ਿਲ੍ਹਿਆਂ ‘ਚ ਮੌਮਸ ਆਮ ਰਹਿਣ ਦੀ ਸੰਭਾਵਨਾ ਹੈ।
ਇਸ ਤੋਂ ਬਾਅਦ 15 ਅਗਸਤ ਨੂੰ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਮੁਹਾਲੀ ਤੇ ਫਤਿਹਗੜ੍ਹ ਸਾਹਿਬ ‘ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। 16 ਅਗਸਤ ਨੂੰ ਵੀ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।


