ਨੌਜਵਾਨਾਂ ਦੀ ਮਾਨਸਿਕ ਸਿਹਤ ਲਈ SANGAT, ਨਸ਼ਾ ਮੁਕਤੀ ਲਈ ਕਾਲਜਾਂ ‘ਚ ਸਿਹਤ ਕਲੱਬਾਂ ਦੀ ਨਵੀਂ ਮੁਹਿੰਮ ਸ਼ੁਰੂ
ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ 40 ਕਾਲਜਾਂ ਵਿੱਚ 'ਸੰਗਤ' ਮਾਨਸਿਕ ਸਿਹਤ ਕਲੱਬ ਸ਼ੁਰੂ ਕੀਤੇ ਹਨ। ABET ਦੇ ਸਹਿਯੋਗ ਨਾਲ ਚੱਲਣ ਵਾਲੀ ਇਸ ਪਹਿਲਕਦਮੀ ਦਾ ਉਦੇਸ਼ ਵਿਦਿਆਰਥੀਆਂ ਨੂੰ ਮਾਨਸਿਕ ਤਣਾਅ ਦੀ ਪਛਾਣ, ਸਮੇਂ ਸਿਰ ਸਹਾਇਤਾ ਅਤੇ ਨਸ਼ਿਆਂ ਤੋਂ ਬਚਾਉਣ ਲਈ ਜਾਗਰੂਕ ਕਰਨਾ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਉਚੇਰੀ ਸਿੱਖਿਆ ਵਿਭਾਗ ਨੇ ਸੂਬੇ ਦੇ 40 ਸਰਕਾਰੀ ਕਾਲਜਾਂ ਵਿੱਚ ‘ਸੰਗਤ ਮਾਨਸਿਕ ਸਿਹਤ ਕਲੱਬ’ ਸ਼ੁਰੂ ਕੀਤੇ ਹਨ। ਇਸ ਵਿਸ਼ੇਸ਼ ਪਹਿਲਕਦਮੀ ਦਾ ਮੁੱਖ ਉਦੇਸ਼ ਨੌਜਵਾਨ ਪੀੜ੍ਹੀ ਅੰਦਰ ਮਾਨਸਿਕ ਸਿਹਤ ਪ੍ਰਤੀ ਜਾਗਰੂਕਤਾ ਵਧਾਉਣਾ, ਮੁਸ਼ਕਲ ਸਮੇਂ ਵਿੱਚ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ ਉਤਸ਼ਾਹਿਤ ਕਰਨਾ ਅਤੇ ਨਸ਼ਿਆਂ ਦੇ ਦੁਰਪ੍ਰਭਾਵਾਂ ਦੀ ਰੋਕਥਾਮ ਵਿੱਚ ਠੋਸ ਮਦਦ ਕਰਨਾ ਹੈ।
ਉਚੇਰੀ ਸਿੱਖਿਆ ਵਿਭਾਗ ਵੱਲੋਂ ‘ਆਦਿੱਤਿਆ ਬਿਰਲਾ ਐਜੂਕੇਸ਼ਨ ਟਰੱਸਟ’ (ABET) ਦੇ ਆਪਸੀ ਸਹਿਯੋਗ ਨਾਲ ਸ਼ੁਰੂ ਕੀਤੇ ਗਏ ਇਸ ਪ੍ਰਾਜੈਕਟ ਤਹਿਤ ਕਾਲਜ ਕੈਂਪਸਾਂ ਵਿੱਚ ਅਜਿਹਾ ਸਹਿਯੋਗੀ ਅਤੇ ਖ਼ੁਸ਼ਗਵਾਰ ਮਾਹੌਲ ਸਿਰਜਿਆ ਜਾਵੇਗਾ, ਜਿੱਥੇ ਵਿਦਿਆਰਥੀ ਮਾਨਸਿਕ ਪਰੇਸ਼ਾਨੀ ਦੇ ਸੰਕੇਤਾਂ ਦੀ ਪਛਾਣ ਕਰ ਸਕਣ, ਸਮੇਂ ਸਿਰ ਸਹੀ ਮਦਦ ਲੈ ਸਕਣ ਅਤੇ ਬਿਨਾਂ ਕਿਸੇ ਸਮਾਜਿਕ ਝਿਜਕ ਜਾਂ ਡਰ ਦੇ ਮਾਨਸਿਕ ਤਣਾਅ ਨਾਲ ਜੁੜੇ ਮੁੱਦਿਆਂ ‘ਤੇ ਖੁੱਲ੍ਹ ਕੇ ਚਰਚਾ ਕਰ ਸਕਣ।
