PAU ਨੇ ਗੁਰਦਾਸਪੁਰ ‘ਚ ਲਾਇਆ ਆਟੋਮੈਟਿਕ ਵੈਦਰ ਸਟੇਸ਼ਨ, ਮੌਸਮ ਦੀ ਸਟੀਕ ਜਾਣਕਾਰੀ; ਮੰਤਰੀ ਕਟਾਰੂਚੱਕ ਨੇ ਕੀਤਾ ਉਦਘਾਟਨ
ਮੌਸਮ ਦੀ ਹੋਰ ਵਧੇਰੇ ਭਰੋਸੇਯੋਗ ਤੇ ਸਟੀਕ ਬਣਾਉਣ ਅਤੇ ਅੰਨਦਾਤਾ ਨੂੰ ਸਮੇਂ ਸਿਰ ਵਿਗਿਆਨਕ ਅੰਕੜੇ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ.ਏ.ਯੂ.) ਦੇ ਖੇਤਰੀ ਖੋਜ ਕੇਂਦਰ ਗੁਰਦਾਸਪੁਰ ਵਿਖੇ ਇੱਕ ਅਤਿ-ਆਧੁਨਿਕ ਪੂਰਨ ਆਟੋਮੈਟਿਕ ਵੈਦਰ ਸਟੇਸ਼ਨ ਸਥਾਪਿਤ ਕੀਤਾ ਗਿਆ ਹੈ।
ਮੌਸਮ ਦੀ ਹੋਰ ਵਧੇਰੇ ਭਰੋਸੇਯੋਗ ਤੇ ਸਟੀਕ ਬਣਾਉਣ ਅਤੇ ਅੰਨਦਾਤਾ ਨੂੰ ਸਮੇਂ ਸਿਰ ਵਿਗਿਆਨਕ ਅੰਕੜੇ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ.ਏ.ਯੂ.) ਦੇ ਖੇਤਰੀ ਖੋਜ ਕੇਂਦਰ ਗੁਰਦਾਸਪੁਰ ਵਿਖੇ ਇੱਕ ਅਤਿ-ਆਧੁਨਿਕ ਪੂਰਨ ਆਟੋਮੈਟਿਕ ਵੈਦਰ ਸਟੇਸ਼ਨ ਸਥਾਪਿਤ ਕੀਤਾ ਗਿਆ ਹੈ। ਇਸ ਆਧੁਨਿਕ ਪ੍ਰਣਾਲੀ ਦਾ ਰਸਮੀ ਉਦਘਾਟਨ ਪੰਜਾਬ ਦੇ ਖ਼ੁਰਾਕ, ਸਿਵਲ ਸਪਲਾਈ ਤੇ ਖ਼ਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਅਤੇ ਪੀ.ਏ.ਯੂ. ਦੇ ਵਾਈਸ ਚਾਂਸਲਰ ਸੁਖਜੀਤ ਪਾਲ ਸਿੰਘ ਵੱਲੋਂ ਸਾਂਝੇ ਤੌਰ ‘ਤੇ ਕੀਤਾ ਗਿਆ।
ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਅੱਜ ਦੇ ਦੌਰ ਵਿੱਚ ਖੇਤੀਬਾੜੀ ਰਵਾਇਤੀ ਕੈਲੰਡਰਾਂ ਜਾਂ ਮਿਥੀਆਂ ਤਾਰੀਖ਼ਾਂ ਦੇ ਭਰੋਸੇ ਨਹੀਂ ਚਲਾਈ ਜਾ ਸਕਦੀ, ਕਿਉਂਕਿ ਮੌਸਮੀ ਤਬਦੀਲੀਆਂ ਕਾਰਨ ਮੌਸਮ ਦਾ ਮਿਜ਼ਾਜ ਤੇਜ਼ੀ ਨਾਲ ਬਦਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਖੁੱਲ੍ਹੇ ਅਸਮਾਨ ਹੇਠ ਮੁਸ਼ੱਕਤ ਕਰਦਾ ਹੈ ਅਤੇ ਕੁਦਰਤ ਦੀ ਹਰ ਚੁਣੌਤੀ ਦਾ ਸਭ ਤੋਂ ਪਹਿਲਾਂ ਸਾਹਮਣਾ ਕਰਦਾ ਹੈ। ਵਾਢੀ ਵੇਲੇ ਅਚਾਨਕ ਪੈਣ ਵਾਲਾ ਬੇਮੌਸਮੀ ਮੀਂਹ, ਫ਼ਸਲ ਪੱਕਣ ਸਮੇਂ ਚੱਲਣ ਵਾਲੀਆਂ ਗਰਮ ਹਵਾਵਾਂ (ਲੂ) ਅਤੇ ਅਣਕਿਆਸੇ ਮੌਸਮੀ ਬਦਲਾਅ ਕਿਸਾਨਾਂ ਦੀ ਮਹੀਨਿਆਂ ਦੀ ਕਮਾਈ ‘ਤੇ ਪਾਣੀ ਫੇਰ ਦਿੰਦੇ ਹਨ। ਅਜਿਹੀ ਸਥਿਤੀ ਵਿੱਚ ਇਹ ਆਧੁਨਿਕ ਤਕਨੀਕ ਕਿਸਾਨਾਂ ਨੂੰ ਸੰਭਾਵੀ ਆਰਥਿਕ ਨੁਕਸਾਨ ਤੋਂ ਬਚਾਉਣ ਵਿੱਚ ਅਹਿਮ ਸਾਬਤ ਹੋਵੇਗੀ।
ਮੋਬਾਈਲਾਂ ‘ਤੇ ਸਵੇਰੇ ਹੀ ਪਹੁੰਚੇਗੀ ਮੌਸਮ ਸੰਬੰਧੀ ਸਹੀ ਜਾਣਕਾਰੀ
ਪੀ.ਏ.ਯੂ. ਦੇ ਵਾਈਸ ਚਾਂਸਲਰ ਸੁਖਜੀਤ ਪਾਲ ਸਿੰਘ ਨੇ ਇਸ ਪ੍ਰਣਾਲੀ ਦੇ ਤਕਨੀਕੀ ਪੱਖਾਂ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਇਹ ਨਵਾਂ ਆਟੋਮੈਟਿਕ ਮੌਸਮ ਸਟੇਸ਼ਨ ਤਾਪਮਾਨ, ਹਵਾ ਦੀ ਨਮੀ, ਹਵਾ ਦੀ ਰਫ਼ਤਾਰ ਤੇ ਦਿਸ਼ਾ, ਸੂਰਜੀ ਰੇਡੀਏਸ਼ਨ (ਧੁੱਪ ਦੀ ਤੀਬਰਤਾ), ਜ਼ਮੀਨ ਦੇ ਤਾਪਮਾਨ ਅਤੇ ਬਾਰਸ਼ ਨਾਲ ਜੁੜੇ ਅੰਕੜਿਆਂ ਨੂੰ ਰੀਅਲ-ਟਾਈਮ (ਮੌਕੇ ‘ਤੇ) ਰਿਕਾਰਡ ਕਰੇਗਾ।
ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਕੇਂਦਰ ਗੁੰਝਲਦਾਰ ਮੌਸਮੀ ਡਾਟਾ ਨੂੰ ਸਰਲ ਅਤੇ ਸਪਸ਼ਟ ਖੇਤੀ ਸਲਾਹਾਂ ਵਿੱਚ ਬਦਲ ਕੇ ਸਿੱਧਾ ਕਿਸਾਨਾਂ ਤੱਕ ਪਹੁੰਚਾਏਗਾ। ਕਿਸਾਨ ਤੜਕਸਾਰ ਹੀ ਆਪਣੇ ਮੋਬਾਈਲ ਫ਼ੋਨਾਂ ‘ਤੇ ਲੋੜੀਂਦੀ ਜਾਣਕਾਰੀ ਵੇਖ ਸਕਣਗੇ। ਮਿਸਾਲ ਦੇ ਤੌਰ ‘ਤੇ, ਜੇਕਰ ਮੀਂਹ ਪੈਣ ਦੇ ਆਸਾਰ ਹੋਣਗੇ ਤਾਂ ਕਿਸਾਨ ਸਮਾਂ ਰਹਿੰਦਿਆਂ ਫ਼ਸਲਾਂ ‘ਤੇ ਕੀਟਨਾਸ਼ਕਾਂ ਦੇ ਛਿੜਕਾਅ ਅਤੇ ਸਿੰਚਾਈ ਨੂੰ ਰੋਕ ਸਕਣਗੇ। ਇਸੇ ਤਰ੍ਹਾਂ ਜੇਕਰ ਜ਼ਮੀਨ ਅੰਦਰ ਪਹਿਲਾਂ ਹੀ ਢੁਕਵੀਂ ਨਮੀ ਮੌਜੂਦ ਹੋਵੇਗੀ ਤਾਂ ਟਿਊਬਵੈੱਲ ਦਾ ਇੱਕ ਗੇੜਾ ਰੋਕ ਕੇ ਧਰਤੀ ਹੇਠਲੇ ਕੀਮਤੀ ਪਾਣੀ ਅਤੇ ਬਿਜਲੀ ਦੋਵਾਂ ਦੀ ਵੱਡੀ ਬੱਚਤ ਕੀਤੀ ਜਾ ਸਕੇਗੀ।
