AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

CM ਮਾਨ ਵੱਲੋਂ ਪੁਲਿਸ ਦੀਆਂ ਸਪੈਸ਼ਲ ਯੂਨਿਟਾਂ ਨਾਲ ਸਮੀਖਿਆ ਮੀਟਿੰਗ, 8 ਮਹੀਨਿਆਂ ‘ਚ 10 ਮੁਲਜ਼ਮ ਲਿਆਂਦੇ ਵਾਪਸ

ਮੁੱਖ ਮੰਤਰੀ ਭਗਵੰਤ ਮਾਨ ਨੇ ਕਾਊਂਟਰ ਇੰਟੈਲੀਜੈਂਸ, AGTF ਅਤੇ ANTF ਵਰਗੀਆਂ ਵਿਸ਼ੇਸ਼ ਪੁਲਿਸ ਇਕਾਈਆਂ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਸੰਗਠਿਤ ਅਪਰਾਧ ਅਤੇ ਨਸ਼ਿਆਂ ਵਿਰੁੱਧ ਕਾਰਵਾਈਆਂ ਤੇਜ਼ ਕਰਨ ਦੇ ਹੁਕਮ ਦਿੱਤੇ। ਇਸ ਦੌਰਾਨ ਵਿਦੇਸ਼ਾਂ ਵਿੱਚੋਂ 8 ਮਹੀਨਿਆਂ ਦੌਰਾਨ 10 ਭਗੌੜੇ ਵਾਪਸ ਲਿਆਉਣ ਵਾਲੇ OFTEC ਸੈੱਲ ਦੀ ਕਾਰਗੁਜ਼ਾਰੀ ਦੀ ਵਿਸ਼ੇਸ਼ ਸ਼ਲਾਘਾ ਕੀਤੀ ਗਈ।

CM ਮਾਨ ਵੱਲੋਂ ਪੁਲਿਸ ਦੀਆਂ ਸਪੈਸ਼ਲ ਯੂਨਿਟਾਂ ਨਾਲ ਸਮੀਖਿਆ ਮੀਟਿੰਗ, 8 ਮਹੀਨਿਆਂ 'ਚ 10 ਮੁਲਜ਼ਮ ਲਿਆਂਦੇ ਵਾਪਸ
tv9-punjabi
| Updated On: 15 Sep 2026 16:35 PM IST
Share

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਪੰਜਾਬ ਪੁਲਿਸ ਦੀਆਂ ਅਹਿਮ ਵਿਸ਼ੇਸ਼ ਯੂਨਿਟਾਂ ਦੇ ਕੰਮਕਾਜ ਅਤੇ ਉਨ੍ਹਾਂ ਦੀਆਂ ਆਪ੍ਰੇਸ਼ਨਲ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਇੱਕ ਅਹਿਮ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਮੀਟਿੰਗ ਦੌਰਾਨ ਮੁੱਖ ਤੌਰ ‘ਤੇ ਕਾਊਂਟਰ ਇੰਟੈਲੀਜੈਂਸ (CI), ਐਂਟੀ ਗੈਂਗਸਟਰ ਟਾਸਕ ਫੋਰਸ (AGTF) ਅਤੇ ਐਂਟੀ ਨਾਰਕੋਟਿਕਸ ਟਾਸਕ ਫੋਰਸ (ANTF) ਵੱਲੋਂ ਜ਼ਮੀਨੀ ਪੱਧਰ ‘ਤੇ ਕੀਤੀਆਂ ਜਾ ਰਹੀਆਂ ਕਾਰਵਾਈਆਂ ਦਾ ਵਿਸਥਾਰਪੂਰਵਕ ਜਾਇਜ਼ਾ ਲਿਆ ਗਿਆ। ਮੁੱਖ ਮੰਤਰੀ ਨੇ ਸੂਬੇ ਵਿੱਚੋਂ ਗੈਂਗਸਟਰਵਾਦ, ਸੰਗਠਿਤ ਜੁਰਮ ਅਤੇ ਨਸ਼ਾ ਤਸਕਰੀ ਦੇ ਸਮੁੱਚੇ ਨੈੱਟਵਰਕ ਨੂੰ ਜੜ੍ਹੋਂ ਪੁੱਟਣ ਲਈ ਪੁਲਿਸ ਅਧਿਕਾਰੀਆਂ ਨੂੰ ਪੁਖ਼ਤਾ ਖ਼ੁਫ਼ੀਆ ਜਾਣਕਾਰੀ ਦੇ ਆਧਾਰ ‘ਤੇ ਲਗਾਤਾਰ ਵੱਡੇ ਅਪਰੇਸ਼ਨ ਵਿੱਢਣ ਦੇ ਨਿਰਦੇਸ਼ ਜਾਰੀ ਕੀਤੇ।

