ਮਨਪ੍ਰੀਤ ਬਾਦਲ ‘ਤੇ ਲਟਕ ਰਹੀ ਗ੍ਰਿਫਤਾਰੀ ਤਲਵਾਰ, ਸਾਬਕਾ ਵਿੱਤ ਮੰਤਰੀ ਦੇ ਕਰੀਬੀ ਨੂੰ ਵਿਜੀਲੈਂਸ ਨੇ ਫੜ੍ਹਿਆ
ਪੰਜਾਬ ਸਰਕਾਰ ਲਗਾਤਾਰ ਭ੍ਰਿਸ਼ਟਾਚਾਰ ਦੇ ਖਿਲਾਫ ਕਾਰਵਾਈ ਕਰ ਰਹੀ ਹੈ। ਇਸਦੇ ਤਹਿਤ ਹੁਣ ਤੱਕ ਕਈ ਮੰਤਰੀਆਂ ਅਤੇ ਕਈ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕੀਤੀ ਜਾ ਚੁੱਕੀ ਹੈ। ਤੇ ਹੁਣ ਕਾਰਵਾਈ ਦੀ ਤਲਵਾਰ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਸਿਰ ਵੀ ਲਟਕ ਰਹੀ ਹੈ। ਹੁਣ ਵਿਜੀਲੈਂਸ ਨੇ ਮਨਪ੍ਰੀਤ ਦੇ ਇੱਕ ਕਰੀਬੀ ਨੂੰ ਜਲੰਧਰ ਤੋਂ ਗ੍ਰਿਫਤਾਰ ਕਰ ਲਿਆ ਹੈ।
ਪੰਜਾਬ ਨਿਊਜ। ਬਠਿੰਡਾ ਵਿਜੀਲੈਂਸ ਬਿਊਰੋ ਨੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਇੱਕ ਕਰੀਬੀ ਨੂੰ ਹਿਰਾਸਤ ਵਿੱਚ ਲਿਆ ਹੈ। ਦੱਸਿਆ ਗਿਆ ਹੈ ਕਿ ਉਹ ਪਾਰਟੀ ਦੀ ਮੀਟਿੰਗ ਵਿੱਚ ਪੁੱਜੇ ਹੋਏ ਸਨ, ਉਥੋਂ ਵਿਜੀਲੈਂਸ ਨੇ ਉਸ ਨੂੰ ਚੁੱਕ ਲਿਆ। ਵਿਜੀਲੈਂਸ ਉਸ ਕੋਲੋਂ ਮਾਡਲ ਟਾਊਨ ਵਿੱਚ ਖਰੀਦੇ ਪਲਾਟ ਸਬੰਧੀ ਪੁੱਛਗਿੱਛ ਕਰੇਗੀ। ਹਾਲਾਂਕਿ ਬਿਊਰੋ ਦੇ ਕਿਸੇ ਅਧਿਕਾਰੀ ਨੇ ਇਸ ਸਬੰਧੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ।ਇਸ ਨਾਲ ਇਹ ਸੰਭਾਵਨਾ ਵੀ ਵੱਧ ਗਈ ਹੈ ਕਿ ਪੰਜਾਬ ਵਿਜੀਲੈਂਸ (Punjab Vigilance) ਮਨਪ੍ਰੀਤ ਸਿੰਘ ਬਾਦਲ ਨੂੰ ਕਿਸੇ ਵੇਲੇ ਵੀ ਗ੍ਰਿਫਤਾਰ ਕਰ ਸਕਦੀ ਹੈ। ਇੱਕ ਦਿਨ ਪਹਿਲਾਂ ਮਨਪ੍ਰੀਤ ਨੇ ਗ੍ਰਿਫ਼ਤਾਰੀ ਤੋਂ ਬਚਣ ਲਈ ਸੈਸ਼ਨ ਕੋਰਟ ਵਿੱਚ ਅਗਾਊਂ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ।
