ਨਸ਼ਿਆਂ ਖਿਲਾਫ਼ ਜੰਗ ਨੂੰ ਲੋਕ ਲਹਿਰ ਬਣਾਉਣ ਦੀ ਲੋੜ… ਝੋਟਾ ਦੇ ਮੁਲਜ਼ਮਾਂ ਨੂੰ ਮਿਲੇਗੀ ਮਿਸਾਲੀ ਸਜ਼ਾ…ਸੀਐਮ ਮਾਨ ਦਾ ਸਖ਼ਤ ਸੰਦੇਸ਼
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਇੱਕ ਅਹਿਮ ਦੌਰੇ ਤਹਿਤ ਜਲੰਧਰ ਪਹੁੰਚੇ। ਆਪਣੀ ਇਸ ਫੇਰੀ ਦੌਰਾਨ ਮੁੱਖ ਮੰਤਰੀ ਨੇ ਪੰਜਾਬ ਗਊ ਸੇਵਾ ਕਮਿਸ਼ਨ ਦੇ ਅਹੁਦੇਦਾਰਾਂ ਅਤੇ ਸੂਬੇ ਭਰ ਦੀਆਂ ਵੱਖ-ਵੱਖ ਗਊਸ਼ਾਲਾਵਾਂ ਦੇ ਪ੍ਰਬੰਧਕਾਂ ਤੇ ਨੁਮਾਇੰਦਿਆਂ ਨਾਲ ਇੱਕ ਵਿਸ਼ੇਸ਼ ਅਤੇ ਸੰਖੇਪ ਮੀਟਿੰਗ ਕੀਤੀ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਵਿੱਚ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਸ਼ੁਰੂ ਕੀਤੀ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਸੂਬੇ ਭਰ ਦੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨਾਲ ਇੱਕ ਵਿਸ਼ਾਲ ਇਕੱਠ ਨੂੰ ਸੰਬੋਧਨ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਅਮਨ ਅਰੋੜਾ, ਡਾ. ਬਲਬੀਰ ਸਿੰਘ, ਹਰਦੀਪ ਸਿੰਘ ਮੁੰਡੀਆਂ, ਤਰੁਨਪ੍ਰੀਤ ਸਿੰਘ ਸੌਂਦ, ਡੀਜੀਪੀ ਗੌਰਵ ਯਾਦਵ ਸਮੇਤ ਸਮੂਹ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ (DC), ਐੱਸਐੱਸਪੀ (SSP), ਕਮਿਸ਼ਨਰ ਆਫ਼ ਪੁਲਿਸ ਅਤੇ ਡੀਐੱਸਪੀਜ਼ ਮੌਜੂਦ ਰਹੇ।
ਮੁੱਖ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਸਪੱਸ਼ਟ ਕੀਤਾ ਕਿ ਨਸ਼ਿਆਂ ਵਿਰੁੱਧ ਲੜਾਈ ਸਿਰਫ਼ ਪੁਲਿਸ ਦੀ ਜ਼ਿੰਮੇਵਾਰੀ ਨਹੀਂ ਹੈ, ਸਗੋਂ ਇਸ ਨੂੰ ਇੱਕ ਵਿਆਪਕ ਲੋਕ ਲਹਿਰ ਬਣਾਉਣ ਦੀ ਲੋੜ ਹੈ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨਸ਼ੇ ਦੀ ਦਲਦਲ ਵਿੱਚ ਫਸੇ ਨੌਜਵਾਨਾਂ ਨੂੰ ਮੁਲਜ਼ਮ ਨਹੀਂ ਸਗੋਂ ਮਰੀਜ਼ ਮੰਨ ਕੇ ਉਨ੍ਹਾਂ ਦਾ ਮੁੜ ਵਸੇਬਾ ਅਤੇ ਇਲਾਜ ਕਰਵਾਇਆ ਜਾਵੇ, ਜਦਕਿ ਨਸ਼ਾ ਤਸਕਰਾਂ ਦੀ ਸਪਲਾਈ ਚੇਨ ਨੂੰ ਜੜ੍ਹੋਂ ਤੋੜਨਾ ਸਰਕਾਰ ਅਤੇ ਪੁਲਿਸ ਦਾ ਮੁੱਖ ਟੀਚਾ ਹੋਣਾ ਚਾਹੀਦਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਕਿਸੇ ਵੀ ਨਸ਼ਾ ਤਸਕਰ ਦੀ ਸਿਫ਼ਾਰਸ਼ ਸਰਕਾਰ ਵੱਲੋਂ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਅਧਿਕਾਰੀ ਬਿਨਾਂ ਕਿਸੇ ਸਿਆਸੀ ਦਬਾਅ ਜਾਂ ਡਰ ਦੇ ਪੂਰੀ ਇਮਾਨਦਾਰੀ ਨਾਲ ਕਾਰਵਾਈ ਕਰਨ।
ਸਟੇਜ ਤੋਂ ਕੀਤਾ ਵੱਡਾ ਐਲਾਨ
ਸਮਾਗਮ ਦੌਰਾਨ ਡੀਜੀਪੀ ਗੌਰਵ ਯਾਦਵ ਵੱਲੋਂ ਫ਼ੀਲਡ ਵਿੱਚ ਕੰਮ ਕਰ ਰਹੇ ਸਬ-ਡਵੀਜ਼ਨਲ ਡੀਐੱਸਪੀਜ਼ ਲਈ ਵਾਹਨਾਂ ਦੀ ਘਾਟ ਦਾ ਮੁੱਦਾ ਚੁੱਕਿਆ ਗਿਆ। ਇਸ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੌਕੇ ਤੇ ਹੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਸਲਾਹ-ਮਸ਼ਵਰਾ ਕਰਕੇ ਸੂਬੇ ਦੇ ਸਮੂਹ 117 ਡੀਐੱਸਪੀਜ਼ (ਸਬ-ਡਵੀਜ਼ਨਾਂ) ਲਈ ਨਵੀਆਂ ਗੱਡੀਆਂ ਖ਼ਰੀਦਣ ਦੀ ਮਨਜ਼ੂਰੀ ਦੇ ਦਿੱਤੀ।
ਮੁੱਖ ਮੰਤਰੀ ਨੇ ਪਿਛਲੇ ਦੌਰ ਦੀਆਂ ਸਰਕਾਰਾਂ ਤੇ ਚੋਟ ਕਰਦਿਆਂ ਕਿਹਾ ਕਿ ਪਹਿਲਾਂ ਥਾਣਾ ਮੁਖੀਆਂ ਅਤੇ ਅਧਿਕਾਰੀਆਂ ਕੋਲ ਖ਼ਸਤਾਹਾਲ ਵਾਹਨ ਹੁੰਦੇ ਸਨ, ਜਦਕਿ ਹੁਣ ਪੰਜਾਬ ਪੁਲਿਸ ਨੂੰ ਆਧੁਨਿਕ ਵਾਹਨਾਂ, ਐਂਟੀ-ਡਰੋਨ ਤਕਨੀਕਾਂ ਅਤੇ ਅਤਿ-ਆਧੁਨਿਕ ਸਾਜ਼ੋ-ਸਾਮਾਨ ਨਾਲ ਲੈਸ ਕੀਤਾ ਜਾ ਰਿਹਾ ਹੈ ਤਾਂ ਜੋ ਕਾਨੂੰਨ-ਵਿਵਸਥਾ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।
ਇਹ ਵੀ ਪੜ੍ਹੋ
ਪਰਵਿੰਦਰ ਝੋਟਾ ਕਤਲ ਕਾਂਡ ਤੇ ਸਖ਼ਤ ਰੁਖ਼
ਮਾਨਸਾ ਵਿਖੇ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਇਸ ਨੂੰ ਬੇਹੱਦ ਮੰਦਭਾਗੀ ਘਟਨਾ ਕਰਾਰ ਦਿੱਤਾ। ਉਨ੍ਹਾਂ ਸਖ਼ਤ ਸ਼ਬਦਾਂ ਵਿੱਚ ਚਿਤਾਵਨੀ ਦਿੱਤੀ ਕਿ ਇਸ ਘਟਨਾ ਵਿੱਚ ਸ਼ਾਮਲ ਮੁਲਜ਼ਮਾਂ ਅਤੇ ਇਸ ਪਿੱਛੇ ਸਾਜ਼ਿਸ਼ ਰਚਣ ਵਾਲੇ ਕਿਸੇ ਵੀ ਅਨਸਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਸਮਾਜ ਸੇਵੀਆਂ ਅਤੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਪ੍ਰਸ਼ਾਸਨ ਦੀ ਪ੍ਰਮੁੱਖ ਤਰਜੀਹ ਹੈ।
ਪੰਜਾਬ ਨੂੰ ਬਦਨਾਮ ਕਰਨ ਵਾਲਿਆਂ ਨੂੰ ਕਰਾਰਾ ਜਵਾਬ
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਜਾਣਬੁੱਝ ਕੇ ਨਸ਼ਿਆਂ ਅਤੇ ਪਰਾਲੀ ਦੇ ਧੂੰਏਂ ਦੇ ਨਾਂਅ ਤੇ ਬਦਨਾਮ ਕੀਤਾ ਜਾਂਦਾ ਹੈ। ਉਨ੍ਹਾਂ ਤਰਕ ਦਿੱਤਾ ਕਿ ਜਿਸ ਤਰ੍ਹਾਂ ਗੁਆਂਢੀ ਸੂਬਿਆਂ ਹਰਿਆਣਾ, ਰਾਜਸਥਾਨ ਅਤੇ ਯੂਪੀ ਵਿੱਚ ਵੀ ਪਰਾਲੀ ਸੜਦੀ ਹੈ ਪਰ ਨਿਸ਼ਾਨਾ ਸਿਰਫ਼ ਪੰਜਾਬ ਨੂੰ ਬਣਾਇਆ ਜਾਂਦਾ ਹੈ, ਉਸੇ ਤਰ੍ਹਾਂ ਨਸ਼ਿਆਂ ਦੇ ਮਾਮਲੇ ਵਿੱਚ ਵੀ ਸੂਬੇ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਹੁੰਦੀ ਹੈ।