ਇਸ ਉੱਚ-ਪੱਧਰੀ ਬੈਠਕ ਵਿੱਚ ਕਾਊਂਟਰ ਇੰਟੈਲੀਜੈਂਸ ਦੇ ਏਡੀਜੀਪੀ ਅਮਿਤ ਪ੍ਰਸਾਦ, ਐਂਟੀ ਗੈਂਗਸਟਰ ਟਾਸਕ ਫੋਰਸ ਦੇ ਏਡੀਜੀਪੀ ਪ੍ਰਮੋਦ ਬਾਨ ਅਤੇ ਐਂਟੀ ਨਾਰਕੋਟਿਕਸ ਟਾਸਕ ਫੋਰਸ ਦੇ ਏਡੀਜੀਪੀ ਨੀਲਾਭ ਕਿਸ਼ੋਰ ਸਮੇਤ ਪੁਲਿਸ ਵਿਭਾਗ ਦੇ ਕਈ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।

8 ਮਹੀਨਿਆਂ ਵਿੱਚ 10 ਵਿਦੇਸ਼ੀ ਭਗੌੜੇ ਲਿਆਂਦੇ ਗਏ ਭਾਰਤ

ਮੀਟਿੰਗ ਦੌਰਾਨ ਵਿਦੇਸ਼ਾਂ ਦੀ ਧਰਤੀ ‘ਤੇ ਲੁਕੇ ਬੈਠੇ ਅਪਰਾਧੀਆਂ ਅਤੇ ਭਗੌੜਿਆਂ ਨੂੰ ਵਾਪਸ ਭਾਰਤ ਲਿਆਉਣ ਦੇ ਮਕਸਦ ਨਾਲ ਸਥਾਪਿਤ ਕੀਤੇ ਗਏ ਓਵਰਸੀਜ਼ ਫਿਊਜਿਟਿਵ ਟ੍ਰੈਕਿੰਗ ਐਂਡ ਐਕਸਟਰਾਡੀਸ਼ਨ ਸੈੱਲ (OFTEC) ਦੀ ਕਾਰਗੁਜ਼ਾਰੀ ਦੀ ਵੀ ਡੂੰਘਾਈ ਨਾਲ ਸਮੀਖਿਆ ਕੀਤੀ ਗਈ। ਇਸ ਵਿਸ਼ੇਸ਼ ਸੈੱਲ ਦੀ ਕਮਾਨ ਆਈਜੀ ਅਸ਼ੀਸ਼ ਚੌਧਰੀ ਵੱਲੋਂ ਸੰਭਾਲੀ ਜਾ ਰਹੀ ਹੈ। ਪੁਲਿਸ ਰਿਪੋਰਟਾਂ ਮੁਤਾਬਕ ਜਨਵਰੀ 2026 ਵਿੱਚ ਸ਼ੁਰੂ ਕੀਤੇ ਗਏ ਇਸ ਸੈੱਲ ਨੇ ਆਪਣੀ ਸਥਾਪਨਾ ਦੇ ਪਹਿਲੇ 8 ਮਹੀਨਿਆਂ ਦੇ ਅੰਦਰ ਹੀ 10 ਵੱਡੇ ਭਗੌੜਿਆਂ ਨੂੰ ਭਾਰਤ ਲਿਆਉਣ ਵਿੱਚ ਇਤਿਹਾਸਕ ਕਾਮਯਾਬੀ ਦਰਜ ਕੀਤੀ ਹੈ।