ਸਿੱਖਿਆ ਮੰਤਰੀ ਹਰਜੋਤ ਬੈਂਸ ਅਤੇ ਮਨੀਸ਼ ਸਿਸੋਦੀਆ ਨੇ ਨੌਜਵਾਨਾਂ ਨਾਲ ਕੀਤਾ ਰਾਬਤਾ
ਇਨ੍ਹਾਂ ਕਲੱਬਾਂ ਦੀ ਸ਼ੁਰੂਆਤ ਮੌਕੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸ਼ਿਰਕਤ ਕੀਤੀ। ਉਨ੍ਹਾਂ ਨੇ ਹਾਜ਼ਰ ਵਿਦਿਆਰਥੀਆਂ ਨਾਲ ਸਿੱਧਾ ਰਾਬਤਾ ਕਾਇਮ ਕਰਦਿਆਂ ਨੌਜਵਾਨਾਂ ਦੇ ਸਸ਼ਕਤੀਕਰਨ ਵਿੱਚ ਵਿੱਦਿਅਕ ਅਦਾਰਿਆਂ ਦੀ ਅਹਿਮ ਭੂਮਿਕਾ ‘ਤੇ ਵਿਚਾਰ ਵਟਾਂਦਰਾ ਕੀਤਾ। ਇਸ ਦੌਰਾਨ ਨਸ਼ਿਆਂ ਨਾਲ ਜੁੜੇ ਕੇਸਾਂ ਵਿੱਚ ਸਮਾਜਿਕ ਝਿਜਕ ਅਤੇ ਨਮੋਸ਼ੀ ਨੂੰ ਖ਼ਤਮ ਕਰਨ, ਨੌਜਵਾਨਾਂ ਨੂੰ ਲੋੜ ਵੇਲੇ ਸਹਾਇਤਾ ਮੰਗਣ ਲਈ ਪ੍ਰੇਰਿਤ ਕਰਨ ਅਤੇ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਸਕੂਲ-ਕਾਲਜਾਂ, ਪਰਿਵਾਰਾਂ ਅਤੇ ਹਾਣੀਆਂ ਵਿਚਕਾਰ ਆਪਸੀ ਤਾਲਮੇਲ ਦੀ ਮਹੱਤਤਾ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ।
ਅਰਜੁਨ ਨੂੰ ਵੀ ਪਈ ਸੀ ਮਾਰਗਦਰਸ਼ਨ ਦੀ ਲੋੜ: ਹਰਜੋਤ ਸਿੰਘ ਬੈਂਸ
ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਮਹਾਨ ਯੋਧਿਆਂ ਵਿੱਚੋਂ ਇੱਕ ਅਰਜੁਨ ਨੂੰ ਵੀ ਆਪਣੇ ਜੀਵਨ ਦੌਰਾਨ ਮਾਨਸਿਕ ਅਤੇ ਭਾਵਨਾਤਮਕ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਸੀ, ਜਦਕਿ ਭਗਵਾਨ ਸ੍ਰੀ ਕ੍ਰਿਸ਼ਨ ਖ਼ੁਦ ਉਨ੍ਹਾਂ ਦੇ ਨਾਲ ਸਨ। ਇਹ ਇਤਿਹਾਸ ਸਾਨੂੰ ਯਾਦ ਦਿਵਾਉਂਦਾ ਹੈ ਕਿ ਨੌਜਵਾਨ ਵਰਗ ਨੂੰ ਹਮੇਸ਼ਾ ਸਹੀ ਅਗਵਾਈ ਅਤੇ ਚੰਗੇ ਮਾਰਗਦਰਸ਼ਕਾਂ ਦੀ ਲੋੜ ਰਹਿੰਦੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਨਸ਼ਾ ਕਰਨਾ ਕੋਈ ਮਾਣ ਵਾਲੀ ਗੱਲ ਨਹੀਂ ਹੈ, ਸਗੋਂ ਗ਼ਲਤ ਸੰਗਤ ਵਿੱਚ ਫਸ ਚੁੱਕੇ ਕਿਸੇ ਵਿਅਕਤੀ ਨੂੰ ਸਹੀ ਰਾਹ ‘ਤੇ ਵਾਪਸ ਲਿਆਉਣ ਵਿੱਚ ਮਦਦ ਕਰਨਾ ਅਸਲ ਮਾਣ ਦੀ ਗੱਲ ਹੈ। ‘ਸੰਗਤ’ ਪ੍ਰਾਜੈਕਟ ਦੀ ਕਲਪਨਾ ਨੌਜਵਾਨਾਂ ਵੱਲੋਂ, ਨੌਜਵਾਨਾਂ ਲਈ ਹੀ ਕੀਤੀ ਗਈ ਹੈ ਤਾਂ ਜੋ ਸਾਥੀਆਂ ਵਿਚਾਲੇ ਆਪਸੀ ਸਹਿਯੋਗ ਵਧੇ, ਮਾਨਸਿਕ ਸਿਹਤ ਵਿੱਚ ਸੁਧਾਰ ਹੋਵੇ ਅਤੇ ਨੌਜਵਾਨ ਆਪਣੇ ਭਵਿੱਖ ਲਈ ਤੰਦਰੁਸਤ ਬਦਲ ਚੁਣ ਸਕਣ।
ਭਾਵਨਾਤਮਕ ਸਿਹਤ ਵੱਲ ਤੁਰੰਤ ਧਿਆਨ ਦੇਣਾ ਸਮੇਂ ਦੀ ਮੁੱਖ ਲੋੜ: ਨੀਰਜਾ ਬਿਰਲਾ
ਆਦਿੱਤਿਆ ਬਿਰਲਾ ਐਜੂਕੇਸ਼ਨ ਟਰੱਸਟ ਅਤੇ ਐੱਮਪਾਵਰ (Mpower) ਦੀ ਸੰਸਥਾਪਕ ਤੇ ਚੇਅਰਪਰਸਨ ਨੀਰਜਾ ਬਿਰਲਾ ਨੇ ਨੌਜਵਾਨਾਂ ਵਿੱਚ ਭਾਵਨਾਤਮਕ ਤਣਾਅ, ਮਾਨਸਿਕ ਸਿਹਤ ਦੀਆਂ ਸਮੱਸਿਆਵਾਂ ਅਤੇ ਨਸ਼ਿਆਂ ਦਰਮਿਆਨ ਆਪਸੀ ਸਬੰਧਾਂ ਨੂੰ ਠੱਲ੍ਹ ਪਾਉਣ ਲਈ ਨਿਰੰਤਰ ਰੋਕਥਾਮ ਯਤਨਾਂ ਦੀ ਲੋੜ ਦਰਸਾਈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਨੌਜਵਾਨਾਂ ਸਾਹਮਣੇ ਖੜ੍ਹੀਆਂ ਚੁਣੌਤੀਆਂ ਸਿਰਫ਼ ਨਸ਼ਿਆਂ ਤੱਕ ਸੀਮਤ ਨਹੀਂ ਹਨ, ਸਗੋਂ ਭਾਵਨਾਤਮਕ ਅਤੇ ਮਾਨਸਿਕ ਸਿਹਤ ਨਾਲ ਜੁੜੀਆਂ ਵਧਦੀਆਂ ਚਿੰਤਾਵਾਂ ਕਾਰਨ ਸਮੇਂ ਸਿਰ ਦਖ਼ਲ ਦੇਣਾ ਪਹਿਲਾਂ ਨਾਲੋਂ ਕਿਤੇ ਵੱਧ ਜ਼ਰੂਰੀ ਹੋ ਗਿਆ ਹੈ।
