ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ‘ਸਟੂਡੈਂਟ ਸੈਸ਼ਨ’, ਵਿਦਿਆਰਥੀ ਬਣਨਗੇ ਸੀਐਮ, ਮੰਤਰੀ ਤੇ ਵਿਧਾਇਕ
Punjab Assembly Student Session: ਇਸ ਸੈਸ਼ਨ ਦੀ ਅਗਵਾਈ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਕਰਨਗੇ। ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਸਕੂਲਾਂ-ਕਾਲਜਾਂ ਦੇ ਵਿਦਿਆਰਥੀਆਂ ਤੋਂ ਇਸ ਸੈਸ਼ਨ 'ਚ ਸ਼ਾਮਲ ਹੋਣ ਲਈ ਐਪਲੀਕੇਸ਼ਨਾਂ ਮੰਗੀਆਂ ਗਈਆਂ ਹਨ। ਇਹ ਵਿਦਿਆਰਥੀ ਲੋਕਤੰਤਰ ਪ੍ਰਣਾਲੀ ਨੂੰ ਸਮਝਣਗੇ। ਇਸ ਦੇ ਲਈ ਸਿੱਖਿਆ ਵਿਭਾਗ ਤੇ ਵਿਧਾਨ ਸਭਾ ਸਕੱਤਰੇਤ ਮਿਲ ਕੇ ਚੋਣ ਕਰਨਗੇ।
ਪੰਜਾਬ ਵਿਧਾਨ ਸਭਾ ‘ਚ 26 ਨਵੰਬਰ ਨੂੰ ਪਹਿਲੀ ਵਾਰ ਇੱਕ ਵਿਸ਼ੇਸ਼ ‘ਵਿਦਿਆਰਥੀ ਸੈਸ਼ਨ’ ਹੋਵੇਗਾ। ਇਸ ‘ਚ ਸੂਬੇ ਭਰ ਤੋਂ ਚੁਣੇ ਗਏ ਵਿਦਿਆਰਥੀ ਮੁੱਖ ਮੰਤਰੀ, ਮੰਤਰੀ ਤੇ ਵਿਧਾਇਕ ਦੀ ਭੂਮਿਕਾ ਨਿਭਾਉਣਗੇ। ਇਹ ਸੈਸ਼ਨ ਨੌਜਵਾਨਾਂ ਨੂੰ ਲੋਕਤੰਤਰ ਦੀ ਕਾਰਜ ਪ੍ਰਣਾਲੀ ਸਮਝਣ ਤੇ ਰਾਜਨੀਤੀ ‘ਚ ਸਕਾਰਾਤਮਕ ਭਾਗੀਦਾਰੀ ਨੂੰ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤਾ ਜਾਵੇਗਾ। ਖਾਸ ਗੱਲ ਹੈ ਕਿ ਇਹ ਪੂਰੀ ਤਰ੍ਹਾਂ ਇੱਕ ਵਿਧਾਨ ਸਭਾ ਸੈਸ਼ਨ ਵਾਂਗ ਹੋਵੇਗਾ।
ਇਸ ਸੈਸ਼ਨ ਦੀ ਅਗਵਾਈ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਕਰਨਗੇ। ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਸਕੂਲਾਂ-ਕਾਲਜਾਂ ਦੇ ਵਿਦਿਆਰਥੀਆਂ ਤੋਂ ਇਸ ਸੈਸ਼ਨ ‘ਚ ਸ਼ਾਮਲ ਹੋਣ ਲਈ ਐਪਲੀਕੇਸ਼ਨਾਂ ਮੰਗੀਆਂ ਗਈਆਂ ਹਨ। ਇਹ ਵਿਦਿਆਰਥੀ ਲੋਕਤੰਤਰ ਪ੍ਰਣਾਲੀ ਨੂੰ ਸਮਝਣਗੇ। ਇਸ ਦੇ ਲਈ ਸਿੱਖਿਆ ਵਿਭਾਗ ਤੇ ਵਿਧਾਨ ਸਭਾ ਸਕੱਤਰੇਤ ਮਿਲ ਕੇ ਚੋਣ ਕਰਨਗੇ।
