ਮੋਗਾ ‘ਚ ਠੰਢਾ ਖਾਣਾ ਮਿਲਣ ‘ਤੇ ਭੜਕੇ ਪੁੱਤ ਨੇ ਲੋਹੇ ਦੀ ਰਾਡ ਮਾਰ ਪਿਓ ਨੂੰ ਉਤਾਰਿਆ ਮੌਤ ਦੇ ਘਾਟ, ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਜਿਲ੍ਹਾਂ ਮੋਗਾ ਦੇ ਪਿੰਡ ਰੋਡੇ ਵਿੱਚ ਬੁੱਧਵਾਰ ਦੀ ਰਾਤ ਨੂੰ ਇੱਕ ਬੇਹੱਦ ਹੀ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ। ਇੱਥੇ ਰਾਤ ਦੇ ਖਾਣੇ ਦੌਰਾਨ ਭੋਜਨ ਠੰਢਾ ਹੋਣ ਦੇ ਇੱਕ ਬੇਹੱਦ ਮਾਮੂਲੀ ਝਗੜੇ ਨੇ ਇੰਨਾ ਭਿਆਨਕ ਰੂਪ ਧਾਰਨ ਕਰ ਲਿਆ ਕਿ ਇੱਕ ਕਲਯੁਗੀ ਪੁੱਤ ਨੇ ਆਪਣੇ ਹੀ ਸਕੇ ਪਿਓ ਦੇ ਸਿਰ 'ਤੇ ਲੋਹੇ ਦੀ ਰਾਡ ਨਾਲ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਖ਼ੂਨੀ ਵਾਰਦਾਤ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ।
ਜਿਲ੍ਹਾਂ ਮੋਗਾ ਦੇ ਪਿੰਡ ਰੋਡੇ ਵਿੱਚ ਬੁੱਧਵਾਰ ਦੀ ਰਾਤ ਨੂੰ ਇੱਕ ਬੇਹੱਦ ਹੀ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ। ਇੱਥੇ ਰਾਤ ਦੇ ਖਾਣੇ ਦੌਰਾਨ ਭੋਜਨ ਠੰਢਾ ਹੋਣ ਦੇ ਇੱਕ ਬੇਹੱਦ ਮਾਮੂਲੀ ਝਗੜੇ ਨੇ ਇੰਨਾ ਭਿਆਨਕ ਰੂਪ ਧਾਰਨ ਕਰ ਲਿਆ ਕਿ ਇੱਕ ਕਲਯੁਗੀ ਪੁੱਤ ਨੇ ਆਪਣੇ ਹੀ ਸਕੇ ਪਿਓ ਦੇ ਸਿਰ ‘ਤੇ ਲੋਹੇ ਦੀ ਰਾਡ ਨਾਲ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਖ਼ੂਨੀ ਵਾਰਦਾਤ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦਿਆਂ ਮ੍ਰਿਤਕ ਦੀ ਭੈਣ ਦੇ ਬਿਆਨਾਂ ਦੇ ਅਧਾਰ ‘ਤੇ ਮੁਲਜ਼ਮ ਪੁੱਤ ਦੇ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਰੋਡੇ ਦਾ ਰਹਿਣ ਵਾਲਾ ਮ੍ਰਿਤਕ ਮੇਅਰਜੀਤ ਸਿੰਘ ਕਈ ਸਾਲ ਪਹਿਲਾਂ ਪਿੰਡ ਦੇ ਹੀ ਇੱਕ ਸਥਾਨਕ ਡਾਕਟਰ ਦੇ ਕੋਲ ਕੰਮ ਕਰਦਾ ਸੀ। ਡਾਕਟਰੀ ਲਾਈਨ ਦਾ ਥੋੜ੍ਹਾ-ਬਹੁਤ ਤਜ਼ਰਬਾ ਹਾਸਲ ਹੋਣ ਤੋਂ ਬਾਅਦ, ਉਸ ਨੇ ਆਪਣੇ ਘਰ ਵਿੱਚ ਹੀ ਇੱਕ ਛੋਟਾ ਕਲੀਨਿਕ ਖੋਲ੍ਹ ਲਿਆ ਸੀ ਅਤੇ ਪਿੰਡ ਦੇ ਮਰੀਜ਼ਾਂ ਨੂੰ ਦਵਾਈ ਦਿੰਦਾ ਸੀ। ਜੇਕਰ ਪਰਿਵਾਰਕ ਪਿਛੋਕੜ ਦੀ ਗੱਲ ਕਰੀਏ ਤਾਂ ਮੇਅਰਜੀਤ ਸਿੰਘ ਦੀ ਪਹਿਲੀ ਪਤਨੀ ਦੀ ਕਾਫੀ ਸਮਾਂ ਪਹਿਲਾਂ ਮੌਤ ਹੋ ਚੁੱਕੀ ਸੀ, ਜਦੋਂ ਕਿ ਉਸ ਦੀ ਦੂਜੀ ਪਤਨੀ ਉਸ ਨੂੰ ਛੱਡ ਕੇ ਜਾ ਚੁੱਕੀ ਸੀ। ਘਰ ਵਿੱਚ ਸਿਰਫ਼ ਪਿਓ-ਪੁੱਤ ਹੀ ਇਕੱਠੇ ਰਹਿੰਦੇ ਸਨ। ਮੇਅਰਜੀਤ ਸਿੰਘ ਖੁਦ ਹੀ ਰੋਜ਼ਾਨਾ ਘਰ ਦਾ ਖਾਣਾ ਬਣਾਉਂਦਾ ਸੀ ਅਤੇ ਪਿਓ-ਪੁੱਤ ਦੋਵੇਂ ਮਿਲ ਕੇ ਖਾਂਦੇ ਸੀ।
ਸ਼ਰਾਬ ਦੀ ਆਦਤ ਅਤੇ ਠੰਢਾ ਖਾਣਾ ਬਣਿਆ ਕਲੇਸ਼ ਦੀ ਵਜ੍ਹਾ
ਪਿੰਡ ਵਾਸਿਆਂ ਮੁਤਾਬਕ ਮੇਅਰਜੀਤ ਸਿੰਘ ਸ਼ਰਾਬ ਪੀਣ ਦਾ ਆਦੀ ਸੀ, ਜਿਸ ਕਾਰਨ ਅਕਸਰ ਘਰ ਦੇ ਅੰਦਰ ਤਣਾਅਪੂਰਨ ਮਾਹੌਲ ਬਣਿਆ ਰਹਿੰਦਾ ਸੀ। ਬੁੱਧਵਾਰ ਦੀ ਰਾਤ ਨੂੰ ਵੀ ਹਮੇਸ਼ਾ ਦੀ ਤਰ੍ਹਾਂ ਮੇਅਰਜੀਤ ਸਿੰਘ ਨੇ ਰਾਤ ਦਾ ਖਾਣਾ ਤਿਆਰ ਕੀਤਾ ਅਤੇ ਆਪਣੇ ਪੁੱਤ ਲਵਪ੍ਰੀਤ ਸਿੰਘ ਨੂੰ ਰੋਟੀ ਖਾਣ ਦੇ ਲਈ ਆਵਾਜ਼ ਦਿੱਤੀ। ਪਰ ਉਸ ਸਮੇਂ ਲਵਪ੍ਰੀਤ ਦਾ ਇੱਕ ਦੋਸਤ ਘਰ ਆਇਆ ਹੋਇਆ ਸੀ, ਜਿਸ ਕਾਰਨ ਉਹ ਉਸ ਨਾਲ ਗੱਲਬਾਤ ਕਰਨ ਵਿੱਚ ਰੁੱਝ ਗਿਆ।
ਦੋਸਤ ਦੇ ਘਰੋਂ ਜਾਣ ਤੋਂ ਬਾਅਦ ਜਦੋਂ ਲਵਪ੍ਰੀਤ ਰੋਟੀ ਖਾਣ ਦੇ ਲਈ ਬੈਠਾ, ਤਾਂ ਉਦੋਂ ਤੱਕ ਖਾਣਾ ਪੂਰੀ ਤਰ੍ਹਾਂ ਠੰਢਾ ਹੋ ਚੁੱਕਾ ਸੀ। ਇਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਤਕਰਾਰ ਸ਼ੁਰੂ ਹੋ ਗਈ, ਜੋ ਕਿ ਹੱਥੋਪਾਈ ਤੱਕ ਪਹੁੰਚ ਗਈ ਅਤੇ ਗੁੱਸੇ ਵਿੱਚ ਆਏ ਲਵਪ੍ਰੀਤ ਨੇ ਲੋਹੇ ਦੀ ਰਾਡ ਨਾਲ ਪਿਓ ਦੇ ਸਿਰ ‘ਤੇ ਵਾਰ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਿਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੀ ਹੈ।


