ਪੰਜਾਬ ‘ਚ ਬਦਲਿਆ ਮੌਸਮ ਦਾ ਮਿਜ਼ਾਜ, ਅੰਮ੍ਰਿਤਸਰ-ਜਲੰਧਰ ‘ਚ ਭਾਰੀ ਬਾਰਿਸ਼ ਨਾਲ ਜਲਥਲ; ਜਾਣੋ ਅਗਲੇ 7 ਦਿਨਾਂ ਦਾ ਹਾਲ
ਪੰਜਾਬ ਸਮੇਤ ਰਾਜਧਾਨੀ ਚੰਡੀਗੜ੍ਹ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਮੌਸਮ ਦਾ ਮਿਜ਼ਾਜ ਪੂਰੀ ਤਰ੍ਹਾਂ ਬਦਲ ਗਿਆ ਹੈ। ਮੰਗਲਵਾਰ ਸਵੇਰ ਤੋਂ ਹੀ ਰਾਜ ਦੇ ਕਈ ਹਿੱਸਿਆਂ ਵਿੱਚ ਰੁਕ-ਰੁਕ ਕੇ ਮੋਹਲੇਧਾਰ ਬਾਰਿਸ਼ ਹੋ ਰਹੀ ਹੈ। ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਅੰਮ੍ਰਿਤਸਰ, ਜਲੰਧਰ, ਪਠਾਨਕੋਟ ਅਤੇ ਰੂਪਨਗਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਹੋਈ ਭਾਰੀ ਬਾਰਿਸ਼ ਕਾਰਨ ਸੜਕਾਂ ਜਲਮਗਨ ਹੋ ਗਈਆਂ ਹਨ।
ਸੰਕੇਤਕ ਤਸਵੀਰ
ਪੰਜਾਬ ਸਮੇਤ ਰਾਜਧਾਨੀ ਚੰਡੀਗੜ੍ਹ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਮੌਸਮ ਦਾ ਮਿਜ਼ਾਜ ਪੂਰੀ ਤਰ੍ਹਾਂ ਬਦਲ ਗਿਆ ਹੈ। ਮੰਗਲਵਾਰ ਸਵੇਰ ਤੋਂ ਹੀ ਰਾਜ ਦੇ ਕਈ ਹਿੱਸਿਆਂ ਵਿੱਚ ਰੁਕ-ਰੁਕ ਕੇ ਮੋਹਲੇਧਾਰ ਬਾਰਿਸ਼ ਹੋ ਰਹੀ ਹੈ। ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਅੰਮ੍ਰਿਤਸਰ, ਜਲੰਧਰ, ਪਠਾਨਕੋਟ ਅਤੇ ਰੂਪਨਗਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਹੋਈ ਭਾਰੀ ਬਾਰਿਸ਼ ਕਾਰਨ ਸੜਕਾਂ ਜਲਮਗਨ ਹੋ ਗਈਆਂ ਹਨ, ਜਿਸ ਨਾਲ ਆਵਾਜਾਈ ‘ਚ ਕੁਝ ਦਿੱਕਤਾਂ ਜ਼ਰੂਰ ਆਈਆਂ ਹਨ, ਪਰ ਲੋਕਾਂ ਨੂੰ ਭਾਰੀ ਉਮਸ ਅਤੇ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਨੇ ਟ੍ਰਾਈਸਿਟੀ (ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ) ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਹੈ।
ਤਾਪਮਾਨ ‘ਚ ਗਿਰਾਵਟ ਅਤੇ ਮੀਂਹ ਦੇ ਅੰਕੜੇ
ਮੀਂਹ ਪੈਣ ਕਾਰਨ ਪੰਜਾਬ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 1.3 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ। ਰਾਜ ਵਿੱਚ 35.8 ਡਿਗਰੀ ਸੈਲਸੀਅਸ ਤਾਪਮਾਨ ਨਾਲ ਗੁਰਦਾਸਪੁਰ ਸਭ ਤੋਂ ਗਰਮ ਰਿਹਾ, ਜਦਕਿ ਰਾਜਧਾਨੀ ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 31.5 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ, ਜੋ ਕਿ ਆਮ ਨਾਲੋਂ 2 ਡਿਗਰੀ ਘੱਟ ਹੈ।
