ਪੰਜਾਬ ਦੀ ਸਿਆਸਤ ‘ਚ ਹਲਚਲ: ਨਵਜੋਤ ਕੌਰ ਸਿੱਧੂ ਨੇ ਅਮਿਤ ਸ਼ਾਹ ਦੀ ਕੀਤੀ ਤਾਰੀਫ਼, ਭਾਜਪਾ ‘ਚ ਜਾਣ ਦੀ ਚਰਚਾ ਤੇਜ਼!

Updated On: 

28 Dec 2025 07:35 AM IST

ਨਵਜੋਤ ਕੌਰ ਸਿੱਧੂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀਆਂ ਰੱਜ ਕੇ ਤਾਰੀਫ਼ ਕੀਤੀ। ਦਰਅਸਲ, ਨਵਜੋਤ ਕੌਰ ਸਿੱਧੂ ਨੇ ਪੰਜਾਬ ਵਿੱਚ ਮਾਈਨਿੰਗ ਅਤੇ ਜੰਗਲਾਤ ਹੇਠ ਘਟ ਰਹੀ ਜ਼ਮੀਨ ਦੇ ਮੁੱਦੇ 'ਤੇ ਕੇਂਦਰ ਸਰਕਾਰ ਵੱਲੋਂ ਕੀਤੀ ਜਾ ਰਹੀ ਕਾਰਵਾਈ ਲਈ ਅਮਿਤ ਸ਼ਾਹ ਦਾ ਧੰਨਵਾਦ ਕੀਤਾ ਹੈ।

ਪੰਜਾਬ ਦੀ ਸਿਆਸਤ ਚ ਹਲਚਲ: ਨਵਜੋਤ ਕੌਰ ਸਿੱਧੂ ਨੇ ਅਮਿਤ ਸ਼ਾਹ ਦੀ ਕੀਤੀ ਤਾਰੀਫ਼, ਭਾਜਪਾ ਚ ਜਾਣ ਦੀ ਚਰਚਾ ਤੇਜ਼!

ਨਵਜੋਤ ਕੌਰ ਸਿੱਧੂ

Follow Us On

ਪੰਜਾਬ ਦੀ ਸਿਆਸਤ ਵਿੱਚ ਇੱਕ ਵਾਰ ਫਿਰ ਵੱਡਾ ਧਮਾਕਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਨਵਜੋਤ ਕੌਰ ਸਿੱਧੂ ਵੱਲੋਂ ਸੋਸ਼ਲ ਮੀਡੀਆ ‘ਤੇ ਪਾਈ ਗਈ ਇੱਕ ਤਾਜ਼ਾ ਪੋਸਟ ਨੇ ਸਿਆਸੀ ਗਲਿਆਰਿਆਂ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਜਿਸ ਵਿੱਚ ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀਆਂ ਰੱਜ ਕੇ ਤਾਰੀਫ਼ ਕੀਤੀ।

ਦਰਅਸਲ, ਨਵਜੋਤ ਕੌਰ ਸਿੱਧੂ ਨੇ ਪੰਜਾਬ ਵਿੱਚ ਮਾਈਨਿੰਗ ਅਤੇ ਜੰਗਲਾਤ ਹੇਠ ਘਟ ਰਹੀ ਜ਼ਮੀਨ ਦੇ ਮੁੱਦੇ ‘ਤੇ ਕੇਂਦਰ ਸਰਕਾਰ ਵੱਲੋਂ ਕੀਤੀ ਜਾ ਰਹੀ ਕਾਰਵਾਈ ਲਈ ਅਮਿਤ ਸ਼ਾਹ ਦਾ ਧੰਨਵਾਦ ਕੀਤਾ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਵੀ ਸ਼ਲਾਘਾ ਕੀਤੀ ਹੈ।

ਇਸ ਤੋਂ ਪਹਿਲਾਂ ਨਵਜੋਤ ਕੌਰ ਸਿੱਧੂ ਨੇ ਦਿੱਲੀ ਵਿੱਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਵੀ ਮੁਲਾਕਾਤ ਕੀਤੀ ਸੀ ਤੇ ਉਨ੍ਹਾਂ ਦੀ ਵੀ ਰੱਜ ਕੇ ਤਾਰੀਫ਼ ਕੀਤੀ ਸੀ। ਇਨ੍ਹਾਂ ਤਾਰੀਫ਼ਾਂ ਤੋਂ ਬਾਅਦ ਇਹ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਸਿੱਧੂ ਜੋੜਾ ਭਾਜਪਾ ਵਿੱਚ ਵਾਪਸੀ ਦੀ ਤਿਆਰੀ ਕਰ ਰਿਹਾ ਹੈ।

ਦੱਸਣ ਯੋਗ ਹੈ ਕਿ ਨਵਜੋਤ ਕੌਰ ਸਿੱਧੂ ਪਹਿਲਾਂ ਹੀ ਕਾਂਗਰਸ ਪਾਰਟੀ ਤੋਂ ਸਸਪੈਂਡ ਚੱਲ ਰਹੇ ਹਨ ਅਤੇ ਉਹ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਵੀ ਪ੍ਰਧਾਨ ਮੰਨਣ ਤੋਂ ਇਨਕਾਰ ਕਰ ਚੁੱਕੇ ਹਨ। ਹਾਲ ਹੀ ਵਿੱਚ ਨਵਜੋਤ ਕੌਰ ਸਿੱਧੂ ਦੇ ‘ਮੁੱਖ ਮੰਤਰੀ ਦੀ ਕੁਰਸੀ ਲਈ 500 ਕਰੋੜ ਰੁਪਏ’ ਵਾਲੇ ਬਿਆਨ ਤੋਂ ਸਿਆਸਤ ਕਾਫ਼ੀ ਭਖ ਗਈ ਸੀ। ਜਿਸ ਤੋਂ ਬਾਅਦ ਕਾਂਗਰਸ ਪਾਰਟੀ ਵੱਲੋਂ ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ। ਇਸ ਵਿਚਾਲੇ ਹੁਣ ਨਵਜੋਤ ਕੌਰ ਸਿੱਧੂ ਦਾ ਭਾਜਪਾ ਆਗੂਆਂ ਪ੍ਰਤੀ ਝੁਕਾਅ ਨਵੇਂ ਸੰਕੇਤ ਦੇ ਰਿਹਾ ਹੈ।

ਬੀਜੇਪੀ ਦੇ ਵਿਧਾਇਕ ਰਹਿ ਚੁੱਕੇ ਹਨ ਨਵਜੋਤ ਕੌਰ ਸਿੱਧੂ

ਨਵਜੋਤ ਕੌਰ ਭਾਜਪਾ ਲਈ ਕੋਈ ਨਵੇਂ ਨਹੀਂ ਹਨ। ਉਨ੍ਹਾਂ ਨੇ ਆਪਣਾ ਰਾਜਨੀਤਿਕ ਕਰੀਅਰ ਭਾਜਪਾ ਨਾਲ ਸ਼ੁਰੂ ਕੀਤਾ ਸੀ। ਉਹ 2012 ਵਿੱਚ ਭਾਜਪਾ ਦੀ ਟਿਕਟ ‘ਤੇ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕ ਚੁਣੇ ਗਏ ਸੀ। ਬਾਅਦ ਵਿੱਚ ਉਨ੍ਹਾਂ ਨੇ ਉਸ ਸਮੇਂ ਦੀ ਅਕਾਲੀ-ਭਾਜਪਾ ਗੱਠਜੋੜ ਵਾਲੀ ਸਰਕਾਰ ਵਿੱਚ ਮੁੱਖ ਸੰਸਦੀ ਸਕੱਤਰ ਵਜੋਂ ਸੇਵਾ ਨਿਭਾਈ ਸੀ। 2016 ਵਿੱਚ, ਉਹ ਆਪਣੇ ਪਤੀ ਨਵਜੋਤ ਸਿੱਧੂ ਨਾਲ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਕਿਉਂਕਿ ਸਿੱਧੂ ਜੋੜੇ ਦਾ ਵਿਰੋਧ ਅਕਾਲੀ ਦਲ ਨਾਲ ਸੀ। ਸਿੱਧੂ ਇਸ ਗੱਲ ਤੋਂ ਨਾਰਾਜ਼ ਸਨ ਕਿ ਅਕਾਲੀ ਦਲ ਦੇ ਜ਼ੋਰ ‘ਤੇ ਲੋਕ ਸਭਾ ਚੋਣਾਂ ਵਿੱਚ ਅਰੁਣ ਜੇਟਲੀ ਨੂੰ ਉਨ੍ਹਾਂ ਦੀ ਅੰਮ੍ਰਿਤਸਰ ਸੀਟ ਤੋਂ ਮੈਦਾਨ ਵਿੱਚ ਉਤਾਰਿਆ ਗਿਆ ਸੀ।

