ਸੈਨੇਟ ਚੋਣ ਵਿਵਾਦ: PU ਦੇ ਚਾਂਸਲਰ ਤੇ ਸਕੱਤਰ ਦਿੱਲੀ ਲਈ ਰਵਾਨਾ, ਸਿੱਖਿਆ ਮੰਤਰੀ ਨਾਲ ਅਹਿਮ ਮੀਟਿੰਗ
ਰਜਿਸਟਰਾਰ ਯਜਵੇਂਦਰ ਪਾਲ ਵਰਮਾ ਦੀ ਜਾਣਕਾਰੀ ਅਨੁਸਾਰ ਉਨ੍ਹਾਂ ਦੀ ਇਹ ਮੀਟਿੰਗ ਪਹਿਲਾਂ ਹੀ ਸ਼ੈਡਿਊਲ ਸੀ। ਉਨ੍ਹਾਂ ਨੇ ਦੱਸਿਆ ਕਿ ਅਸੀਂ ਇਸ ਸਬੰਧੀ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਪਹਿਲਾਂ ਹੀ ਜਾਣਕਾਰੀ ਦੇ ਦਿੱਤੀ ਸੀ। ਰਜਿਸਟਰਾਰ ਨੇ ਯੂਨੀਵਰਸਿਟੀ ਦਾ ਸ਼ਾਂਤਪੂਰਨ ਮਾਹੌਲ ਬਣਾਈ ਰੱਖਣ ਤੇ ਸਬਰ ਰੱਖਣ ਦੀ ਅਪੀਲ ਕੀਤੀ ਹੈ।
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਵਾਈਸ ਚਾਂਸਲਰ, ਰਜਿਸਟਰਾਰ ਤੇ ਸਕੱਤਰ ਦਿੱਲੀ ਲਈ ਰਵਾਨਾ ਹੋ ਗਏ ਹਨ। ਉਹ ਦਿੱਲੀ ‘ਚ ਕੇਂਦਰੀ ਸਿੱਖਿਆ ਮੰਤਰੀ ਨਾਲ ਬੈਠਕ ਕਰਨਗੇ। ਇਸ ਦੌਰਾਨ ਉਨ੍ਹਾਂ ਵੱਲੋਂ ਪੰਜਾਬ ਯੂਨੀਵਰਸਿਟੀ ਦੇ ਮੌਜੂਦਾ ਹਾਲਾਤ ਤੇ ਸੈਨੇਟ ਚੋਣ ਸਬੰਧੀ ਕਾਰਵਾਈ ‘ਤੇ ਚਰਚਾ ਕੀਤੀ ਜਾਵੇਗੀ। ਇਹ ਜਾਣਕਾਰੀ ਪੰਜਾਬ ਯੂਨੀਵਰਸਿਟੀ ਦੇ ਰਜਿਸਟਰਾਰ ਯਜਵੇਂਦਰ ਪਾਲ ਵਰਮਾ ਨੇ ਵੀਡੀਓ ਰਾਹੀਂ ਦਿੱਤੀ ਹੈ।
ਰਜਿਸਟਰਾਰ ਯਜਵੇਂਦਰ ਪਾਲ ਵਰਮਾ ਦੀ ਜਾਣਕਾਰੀ ਅਨੁਸਾਰ ਉਨ੍ਹਾਂ ਦੀ ਇਹ ਮੀਟਿੰਗ ਪਹਿਲਾਂ ਹੀ ਸ਼ੈਡਿਊਲ ਸੀ। ਉਨ੍ਹਾਂ ਨੇ ਦੱਸਿਆ ਕਿ ਅਸੀਂ ਇਸ ਸਬੰਧੀ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਪਹਿਲਾਂ ਹੀ ਜਾਣਕਾਰੀ ਦੇ ਦਿੱਤੀ ਸੀ। ਰਜਿਸਟਰਾਰ ਨੇ ਯੂਨੀਵਰਸਿਟੀ ਦਾ ਸ਼ਾਂਤਪੂਰਨ ਮਾਹੌਲ ਬਣਾਈ ਰੱਖਣ ਤੇ ਸਬਰ ਰੱਖਣ ਦੀ ਅਪੀਲ ਕੀਤੀ ਹੈ।
ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਨੇ ਦਿੱਤਾ ਅਲਟੀਮੇਟਮ