ਇਹ ਵੀ ਪੜ੍ਹੋ
ਪੰਜਾਬ ਸਰਕਾਰ ਦੇ ਸਾਂਝੇ ਯਤਨਾਂ ਦੀ ਸ਼ਲਾਘਾ ਕਰਦਿਆਂ ਨੀਰਜਾ ਬਿਰਲਾ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਕਦਮ ਸ਼ਲਾਘਾਯੋਗ ਹੈ, ਜਿਸ ਨੇ ਇੱਕ ਸਾਂਝੇ ਟੀਚੇ ਤਹਿਤ ਸਰਕਾਰੀ ਮਹਿਕਮਿਆਂ, ਸਮਾਜਿਕ ਸੰਸਥਾਵਾਂ, ਅਧਿਆਪਕਾਂ, ਸਿਹਤ ਮਾਹਿਰਾਂ ਅਤੇ ਭਾਈਚਾਰਕ ਆਗੂਆਂ ਨੂੰ ਇੱਕ ਮੰਚ ‘ਤੇ ਇਕੱਠਾ ਕੀਤਾ ਹੈ। ਇਸ ਦਾ ਮਨੋਰਥ ਖਿੰਡੇ ਹੋਏ ਯਤਨਾਂ ਤੋਂ ਉੱਪਰ ਉੱਠ ਕੇ ਨਸ਼ਿਆਂ ਦੀ ਰੋਕਥਾਮ, ਇਲਾਜ, ਮੁੜ-ਵਸੇਬਾ ਅਤੇ ਸਮਾਜ ਵਿੱਚ ਮੁੜ ਸਤਿਕਾਰਤ ਸਥਾਨ ਦਿਵਾਉਣ ਲਈ ਇੱਕ ਸਥਾਈ ਢਾਂਚਾ ਵਿਕਸਿਤ ਕਰਨਾ ਹੈ। ਅਜਿਹੇ ਸਾਂਝੇ ਮਾਡਲ ਪੰਜਾਬ ਦੇ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਜ਼ਿੰਦਗੀ ਵਿੱਚ ਸਾਰਥਕ ਬਦਲਾਅ ਲਿਆਉਣ ਵਿੱਚ ਸਹਾਈ ਸਿੱਧ ਹੋਣਗੇ।
ਮੁਸ਼ਕਲਾਂ ਬਾਰੇ ਖੁੱਲ੍ਹ ਕੇ ਗੱਲ ਕਰਨਾ ਹੀ ਅਸਲ ਮਜ਼ਬੂਤੀ: ਅਪਾਰਸ਼ਕਤੀ ਖੁਰਾਣਾ
ਬਾਲੀਵੁੱਡ ਅਦਾਕਾਰ ਅਪਾਰਸ਼ਕਤੀ ਖੁਰਾਣਾ ਨੇ ਆਪਣੇ ਜੀਵਨ ਦੇ ਨਿੱਜੀ ਤਜਰਬੇ ਸਾਂਝੇ ਕਰਦਿਆਂ ਮਾਨਸਿਕ ਸਿਹਤ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੌਜਵਾਨਾਂ ਲਈ ਅਜਿਹਾ ਸੁਰੱਖਿਅਤ ਮਾਹੌਲ ਤਿਆਰ ਕਰਨ ਦੀ ਵਕਾਲਤ ਕੀਤੀ ਜਿੱਥੇ ਉਹ ਆਪਣੀਆਂ ਤਕਲੀਫ਼ਾਂ ਖੁੱਲ੍ਹ ਕੇ ਬਿਆਨ ਕਰ ਸਕਣ। ਉਨ੍ਹਾਂ ਕਿਹਾ ਕਿ ਅਸੀਂ ਅਕਸਰ ਨੌਜਵਾਨਾਂ ਨੂੰ ਮਜ਼ਬੂਤ ਰਹਿਣ ਲਈ ਆਖਦੇ ਹਾਂ, ਪਰ ਅਸਲ ਮਜ਼ਬੂਤੀ ਦਾ ਮਤਲਬ ਇਹ ਵੀ ਹੈ ਕਿ ਤੁਸੀਂ ਜਿਸ ਮਾਨਸਿਕ ਸਥਿਤੀ ਵਿੱਚੋਂ ਲੰਘ ਰਹੇ ਹੋ, ਉਸ ਬਾਰੇ ਇਮਾਨਦਾਰੀ ਨਾਲ ਗੱਲ ਕਰ ਸਕੋ ਅਤੇ ਲੋੜ ਪੈਣ ‘ਤੇ ਬੇਝਿਜਕ ਮਦਦ ਮੰਗੋ। ਉਨ੍ਹਾਂ ਅੱਗੇ ਕਿਹਾ ਕਿ ਨੌਜਵਾਨਾਂ ‘ਤੇ ਪੈਣ ਵਾਲਾ ਦਬਾਅ ਹਮੇਸ਼ਾ ਬਾਹਰੋਂ ਨਜ਼ਰ ਨਹੀਂ ਆਉਂਦਾ, ਇਸ ਲਈ ਦੋਸਤਾਂ, ਮਾਪਿਆਂ ਅਤੇ ਅਧਿਆਪਕਾਂ ਨੂੰ ਬਿਨਾਂ ਕਿਸੇ ਨੁਕਤਾਚੀਨੀ ਦੇ ਉਨ੍ਹਾਂ ਦੀ ਗੱਲ ਸੁਣਨ ਦਾ ਮਾਹੌਲ ਬਣਾਉਣਾ ਚਾਹੀਦਾ ਹੈ। ਉਨ੍ਹਾਂ ਆਪਣੀ ਦਾਦੀ ਦੀ ਕਹਾਵਤ ਯਾਦ ਕਰਦਿਆਂ ਕਿਹਾ ਕਿ ਚੰਗੀ ਸੰਗਤ ਬੇਹੱਦ ਜ਼ਰੂਰੀ ਹੁੰਦੀ ਹੈ ਅਤੇ ਇਹ ਪਹਿਲਕਦਮੀ ਨੌਜਵਾਨਾਂ ਨੂੰ ਇੱਕ-ਦੂਜੇ ਦਾ ਸਹਾਰਾ ਬਣਨ ਲਈ ਪ੍ਰੇਰਿਤ ਕਰੇਗੀ।
ਵਿਦਿਆਰਥੀਆਂ ਨੂੰ ਮਿਲੇਗੀ ‘ਯੂਥ ਮੈਂਟਲ ਹੈਲਥ ਫਸਟ ਏਡ’ ਦੀ ਸਿਖਲਾਈ
ਇਸ ਪ੍ਰੋਗਰਾਮ ਅਧੀਨ ਹਰੇਕ ਚੁਣੇ ਗਏ ਕਾਲਜ ਵਿੱਚੋਂ 25 ਵਿਦਿਆਰਥੀਆਂ ਨੂੰ 14 ਘੰਟਿਆਂ ਦੀ ਵਿਸ਼ੇਸ਼ ‘ਯੂਥ ਮੈਂਟਲ ਹੈਲਥ ਫਸਟ ਏਡ’ (YMHFA) ਸਿਖਲਾਈ ਦਿੱਤੀ ਜਾਵੇਗੀ ਅਤੇ ਇਸ ਉਪਰੰਤ ਉਨ੍ਹਾਂ ਨੂੰ ਪ੍ਰਮਾਣ-ਪੱਤਰ ਵੀ ਪ੍ਰਦਾਨ ਕੀਤੇ ਜਾਣਗੇ। ਇਹ ਸਿਖਲਾਈ ਵਿਦਿਆਰਥੀਆਂ ਨੂੰ ਮਾਨਸਿਕ ਤਣਾਅ ਦੇ ਲੱਛਣਾਂ ਦੀ ਪਛਾਣ ਕਰਨ, ਆਪਣੇ ਹਾਣੀ ਸਾਥੀਆਂ ਨੂੰ ਸ਼ੁਰੂਆਤੀ ਪੱਧਰ ‘ਤੇ ਮਾਨਸਿਕ ਸਹਾਰਾ ਦੇਣ ਅਤੇ ਲੋੜ ਪੈਣ ‘ਤੇ ਉਨ੍ਹਾਂ ਨੂੰ ਪੇਸ਼ੇਵਰ ਕੌਂਸਲਰਾਂ ਕੋਲ ਲਿਜਾਣ ਵਿੱਚ ਮਦਦਗਾਰ ਬਣਾਏਗੀ। ਇਸ ਸਮੁੱਚੇ ਪ੍ਰੋਗਰਾਮ ਨੂੰ ਆਦਿੱਤਿਆ ਬਿਰਲਾ ਐਜੂਕੇਸ਼ਨ ਟਰੱਸਟ ਦੀ ਸ਼ਾਖਾ ‘ਐੱਮਪਾਵਰ’ ਵੱਲੋਂ ਆਪਣੇ ‘ਕੋਪ’ (ਕੌਂਸਲਿੰਗ ਐਂਡ ਆਊਟਰੀਚ ਫ਼ਾਰ ਪੀਅਰ ਇੰਪਾਵਰਮੈਂਟ) ਢਾਂਚੇ ਤਹਿਤ ਲਾਗੂ ਕੀਤਾ ਜਾ ਰਿਹਾ ਹੈ।
