ਪਠਾਨਕੋਟ ‘ਚ ਸੁਤੰਤਰਤਾ ਦਿਵਸ ‘ਤੇ ਜ਼ਿਲ੍ਹਾ ਪੱਧਰੀ ਸਮਾਗਮ, ਮੰਤਰੀ ਕਟਾਰੂਚੱਕ ਨੇ ਲਹਿਰਾਇਆ ਤਿਰੰਗਾ; ਸ਼ਹਿਰ ‘ਚ ਟ੍ਰੈਫ਼ਿਕ ਰੂਟ ਡਾਇਵਰਟ
ਸੁਤੰਤਰਤਾ ਦਿਵਸ ਦੇ ਅਵਸਰ 'ਤੇ ਪਠਾਨਕੋਟ ਵਿਖੇ ਜ਼ਿਲ੍ਹਾ ਪੱਧਰੀ ਮੁੱਖ ਸਮਾਗਮ ਲਮੀਨੀ ਸਥਿਤ ਮਲਟੀਪਰਪਜ਼ ਖੇਡ ਸਟੇਡੀਅਮ ਵਿੱਚ ਪੂਰੇ ਉਤਸ਼ਾਹ ਅਤੇ ਦੇਸ਼ ਭਗਤੀ ਦੇ ਜਜ਼ਬੇ ਨਾਲ ਆਯੋਜਿਤ ਕੀਤਾ ਗਿਆ। ਇਸ ਸਮਾਰੋਹ ਵਿੱਚ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।
ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਪਠਾਨਕੋਟ ਵਿਖੇ ਜ਼ਿਲ੍ਹਾ ਪੱਧਰੀ ਮੁੱਖ ਸਮਾਗਮ ਲਮੀਨੀ ਸਥਿਤ ਮਲਟੀਪਰਪਜ਼ ਖੇਡ ਸਟੇਡੀਅਮ ਵਿੱਚ ਪੂਰੇ ਉਤਸ਼ਾਹ ਅਤੇ ਦੇਸ਼ ਭਗਤੀ ਦੇ ਜਜ਼ਬੇ ਨਾਲ ਆਯੋਜਿਤ ਕੀਤਾ ਗਿਆ। ਇਸ ਸਮਾਰੋਹ ਵਿੱਚ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਉਪਰੰਤ ਉਨ੍ਹਾਂ ਨੇ ਪਰੇਡ ਦਾ ਨਿਰੀਖਣ ਕੀਤਾ। ਇਸ ਦੌਰਾਨ ਪੰਜਾਬ ਪੁਲਿਸ ਅਤੇ ਵੱਖ-ਵੱਖ ਸੁਰੱਖਿਆ ਟੁਕੜੀਆਂ ਵੱਲੋਂ ਸ਼ਾਨਦਾਰ ਮਾਰਚ ਪਾਸਟ ਕੱਢਿਆ ਗਿਆ ਅਤੇ ਤਿਰੰਗੇ ਨੂੰ ਸਲਾਮੀ ਭੇਟ ਕੀਤੀ ਗਈ।
ਸਮਾਗਮ ਦੌਰਾਨ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਦੇ ਰੰਗ ਵਿੱਚ ਰੰਗਿਆ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਅਤੇ ਪ੍ਰਭਾਵਸ਼ਾਲੀ ਪੀ.ਟੀ. (PT) ਸ਼ੋਅ ਪੇਸ਼ ਕੀਤਾ ਗਿਆ, ਜਿਸ ਨੇ ਦਰਸ਼ਕਾਂ ਦਾ ਮਨ ਮੋਹ ਲਿਆ।
ਸੁਰੱਖਿਆ ਦੇ ਪੁਖ਼ਤਾ ਪ੍ਰਬੰਧ, 550 ਪੁਲਿਸ ਮੁਲਾਜ਼ਮ ਤਾਇਨਾਤ
ਸੁਤੰਤਰਤਾ ਦਿਵਸ ਸਮਾਰੋਹ ਨੂੰ ਸ਼ਾਂਤੀਪੂਰਨ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਪਠਾਨਕੋਟ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਬੇਹੱਦ ਸਖ਼ਤ ਪ੍ਰਬੰਧ ਕੀਤੇ ਗਏ ਸਨ। ਖੇਡ ਸਟੇਡੀਅਮ ਅਤੇ ਇਸ ਦੇ ਆਲੇ-ਦੁਆਲੇ ਸੁਰੱਖਿਆ ਵਿਵਸਥਾ ਨੂੰ ਮਜ਼ਬੂਤ ਰੱਖਣ ਲਈ 550 ਪੁਲਿਸ ਕਰਮਚਾਰੀਆਂ ਦੀ ਵਿਸ਼ੇਸ਼ ਤਾਇਨਾਤੀ ਕੀਤੀ ਗਈ ਸੀ। ਚਾਰੇ ਪਾਸੇ ਸਖ਼ਤ ਨਿਗਰਾਨੀ ਰੱਖੀ ਗਈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ।
ਟ੍ਰੈਫ਼ਿਕ ਵਿਵਸਥਾ ਲਈ ਰੂਟ ਡਾਇਵਰਸ਼ਨ ਪਲਾਨ ਲਾਗੂ
ਸਮਾਗਮ ਵਾਲੀ ਥਾਂ ਅਤੇ ਨਾਲ ਲੱਗਦੀਆਂ ਪ੍ਰਮੁੱਖ ਸੜਕਾਂ ‘ਤੇ ਵਾਹਨਾਂ ਦੇ ਸੰਭਾਵੀ ਦਬਾਅ ਅਤੇ ਜਾਮ ਦੀ ਸਥਿਤੀ ਤੋਂ ਬਚਣ ਲਈ ਟ੍ਰੈਫ਼ਿਕ ਪੁਲਿਸ ਵੱਲੋਂ ਵਿਸ਼ੇਸ਼ ਰੂਟ ਡਾਇਵਰਸ਼ਨ ਪਲਾਨ ਲਾਗੂ ਕੀਤਾ ਗਿਆ ਹੈ। ਪੁਲਿਸ ਪ੍ਰਸ਼ਾਸਨ ਨੇ ਆਮ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਤੋਂ ਬਚਣ ਲਈ ਉਹ ਘਰੋਂ ਨਿਕਲਣ ਤੋਂ ਪਹਿਲਾਂ ਟ੍ਰੈਫ਼ਿਕ ਰੂਟ ਪਲਾਨ ਜ਼ਰੂਰ ਦੇਖ ਲੈਣ ਅਤੇ ਨਿਰਧਾਰਿਤ ਬਦਲਵੇਂ ਰਸਤਿਆਂ ਦੀ ਹੀ ਵਰਤੋਂ ਕਰਨ।