ਕੀੜੇ-ਮਕੌੜਿਆਂ ਅਤੇ ਬਿਮਾਰੀਆਂ ਤੋਂ ਬਚਾਅ ‘ਚ ਮਿਲੇਗੀ ਮਦਦ
ਹਫ਼ਤਾਵਾਰੀ ਖੇਤੀ ਸਲਾਹਕਾਰੀ: ਪੀ.ਏ.ਯੂ. ਦੇ ਡਾਇਰੈਕਟਰ ਪਸਾਰ ਸਿੱਖਿਆ ਡਾ. ਐੱਮ.ਐੱਸ. ਭੁੱਲਰ ਨੇ ਦੱਸਿਆ ਕਿ ਮੌਸਮ ਸਟੇਸ਼ਨ ਤੋਂ ਇਕੱਤਰ ਹੋਣ ਵਾਲੇ ਅੰਕੜਿਆਂ ਨੂੰ ਜ਼ਿਲ੍ਹਾ ਪੱਧਰੀ ਹਫ਼ਤਾਵਾਰੀ ਖੇਤੀ ਸਲਾਹਾਂ ਵਿੱਚ ਸਿੱਧੇ ਤੌਰ ‘ਤੇ ਸ਼ਾਮਲ ਕੀਤਾ ਜਾਵੇਗਾ। ਇਸ ਨਾਲ ਕਿਸਾਨਾਂ ਨੂੰ ਬਿਜਾਈ, ਸਿੰਚਾਈ, ਖ਼ਾਦਾਂ ਦੀ ਸਹੀ ਮਾਤਰਾ ਵਿੱਚ ਵਰਤੋਂ ਅਤੇ ਫ਼ਸਲੀ ਰੋਗਾਂ ਦੀ ਰੋਕਥਾਮ ਦਾ ਢੁਕਵਾਂ ਸਮਾਂ ਨਿਰਧਾਰਿਤ ਕਰਨ ਵਿੱਚ ਵੱਡੀ ਸਹਾਇਤਾ ਮਿਲੇਗੀ।
ਇਹ ਵੀ ਪੜ੍ਹੋ
ਕੀੜਿਆਂ ਤੇ ਬਿਮਾਰੀਆਂ ਤੋਂ ਬਚਾਅ: ਖੇਤਰੀ ਖੋਜ ਕੇਂਦਰ ਦੇ ਡਾਇਰੈਕਟਰ ਡਾ. ਹਰਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਕਣਕ ਦੀ ਫ਼ਸਲ ਨੂੰ ਲੱਗਣ ਵਾਲੀ ਪੀਲੀ ਕੁੰਗੀ ਵਰਗੀਆਂ ਖ਼ਤਰਨਾਕ ਬਿਮਾਰੀਆਂ ਦਾ ਹਮਲਾ ਖ਼ਾਸ ਤਾਪਮਾਨ ਅਤੇ ਨਮੀ ਵਾਲੇ ਮਾਹੌਲ ਵਿੱਚ ਤੇਜ਼ੀ ਨਾਲ ਫੈਲਦਾ ਹੈ। ਮੌਸਮ ਦੀ ਨਿਰੰਤਰ ਨਿਗਰਾਨੀ ਰਾਹੀਂ ਅਜਿਹੀਆਂ ਬਿਮਾਰੀਆਂ ਜਾਂ ਕੀੜਿਆਂ ਦੇ ਹਮਲੇ ਦਾ ਸਮੇਂ ਤੋਂ ਪਹਿਲਾਂ ਸਹੀ ਅੰਦਾਜ਼ਾ ਲਗਾਇਆ ਜਾ ਸਕੇਗਾ।
ਖੋਜ ਤੇ ਫੀਲਡ ਟਰਾਇਲਾਂ ਨੂੰ ਹੁਲਾਰਾ: ਡਾਇਰੈਕਟਰ ਰਿਸਰਚ ਡਾ. ਏ.ਐੱਸ. ਢੱਟ ਨੇ ਜਾਣਕਾਰੀ ਦਿੱਤੀ ਕਿ ਇੱਥੋਂ ਇਕੱਤਰ ਕੀਤੇ ਜਾਣ ਵਾਲੇ ਵਿਗਿਆਨਕ ਅੰਕੜੇ ਯੂਨੀਵਰਸਿਟੀ ਵੱਲੋਂ ਕੀਤੇ ਜਾਣ ਵਾਲੇ ਵੱਖ-ਵੱਖ ਫੀਲਡ ਟਰਾਇਲਾਂ ਅਤੇ ਨਵੇਂ ਬੀਜਾਂ ਦੀਆਂ ਕਿਸਮਾਂ ਦੇ ਪ੍ਰੀਖਣ ਵਿੱਚ ਵੀ ਬੇਹੱਦ ਲਾਹੇਵੰਦ ਸਿੱਧ ਹੋਣਗੇ।