ਇਸ ਸਮਾਗਮ ਵਿੱਚ ‘ਯੁਵਾ’ (Yuvaa) ਦੇ ਸਹਿ-ਸੰਸਥਾਪਕ ਨਿਖਿਲ ਤਨੇਜਾ ਨੇ ਵੀ ਸ਼ਿਰਕਤ ਕੀਤੀ ਅਤੇ ਨੌਜਵਾਨਾਂ ਦੀਆਂ ਭਾਵਨਾਵਾਂ ਨੂੰ ਸੁਣਨ ਤੇ ਸਮਝਣ ਵਾਲਾ ਵਾਤਾਵਰਣ ਤਿਆਰ ਕਰਨ ‘ਤੇ ਜ਼ੋਰ ਦਿੱਤਾ। ਸਮਾਗਮ ਦੌਰਾਨ ਮਸ਼ਹੂਰ ਪੰਜਾਬੀ ਕਾਮੇਡੀਅਨ ਮਨਪ੍ਰੀਤ ਸਿੰਘ (ਦ ਕੌਮਿਕ ਸਿੰਘ) ਨੇ ਵੀ ਆਪਣੀ ਕਲਾ ਰਾਹੀਂ ਹਾਜ਼ਰੀ ਲਵਾਈ। ਇਸ ਮੌਕੇ ਉਚੇਰੀ ਸਿੱਖਿਆ ਵਿਭਾਗ ਦੇ ਸੀਨੀਅਰ ਅਧਿਕਾਰੀ, ਸਬੰਧਤ ਕਾਲਜਾਂ ਦੇ ਨੋਡਲ ਪ੍ਰੋਫੈਸਰ, ‘ਸੰਗਤ’ ਕਲੱਬਾਂ ਦੇ ਵਿਦਿਆਰਥੀ ਮੈਂਬਰ ਅਤੇ ਆਦਿੱਤਿਆ ਬਿਰਲਾ ਐਜੂਕੇਸ਼ਨ ਟਰੱਸਟ ਦੇ ਨੁਮਾਇੰਦੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਮਾਨਸਿਕ ਸਿਹਤ ਨੂੰ ਨਸ਼ਿਆਂ ਦੀ ਰੋਕਥਾਮ ਦੀ ਰਣਨੀਤੀ ਦਾ ਮੁੱਖ ਧੁਰਾ ਬਣਾਉਂਦਿਆਂ ‘ਸੰਗਤ’ ਪ੍ਰਾਜੈਕਟ ਦਾ ਉਦੇਸ਼ ਵਿਦਿਆਰਥੀਆਂ ਨੂੰ ਆਪਣੇ ਸਾਥੀਆਂ ਦਾ ਸਹਾਰਾ ਬਣਨ, ਸਮੇਂ ਸਿਰ ਮਾਨਸਿਕ ਸਮੱਸਿਆਵਾਂ ਦਾ ਹੱਲ ਕੱਢਣ ਅਤੇ ਕਾਲਜ ਕੈਂਪਸਾਂ ਵਿੱਚ ਉਸਾਰੂ ਮਾਹੌਲ ਪੈਦਾ ਕਰਨ ਲਈ ਸਮਰੱਥ ਬਣਾਉਣਾ ਹੈ। ਇਹ ਪਹਿਲਕਦਮੀ ਪੰਜਾਬ ਸਰਕਾਰ ਦੇ ਉਨ੍ਹਾਂ ਵਿਆਪਕ ਯਤਨਾਂ ਦਾ ਅਹਿਮ ਹਿੱਸਾ ਹੈ, ਜਿਸ ਵਿੱਚ ਨਸ਼ਿਆਂ ਦੀ ਰੋਕਥਾਮ, ਜਾਗਰੂਕਤਾ ਅਤੇ ਸਮੂਹਿਕ ਜ਼ਿੰਮੇਵਾਰੀ ਨੂੰ ਪ੍ਰਮੁੱਖਤਾ ਦਿੱਤੀ ਜਾ ਰਹੀ ਹੈ।