ਇਨ੍ਹਾਂ ਵਿੱਚੋਂ 9 ਮੁਲਜ਼ਮਾਂ ਨੂੰ ਡਿਪੋਰਟੇਸ਼ਨ (ਦੇਸ਼ ਨਿਕਾਲਾ) ਪ੍ਰਕਿਰਿਆ ਰਾਹੀਂ ਲਿਆਂਦਾ ਗਿਆ, ਜਦਕਿ ਇੱਕ ਖ਼ਤਰਨਾਕ ਮੁਲਜ਼ਮ ਨੂੰ ਕਾਨੂੰਨੀ ਹਵਾਲਗੀ (ਐਕਸਟਰਾਡੀਸ਼ਨ) ਪ੍ਰਕਿਰਿਆ ਅਧੀਨ ਵਾਪਸ ਲਿਆਂਦਾ ਗਿਆ ਹੈ। ਮੁੱਖ ਮੰਤਰੀ ਨੇ ਇਸ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਲਈ ਏਆਈਜੀ ਡੀ. ਸੁਦਰਵਿਝੀ ਅਤੇ ਐੱਸਪੀ ਦੀਪਿਕਾ ਸਿੰਘ ਦੇ ਯਤਨਾਂ ਦੀ ਵਿਸ਼ੇਸ਼ ਤੌਰ ‘ਤੇ ਸ਼ਲਾਘਾ ਕੀਤੀ।

ਮੋਲਦੋਵਾ ਤੋਂ ਗੈਂਗਸਟਰ ਅੰਮ੍ਰਿਤ ਡਾਲਮ ਦੀ ਹਵਾਲਗੀ ‘ਤੇ ਮਿਲਿਆ ਸਨਮਾਨ

ਮੀਟਿੰਗ ਦੌਰਾਨ ਐੱਸਪੀ ਬਿਕਰਮ ਬਰਾੜ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਵਿਸ਼ੇਸ਼ ਯਾਦਗਾਰੀ ਚਿੰਨ੍ਹ ਭੇਟ ਕੀਤਾ। ਇਹ ਯਾਦਗਾਰੀ ਚਿੰਨ੍ਹ ਮੋਲਦੋਵਾ ਗਣਰਾਜ ਦੇ ਅਧਿਕਾਰੀਆਂ ਵੱਲੋਂ ਦੋਵਾਂ ਦੇਸ਼ਾਂ ਦੀ ਉੱਚ-ਪੱਧਰੀ ਬੈਠਕ ਦੌਰਾਨ ਪੰਜਾਬ ਪੁਲਿਸ ਨੂੰ ਦਿੱਤਾ ਗਿਆ ਸੀ। ਪੁਲਿਸ ਅਨੁਸਾਰ ਮੋਲਦੋਵਾ ਦੇ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਬਦਨਾਮ ਜੱਗੂ ਭਗਵਾਨਪੁਰੀਆ ਗੈਂਗ ਦੇ ਪ੍ਰਮੁੱਖ ਸਰਗਰਮ ਮੈਂਬਰ ਅੰਮ੍ਰਿਤਪਾਲ ਸਿੰਘ ਉਰਫ਼ ਅੰਮ੍ਰਿਤ ਡਾਲਮ ਨੂੰ ਯੂਰਪੀ ਦੇਸ਼ ਮੋਲਦੋਵਾ ਤੋਂ ਕਾਨੂੰਨੀ ਹਵਾਲਗੀ ਪ੍ਰਕਿਰਿਆ ਰਾਹੀਂ ਭਾਰਤ ਲਿਆਉਣ ਵਿੱਚ ਵੱਡੀ ਸਫ਼ਲਤਾ ਮਿਲੀ ਸੀ।

