ਜ਼ੀਰਕਪੁਰ ‘ਚ ਇੱਕ ਚੱਲਦੇ ਟਰੱਕ ਨੂੰ ਲੱਗੀ ਅੱਗ, ਡਰਾਈਵਰ ਨੇ ਛਾਲ ਮਾਰ ਕੇ ਬਚਾਈ ਆਪਣੀ ਜਾਨ, ਫਲਾਈਓਵਰ ‘ਤੇ ਲਗਿਆ ਜਾਮ
Zirakpur Flyover Truck Catches Fire: ਮੋਹਾਲੀ ਦੇ ਜ਼ੀਰਕਪੁਰ ਫਲਾਈਓਵਰ 'ਤੇ ਚਲਦੇ ਟਰੱਕ ਨੂੰ ਅਚਾਨਕ ਅੱਗ ਲੱਗ ਗਈ। ਇਸ ਕਾਰਨ ਫਲਾਈਓਵਰ 'ਤੇ ਲੰਬਾ ਜਾਮ ਲੱਗ ਗਿਆ। ਟਰੱਕ ਨੂੰ ਅੱਗ ਲੱਗਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ।
ਚੰਡੀਗੜ੍ਹ ਤੋਂ ਅੰਬਾਲਾ ਜਾ ਰਹੇ ਇੱਕ ਟਰੱਕ ਨੂੰ ਮੋਹਾਲੀ ਦੇ ਜ਼ੀਰਕਪੁਰ ਫਲਾਈਓਵਰ ‘ਤੇ ਅਚਾਨਕ ਅੱਗ ਲੱਗ ਗਈ। ਇਸ ਘਟਨਾ ਕਾਰਨ ਫਲਾਈਓਵਰ ‘ਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਜਿਸ ਕਾਰਨ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ।
ਚਸ਼ਮਦੀਦਾਂ ਦੇ ਅਨੁਸਾਰ, ਜਿਵੇਂ ਹੀ ਟਰੱਕ ਫਲਾਈਓਵਰ ‘ਤੇ ਪਹੁੰਚਿਆ। ਉਸ ਦੇ ਅੱਗੇ ਤੋਂ ਧੂੰਆਂ ਉੱਠਣਾ ਸ਼ੁਰੂ ਹੋ ਗਿਆ। ਇਸ ਤੋਂ ਪਹਿਲਾਂ ਕਿ ਡਰਾਈਵਰ ਕੁਝ ਕਰ ਪਾਉਂਦਾ,ਅੱਗ ਨੇ ਮਿੰਟਾਂ ਵਿੱਚ ਹੀ ਗੱਡੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਡਰਾਈਵਰ ਨੇ ਸਮਝਦਾਰੀ ਨਾਲ ਚੱਲਦੀ ਗੱਡੀ ਤੋਂ ਛਾਲ ਮਾਰ ਦਿੱਤੀ ਅਤੇ ਆਪਣੀ ਜਾਨ ਬਚਾਈ। ਖੁਸ਼ਕਿਸਮਤੀ ਨਾਲ, ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਟਰੱਕ ਨੂੰ ਅੱਗ ਲੱਗਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਕਾਫ਼ੀ ਮਿਹਨਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਹਾਲਾਂਕਿ, ਉਦੋਂ ਤੱਕ ਟਰੱਕ ਦਾ ਕੈਬਿਨ ਅਤੇ ਉਸ ਦਾ ਜ਼ਿਆਦਾਤਰ ਮਾਲ ਸੜ ਕੇ ਸੁਆਹ ਹੋ ਗਿਆ ਸੀ। ਮੁੱਢਲੀ ਜਾਂਚ ਵਿੱਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਟ੍ਰੈਫਿਕ ਕੀਤਾ ਗਿਆ ਡਾਈਵਰਟ
ਘਟਨਾ ਕਾਰਨ ਜ਼ੀਰਕਪੁਰ ਫਲਾਈਓਵਰ ‘ਤੇ ਆਵਾਜਾਈ ਨੂੰ ਕੁਝ ਸਮੇਂ ਲਈ ਰੋਕ ਦਿੱਤਾ ਗਿਆ। ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਆਵਾਜਾਈ ਨੂੰ ਬਦਲਵੇਂ ਰਸਤਿਆਂ ਵੱਲ ਮੋੜ ਦਿੱਤਾ। ਲਗਭਗ ਡੇਢ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਸਥਿਤੀ ਨੂੰ ਬਹਾਲ ਕੀਤਾ ਗਿਆ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਫਲਾਈਓਵਰ ‘ਤੇ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਉਨ੍ਹਾਂ ਨੇ ਭਾਰੀ ਵਾਹਨਾਂ ਦੀ ਨਿਯਮਤ ਜਾਂਚ ਅਤੇ ਭਵਿੱਖ ਵਿੱਚ ਅਜਿਹੇ ਹਾਦਸਿਆਂ ਨੂੰ ਰੋਕਣ ਲਈ ਫਲਾਈਓਵਰ ‘ਤੇ ਸੁਰੱਖਿਆ ਉਪਾਅ ਸਖ਼ਤ ਕਰਨ ਦੀ ਮੰਗ ਕੀਤੀ ਹੈ।