ਕੇਂਦਰ ਸਰਕਾਰ ਤੇ ਨਿਸ਼ਾਨਾ ਸੇਧਦਿਆਂ ਭਗਵੰਤ ਮਾਨ ਨੇ ਕਿਹਾ ਕਿ ਸਰਹੱਦ ਤੇ 50 ਕਿਲੋਮੀਟਰ ਦਾ ਦਾਇਰਾ ਬੀਐੱਸਐੱਫ (BSF) ਦੇ ਅਧੀਨ ਹੈ ਅਤੇ ਗੁਜਰਾਤ ਦੇ ਕਾਂਡਲਾ ਪੋਰਟ ਤੋਂ ਹਜ਼ਾਰਾਂ ਕਿੱਲੋ ਨਸ਼ੀਲੇ ਪਦਾਰਥ ਫੜੇ ਜਾਂਦੇ ਹਨ ਜੋ ਸਿੱਧੇ ਤੌਰ ਤੇ ਕੇਂਦਰੀ ਏਜੰਸੀਆਂ ਦੇ ਅਧੀਨ ਆਉਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੇ ਆਪਣੀ ਸਰਹੱਦ ਤੇ ਨਸ਼ਿਆਂ ਦੀ ਤਸਕਰੀ ਰੋਕਣ ਲਈ ਆਪਣੇ ਸਾਧਨਾਂ ਨਾਲ ਐਂਟੀ-ਡਰੋਨ ਸਿਸਟਮ ਲਗਾਏ ਹਨ, ਜਿਸ ਲਈ ਕੇਂਦਰ ਨੇ ਕੋਈ ਵਿੱਤੀ ਮਦਦ ਨਹੀਂ ਦਿੱਤੀ।
ਖੇਡਾਂ ਰਾਹੀਂ ਨੌਜਵਾਨੀ ਨੂੰ ਸਹੀ ਸੇਧ
ਮੁੱਖ ਮੰਤਰੀ ਨੇ ਖੇਡਾਂ ਦੇ ਮਹੱਤਵ ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਸੂਬੇ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਰਾਹੀਂ ਨੌਜਵਾਨਾਂ ਦੀ ਊਰਜਾ ਨੂੰ ਸਹੀ ਪਾਸੇ ਲਗਾਇਆ ਜਾ ਰਿਹਾ ਹੈ। ਉਨ੍ਹਾਂ ਮਾਣ ਨਾਲ ਦੱਸਿਆ ਕਿ ਭਾਰਤੀ ਹਾਕੀ ਟੀਮ ਦੇ 11 ਵਿੱਚੋਂ 9 ਖਿਡਾਰੀ ਅਤੇ ਕਪਤਾਨ ਹਰਮਨਪ੍ਰੀਤ ਸਿੰਘ ਪੰਜਾਬ ਦੇ ਹਨ। ਕ੍ਰਿਕਟ ਵਿੱਚ ਹਰਮਨਪ੍ਰੀਤ ਕੌਰ, ਸ਼ੁਭਮਨ ਗਿੱਲ ਅਤੇ ਬਾਸਕਟਬਾਲ ਟੀਮ ਦੇ ਕਪਤਾਨ ਪ੍ਰੀਤਪਾਲ ਬਰਾੜ ਵਰਗੇ ਖਿਡਾਰੀ ਪੰਜਾਬ ਦਾ ਨਾਂਅ ਰੌਸ਼ਨ ਕਰ ਰਹੇ ਹਨ। ਇਸ ਤੋਂ ਇਲਾਵਾ 27 ਅਕਤੂਬਰ ਤੋਂ 5 ਨਵੰਬਰ ਤੱਕ ਏਸ਼ੀਅਨ ਚੈਂਪੀਅਨਜ਼ ਹਾਕੀ ਟਰਾਫ਼ੀ ਜਲੰਧਰ ਅਤੇ ਮੋਹਾਲੀ ਵਿਖੇ ਕਰਵਾਈ ਜਾ ਰਹੀ ਹੈ।
ਆਪਣੇ ਭਾਸ਼ਣ ਦੇ ਅੰਤ ਵਿੱਚ ਉਨ੍ਹਾਂ ਸ਼ਹੀਦ ਭਗਤ ਸਿੰਘ, ਸੁਖਦੇਵ, ਰਾਜਗੁਰੂ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਨਿਆਂਪੂਰਨ ਰਾਜ ਦਾ ਹਵਾਲਾ ਦਿੰਦਿਆਂ ਸਮੂਹ ਅਫ਼ਸਰਸ਼ਾਹੀ ਨੂੰ ਪੂਰੀ ਦਿਆਨਤਦਾਰੀ ਨਾਲ ਸੇਵਾ ਨਿਭਾਉਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਇਮਾਨਦਾਰੀ ਨਾਲ ਕੀਤਾ ਗਿਆ ਕੰਮ ਹੀ ਇਤਿਹਾਸ ਵਿੱਚ ਯਾਦ ਰੱਖਿਆ ਜਾਂਦਾ ਹੈ।