AGTF ਦੀ ਕਾਰਗੁਜ਼ਾਰੀ ਦੀ ਤਾਰੀਫ਼

ਮੁੱਖ ਮੰਤਰੀ ਨੇ ਸੂਬੇ ਭਰ ਵਿੱਚ ਗੈਂਗਸਟਰਾਂ ਦੇ ਨੈੱਟਵਰਕ ਨੂੰ ਤਹਿਸ-ਨਹਿਸ ਕਰਨ ਵਿੱਚ ਲੱਗੀ AGTF ਦੀ ਕਾਰਜਸ਼ੈਲੀ ਅਤੇ ਉਨ੍ਹਾਂ ਦੀਆਂ ਜ਼ਮੀਨੀ ਪ੍ਰਾਪਤੀਆਂ ‘ਤੇ ਤਸੱਲੀ ਪ੍ਰਗਟਾਈ। ਉਨ੍ਹਾਂ ਡੀਐੱਸਪੀ ਰਾਜਨ ਪਰਮਿੰਦਰ ਸਿੰਘ ਅਤੇ ਉਨ੍ਹਾਂ ਦੀ ਆਪ੍ਰੇਸ਼ਨਲ ਟੀਮ ਵੱਲੋਂ ਦਿਖਾਈ ਗਈ ਦਲੇਰੀ ਦੀ ਪ੍ਰਸ਼ੰਸਾ ਕੀਤੀ। ਇਸੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਾਨਦਾਰ ਸੇਵਾਵਾਂ ਬਦਲੇ ਆਊਟ ਆਫ਼ ਟਰਨ ਪ੍ਰਮੋਸ਼ਨ ਹਾਸਲ ਕਰਨ ਵਾਲੇ ਸੁਖਜੀਤ ਸਿੰਘ ਦੀ ਪਿਪਿੰਗ ਰਸਮ ਅਦਾ ਕਰਦਿਆਂ ਉਨ੍ਹਾਂ ਦੇ ਮੋਢਿਆਂ ‘ਤੇ ਡੀਐੱਸਪੀ ਰੈਂਕ ਦੇ ਬੈਜ ਲਗਾਏ। ਇੰਸਪੈਕਟਰ ਤੋਂ ਡੀਐੱਸਪੀ ਬਣੇ ਸੁਖਜੀਤ ਸਿੰਘ ਨੂੰ ਵਧਾਈ ਦਿੰਦਿਆਂ ਮੁੱਖ ਮੰਤਰੀ ਨੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਸਰਹੱਦ ਪਾਰ ਅਤੇ ਵਿਦੇਸ਼ੀ ਨੈੱਟਵਰਕ ‘ਤੇ ਸਖ਼ਤ ਨਜ਼ਰ: ਮੁੱਖ ਮੰਤਰੀ

ਮੀਟਿੰਗ ਉਪਰੰਤ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਸੂਬੇ ਵਿੱਚੋਂ ਸੰਗਠਿਤ ਅਪਰਾਧ ਅਤੇ ਨਸ਼ਿਆਂ ਦੇ ਜਾਲ ਨੂੰ ਖ਼ਤਮ ਕਰਨ ਲਈ ਮੁਹਿੰਮ ਨਿਰੰਤਰ ਜਾਰੀ ਰਹੇਗੀ। ਪੰਜਾਬ ਪੁਲਿਸ ਹੁਣ ਸਿਰਫ਼ ਸਥਾਨਕ ਪੱਧਰ ‘ਤੇ ਹੀ ਨਹੀਂ, ਸਗੋਂ ਕੇਂਦਰੀ ਤੇ ਕੌਮਾਂਤਰੀ ਜਾਂਚ ਏਜੰਸੀਆਂ ਨਾਲ ਮਿਲ ਕੇ ਖ਼ੁਫ਼ੀਆ ਜਾਣਕਾਰੀਆਂ ਸਾਂਝੀਆਂ ਕਰਦਿਆਂ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਦਾ ਮੁੱਖ ਧਿਆਨ ਵਿਦੇਸ਼ਾਂ ਵਿੱਚ ਬੈਠ ਕੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀਆਂ ਸਾਜ਼ਿਸ਼ਾਂ ਘੜਨ ਵਾਲੇ ਭਗੌੜਿਆਂ, ਉਨ੍ਹਾਂ ਦੇ ਸਥਾਨਕ ਕਾਰਿੰਦਿਆਂ ਅਤੇ ਵਿੱਤੀ ਮਦਦਗਾਰਾਂ ਨੂੰ ਕਾਬੂ ਕਰਕੇ ਕਾਨੂੰਨ ਦੇ ਕਟਹਿਰੇ ਵਿੱਚ ਖੜ੍ਹਾ ਕਰਨ ‘ਤੇ ਕੇਂਦਰਿਤ ਹੈ।

Follow Us