ਦੂਜੇ ਪਾਸੇ, ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਅੰਦੋਲਨ ਹੁਣ ਫੈਸਲਾਕੁੰਨ ਮੋੜ ‘ਤੇ ਪਹੁੰਚ ਚੁੱਕਿਆ ਹੈ। ਮੋਰਚੇ ਦੇ ਮੈਂਬਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ 25 ਨਵੰਬਰ ਤੱਕ ਸੈਨੇਟ ਚੋਣ ਦੀ ਨੋਟੀਫਿਕੇਸ਼ਨ ਨੂੰ ਲੈ ਕੇ ਕੋਈ ਫੈਸਲਾ ਨਹੀਂ ਲਿਆ ਗਿਆ ਤਾਂ 26 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ (ਪੀਯੂ) ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇਗਾ। 25 ਤੋਂ 30 ਨਵੰਬਰ ਵਿਚਕਾਰ ਭਾਜਪਾ ਦਫ਼ਤਰਾਂ ਦਾ ਘਿਰਾਓ ਕੀਤਾ ਜਾਵੇਗਾ।
ਬੈਠਕ ਤੋਂ ਬਾਅਦ ਲਿਆ ਗਿਆ ਫੈਸਲਾ
ਇਹ ਫੈਸਲਾ ਬੀਤੇ ਦਿਨੀਂ ਹੋਈ ਬੈਠਕ ਤੋਂ ਬਾਅਦ ਲਿਆ ਗਿਆ। ਬੈਠਕ ‘ਚ ਮੋਰਚੇ ਦੇ ਮੈਂਬਰਾਂ ਤੇ ਕਿਸਾਨ-ਮਜ਼ਦੂਰ ਸੰਘਰਸ਼ ਜਥੇਬੰਦੀਆਂ ਨੇ ਅੰਦੋਲਨ ਦੀ ਸਮੀਖਿਆ ਕੀਤੀ ਤੇ ਅੱਗੇ ਦੀ ਰਣਨੀਤੀ ਤੈਅ ਕੀਤੀ। ਮੋਰਚੇ ਦੇ ਮੈਂਬਰਾਂ ਨੇ ਦੱਸਿਆ ਕੀ ਅੰਦੋਲਨ ਦੇ ਸਾਰੇ ਘਟਨਾਕ੍ਰਮ ਦੀ ਚਰਚਾ ਕੀਤੀ ਗਈ। ਸਾਰੇ ਸੰਗਠਨਾਂ ਨੂੰ ਸਾਫ਼ ਕਿਹਾ ਗਿਆ ਹੈ ਕਿ ਉਹ ਪੂਰੀ ਮਜ਼ਬੂਤੀ ਨਾਲ ਮੋਰਚੇ ਦੇ ਨਾਲ ਖੜ੍ਹੇ ਰਹਿਣ ਤੇ ਕਿਸੇ ਵੀ ਦਬਾਅ ਦੇ ਅੱਗੇ ਝੁੱਕਣਾ ਨਹੀਂ ਹੈ।
ਮੋਰਚੇ ਦੇ ਮੈਂਬਰਾਂ ਨੇ ਕਿਹਾ ਹੈ ਕਿ ਪੰਜਾਬ ਯੂਨੀਵਰਸਿਟੀ ਬੰਦ ਦੇ ਦੌਰਾਨ ਕੈਂਪਸ ‘ਚ ਕੋਈ ਵੀ ਪ੍ਰਸ਼ਾਸਨਕ ਕੰਮ ਨਹੀਂ ਹੋਣ ਦਿੱਤਾ ਜਾਵੇਗਾ। ਇਹ ਸੰਘਰਸ਼ ਸਿਰਫ ਢਾਂਚੇ ਲਈ ਨਹੀਂ, ਸਗੋਂ ਅਧਿਕਾਰਾਂ ਤੇ ਕੇਂਦਰ ਸਰਕਾਰ ਦੀ ਵੱਧ ਰਹੀ ਦਖਲਅੰਦਾਜੀ ਦੇ ਖਿਲਾਫ਼ ਹੈ। ਮੋਰਚੇ ਦੇ ਆਗੂਆਂ ਦਾ ਕਹਿਣਾ ਹੈ ਕਿ ਅੰਦੋਲਨ ਤੋੜਨ ਦੀ ਕੋਸ਼ਿਸ਼ ਹੋ ਰਹੀ ਹੈ, ਪਰ ਮੋਰਚਾ ਇੱਕਜੁਟ ਹੈ ਤੇ ਹਰ ਨੀਤੀ ਦਾ ਮੁਕਾਬਲਾ ਕਰੇਗਾ। ਮੋਰਚੇ ਨੇ ਸਪੱਸ਼ਟ ਕੀਤਾ ਕਿ ਅੰਦੋਲਨ ਸਾਰਿਆ ਦਾ ਹੈ ਤੇ ਪੰਜਾਬ ਯੂਨੀਵਰਸਿਟੀ ਸਾਰਿਆਂ ਲਈ ਖੁਲ੍ਹੀ ਹੈ।