ਇਸ ਤੋਂ ਪਹਿਲਾਂ ਸੋਮਵਾਰ ਨੂੰ ਵੀ ਸਵੇਰੇ 8:30 ਵਜੇ ਤੋਂ ਸ਼ਾਮ 5:30 ਵਜੇ ਤੱਕ ਰਾਜ ਦੇ 5 ਮੁੱਖ ਜ਼ਿਲ੍ਹਿਆਂ ਵਿੱਚ ਮੀਂਹ ਦਰਜ ਕੀਤਾ ਗਿਆ ਸੀ। ਇਨ੍ਹਾਂ ਵਿੱਚੋਂ ਸਭ ਤੋਂ ਵੱਧ 53 ਮਿਲੀਮੀਟਰ ਬਾਰਿਸ਼ ਅੰਮ੍ਰਿਤਸਰ ਵਿੱਚ ਰਿਕਾਰਡ ਕੀਤੀ ਗਈ। ਇਸ ਤੋਂ ਇਲਾਵਾ ਪਠਾਨਕੋਟ ਦੇ ਥੀਨ ਡੈਮ ਅਤੇ ਰੂਪਨਗਰ ਦੇ ਰੋਪੜ ਕੇ.ਵੀ.ਕੇ. (KVK) ਵਿੱਚ 0.5-0.5 ਮਿਲੀਮੀਟਰ ਮੀਂਹ ਪਿਆ, ਜਦਕਿ ਲੁਧਿਆਣਾ ਅਤੇ ਪਟਿਆਲਾ ਵਿੱਚ ਨਾਮਮਾਤਰ (ਟ੍ਰੇਸ) ਬਾਰਿਸ਼ ਦਰਜ ਕੀਤੀ ਗਈ।
ਅਗਲੇ 7 ਦਿਨਾਂ ਤੱਕ ਜਾਰੀ ਰਹੇਗਾ ਮੀਂਹ ਦਾ ਦੌਰ
ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਡਾਇਰੈਕਟਰ ਸੁਰੇਂਦਰ ਪਾਲ ਅਨੁਸਾਰ, ਪੱਛਮੀ ਵਿਖੋਭ (Western Disturbance) ਦੇ ਸਰਗਰਮ ਹੋਣ ਕਾਰਨ ਪੰਜਾਬ ਵਿੱਚ ਅਗਲੇ 7 ਦਿਨਾਂ ਤੱਕ ਮੌਸਮ ਅਜਿਹਾ ਹੀ ਸੁਹਾਵਣਾ ਬਣਿਆ ਰਹੇਗਾ। ਉਨ੍ਹਾਂ ਦੱਸਿਆ ਕਿ 11 ਅਤੇ 13 ਅਗਸਤ ਨੂੰ ਰਾਜ ਦੇ ਬਹੁਤੇ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੇ ਆਸਾਰ ਹਨ, ਜਦਕਿ 12, 14, 15 ਅਤੇ 16 ਅਗਸਤ ਨੂੰ ਕਈ ਇਲਾਕਿਆਂ ਵਿੱਚ ਛਿੱਟਪੁੱਟ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।
ਬਜਲੀ ਦੀ ਮੰਗ 13 ਹਜ਼ਾਰ ਮੈਗਾਵਾਟ ਤੋਂ ਪਾਰ
ਮੌਸਮ ਵਿੱਚ ਆਈ ਤਬਦੀਲੀ ਦੇ ਬਾਵਜੂਦ ਪੰਜਾਬ ਵਿੱਚ ਬਿਜਲੀ ਦੀ ਖਪਤ ਕਾਫ਼ੀ ਜ਼ਿਆਦਾ ਦਰਜ ਕੀਤੀ ਗਈ ਹੈ। ਰਾਤ 11:25 ਵਜੇ ਪੰਜਾਬ ਵਿੱਚ ਬਿਜਲੀ ਦੀ ਕੁੱਲ ਮੰਗ 13,300 ਮੈਗਾਵਾਟ ਤੱਕ ਪਹੁੰਚ ਗਈ ਸੀ। ਇਸ ਸਮੇਂ ਪੰਜਾਬ ਕੇਂਦਰੀ ਪੂਲ ਅਤੇ ਆਪਣੇ ਸਰੋਤਾਂ ਤੋਂ 8,876 ਮੈਗਾਵਾਟ ਬਿਜਲੀ ਲੈ ਰਿਹਾ ਸੀ, ਜਦਕਿ ਨਿਰਧਾਰਤ ਸ਼ਡਿਊਲ 9,014 ਮੈਗਾਵਾਟ ਦਾ ਸੀ। ਯਾਨੀ ਕਿ ਅਸਲ ਖਪਤ ਨਿਰਧਾਰਤ ਸ਼ਡਿਊਲ ਨਾਲੋਂ 138 ਮੈਗਾਵਾਟ ਘੱਟ ਰਹੀ।