ਮੈਡਮ ਸਿੱਧੂ 2027 ਚੋਣਾਂ ਲਈ ਐਕਟਿਵ

ਨਵਜੋਤ ਕੌਰ ਸਿੱਧੂ ਨੇ ਕਿਹਾ ਹੈ ਕਿ ਉਨ੍ਹਾਂ ਦੇ ਪਤੀ ਨਵਜੋਤ ਸਿੰਘ ਸਿੱਧੂ ਸਿਆਸਤ ਵਿੱਚ ਤਾਂ ਹੀ ਮੁੜ ਐਕਟਿਵ ਹੋਣਗੇ ਜੇਕਰ ਕਾਂਗਰਸ ਉਨ੍ਹਾਂ ਨੂੰ 2027 ਦੀਆਂ ਚੋਣਾਂ ਵਿੱਚ ਮੁੱਖ ਮੰਤਰੀ ਦੇ ਚਿਹਰੇ ਬਣਾਏਗੀ। ਫਿਲਹਾਲ ਇਸ ਦੀ ਕਈ ਵੀ ਸੰਭਾਵਨਾ ਨਹੀਂ ਲੱਗ ਰਹੀ। ਨਤੀਜੇ ਵਜੋਂ, 2027 ਦੀ ਰਾਜਨੀਤੀ ਵਿੱਚ ਸਿੱਧੂ ਦੇ ਸ਼ਾਮਲ ਹੋਣ ਦੀ ਸੰਭਾਵਨਾ ਵੀ ਲਗਾਤਾਰ ਘੱਟ ਨਜ਼ਰ ਆ ਰਹੀ ਹੈ। ਨਵਜੋਤ ਕੌਰ ਨੇ ਕਿਹਾ ਹੈ ਕਿ ਸਿੱਧੂ ਨੇ ਉਨ੍ਹਾਂ ਨੂੰ ਫ੍ਰੀ ਹੈਂਡ ਦਿੱਤਾ ਹੈ, ਉਹ ਜੋ ਵੀ ਕਰਨਾ ਚਾਹੁੰਦੇ ਹਨ ਕਰ ਸਕਦੇ ਹਨ। ਕਿਆਸ ਇਹ ਵੀ ਲਗਾਇਆ ਜਾ ਰਿਹਾ ਹੈ ਕਿ ਜੇਕਰ ਸਿੱਧੂ ਸਿਆਸਤ ਪੂਰੀ ਤਰ੍ਹਾਂ ਛੱਡ ਦਿੰਦੇ ਹਨ ਤਾਂ ਮੈਡਮ ਸਿੱਧੂ ਬੀਜੇਪੀ ਵਿੱਚ ਸ਼ਾਮਲ ਹੋ ਸਕਦੇ ਹਨ।