ਇਸ ਸਾਰੇ ਪ੍ਰੋਗਰਾਮ ਦੇ ਲਈ ਵਿਧਾਨ ਸਭਾ ਕਮੇਟੀ ਤੇ ਸਿੱਖਿਆ ਵਿਭਾਗ ਵਿਚਕਾਰ ਮੀਟਿੰਗ ਵੀ ਹੋ ਚੁੱਕੀ ਹੈ। ਚੁਣੇ ਗਏ ਵਿਦਿਆਰਥੀਆਂ ਨੂੰ ਕੁੱਝ ਦਿਨਾਂ ਦੇ ਸਿਖਲਾਈ ਸੈਸ਼ਨ ‘ਚ ਵਿਧਾਨ ਸਭਾ ਦੀ ਪ੍ਰਕਿਰਿਆ, ਪ੍ਰਸ਼ਨ ਕਾਲ, ਮੁਲਤਵੀ ਪ੍ਰਸਤਾਵ, ਜ਼ੀਰੋ ਆਵਰ ਤੇ ਬਿੱਲ ਪਾਸ ਕਰਨ ਦੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਸਮਝਾਇਆ ਜਾਵੇਗਾ।
ਵਿਦਿਆਰਥੀ ਨਿਭਾਉਣਗੇ ਮੁੱਖ ਮੰਤਰੀ, ਮੰਤਰੀ ਦੇ ਵਿਰੋਧੀ ਧਿਰ ਦੀ ਭੂਮਿਕਾ
ਇਸ ਵਿਸ਼ੇਸ਼ ਸੈਸ਼ਨ ‘ਚ ਇੱਕ ਵਿਦਿਆਰਥੀ ਮੁੱਖ ਮੰਤਰੀ ਦੀ ਭੂਮਿਕਾ ਨਿਭਾਏਗਾ। ਉੱਥੇ ਹੀ, ਕੁੱਝ ਵਿਦਿਆਰਥੀ ਮੰਤਰੀ ਬਣਨਗੇ, ਕੁੱਝ ਨੂੰ ਵਿਧਾਇਕਾਂ ਦੀ ਭੂਮਿਕਾ ਦਿੱਤੀ ਜਾਵੇਗਾ। ਸੈਸ਼ਨ ਦੌਰਾਨ ਵਿਰੋਧੀ ਧਿਰ ਦੀ ਮਹੱਤਤਾ ਵੀ ਦੱਸੀ ਜਾਵੇਗੀ ਤੇ ਕੁੱਝ ਵਿਦਿਆਰਥੀਆਂ ਨੂੰ ਵਿਰੋਧੀ ਧਿਰ ਦੇ ਵਿਧਾਇਕ ਵੀ ਬਣਾਇਆ ਜਾਵੇਗਾ। ਸੈਸ਼ਨ ਦੌਰਾਨ ਇਹ ਵਿਦਿਆਰਥੀ ਸਰਕਾਰ ਦੇ ਕਾਰਜ ਪ੍ਰਣਾਲੀ ‘ਤੇ ਸਵਾਲ-ਜਵਾਬ ਕਰਨਗੇ ਤੇ ਵਿਧਾਨ ਸਭਾ ਦੇ ਨਿਯਮਾਂ ਮੁਤਾਬਕ ਚਰਚਾ ਵੀ ਕਰਨਗੇ।
ਇਸ ਸੈਸ਼ਨ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਲੋਕਤੰਤਰੀ ਕਾਰਵਾਈ ਦੀ ਅਸਲੀ ਝਲਕ ਦੇਣਾ ਹੈ। ਵਿਦਿਆਰਥੀ ਜਦੋਂ ਖੁਦ ਇਸ ਲੋਕਤੰਤਰੀ ਕਾਰਵਾਈ ਦੀ ਹਿੱਸਾ ਬਣਨਗੇ ਤਾਂ ਉਨ੍ਹਾਂ ਨੂੰ ਸਮਝ ਆਵੇਗੀ ਕਿ ਕਿਸ ਪ੍ਰਕਾਰ ਸੂਬਿਆਂ ਦੀ ਨੀਤੀ ਬਣਦੀ ਹੈ। ਨੀਤੀਆਂ ‘ਤੇ ਕਿਵੇਂ ਬਹਿਸ ਹੁੰਦੀ ਹੈ ਤੇ ਉਨ੍ਹਾਂ ਨੂੰ ਕਿਵੇਂ ਲਾਗੂ ਕੀਤਾ ਜਾਂਦਾ ਹੈ। ਸਪੀਕਰ ਸੰਧਵਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ‘ਚ ਅਜਿਹੇ ਹੋਰ ਵੀ ਸੈਸ਼ਨ ਆਯੋਜਿਤ ਕੀਤੇ ਜਾਣਗੇ।