ਵਿਜੀਲੈਂਸ ਮਨਪ੍ਰੀਤ ਬਾਦਲ ਵੱਲੋਂ ਵਿੱਤ ਮੰਤਰੀ ਹੁੰਦਿਆਂ ਬਠਿੰਡਾ (Bathinda) ਸ਼ਹਿਰ ਨੇੜੇ ਮਾਡਲ ਟਾਊਨ ਵਿੱਚ ਆਪਣਾ ਘਰ ਬਣਾਉਣ ਲਈ 1500 ਗਜ਼ ਦਾ ਪਲਾਟ ਖਰੀਦਣ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ। ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ਵਿੱਚ ਦਾਇਰ ਇਸ ਪਟੀਸ਼ਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸ਼ਿਕਾਇਤਕਰਤਾ ਸਰੂਪ ਸਿੰਗਲਾ ਨੇ ਲੋਕਪਾਲ ਪੰਜਾਬ ਨੂੰ ਪਲਾਟ ਦੀ ਖਰੀਦ ਵਿੱਚ ਧੋਖਾਧੜੀ ਦੀ ਸ਼ਿਕਾਇਤ ਕੀਤੀ ਸੀ, ਜਿਸ ਨੂੰ ਰੱਦ ਕਰ ਦਿੱਤਾ ਗਿਆ।
ਨਿਯਮਾਂ ਅਨੁਸਾਰ ਪਲਾਟ ਖਰੀਦੇ
ਜਿਸ ਦੇ ਆਧਾਰ ‘ਤੇ ਮਨਪ੍ਰੀਤ ਨੇ ਪਟੀਸ਼ਨ ‘ਚ ਕਿਹਾ ਹੈ ਕਿ ਮੁੱਖ ਮੰਤਰੀ (Chief Minister) ਦੇ ਇਸ਼ਾਰੇ ‘ਤੇ ਸਾਬਕਾ ਮੰਤਰੀ ਨੂੰ ਝੂਠੇ ਕੇਸ ‘ਚ ਫਸਾਉਣ ਲਈ ਵਿਜੀਲੈਂਸ ਜਾਂਚ ਕਰਵਾਈ ਜਾ ਰਹੀ ਹੈ। ਜਦੋਂਕਿ ਬੀਡੀਏ ਨੇ ਚਾਰ ਪ੍ਰਮੁੱਖ ਅਖ਼ਬਾਰਾਂ ਵਿੱਚ ਪਲਾਟਾਂ ਦੀ ਨਿਲਾਮੀ ਲਈ ਇਸ਼ਤਿਹਾਰ ਦਿੱਤਾ ਸੀ ਅਤੇ ਇਨ੍ਹਾਂ ਪਲਾਟਾਂ ਦੀ ਬੋਲੀ ਇੰਟਰਨੈੱਟ ਰਾਹੀਂ ਕੀਤੀ ਗਈ ਸੀ। ਜਿਸ ਵਿੱਚ ਕੋਈ ਵੀ ਹਿੱਸਾ ਨਹੀਂ ਲੈ ਸਕਿਆ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਉਸ ਨੇ ਨਿਯਮਾਂ ਅਨੁਸਾਰ ਪਲਾਟ ਖਰੀਦੇ ਹਨ।
ਵਿਜੀਲੈਂਸ ਦੀ ਜਾਂਚ ਵਿੱਚ ਸ਼ਾਮਲ
ਉਸ ਨੇ ਇਹ ਵੀ ਕਿਹਾ ਹੈ ਕਿ ਉਹ ਵਿਜੀਲੈਂਸ ਦੀ ਜਾਂਚ ਵਿੱਚ ਸ਼ਾਮਲ ਹੋ ਗਿਆ ਹੈ ਅਤੇ ਉਸ ਤੋਂ ਬਾਅਦ ਮਾਮਲੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਸਾਬਕਾ ਵਿੱਤ ਮੰਤਰੀ ਨੇ ਹੁਣ ਅਦਾਲਤ ਨੂੰ ਕਿਹਾ ਹੈ ਕਿ ਵਿਜੀਲੈਂਸ ਉਸ ਨੂੰ ਕਿਸੇ ਵੀ ਸਮੇਂ ਗ੍ਰਿਫ਼ਤਾਰ ਕਰ ਸਕਦੀ ਹੈ, ਜਿਸ ਅਨੁਸਾਰ ਉਸ ਨੂੰ ਗ੍ਰਿਫ਼ਤਾਰੀ ਤੋਂ ਪਹਿਲਾਂ ਅਗਾਊਂ ਜ਼ਮਾਨਤ ਜਾਂ ਸੱਤ ਦਿਨਾਂ ਦਾ ਨੋਟਿਸ ਦਿੱਤਾ ਜਾਣਾ ਚਾਹੀਦਾ ਹੈ।
ਵਿਜੀਲੈਂਸ ਨੂੰ 26 ਸਤੰਬਰ ਲਈ ਨੋਟਿਸ ਜਾਰੀ
ਜਾਣਕਾਰੀ ਅਨੁਸਾਰ ਅਦਾਲਤ ਨੇ ਮਨਪ੍ਰੀਤ ਬਾਦਲ ਦੀ ਅਰਜ਼ੀ ਵਧੀਕ ਤੇ ਜ਼ਿਲ੍ਹਾ ਸੈਸ਼ਨ ਜੱਜ ਰਾਮ ਕੁਮਾਰ ਗੋਇਲ ਦੀ ਅਦਾਲਤ ‘ਚ ਸੁਣਵਾਈ ਲਈ ਭੇਜ ਦਿੱਤੀ ਹੈ, ਜਿਸ ਲਈ ਵਿਜੀਲੈਂਸ ਨੂੰ 26 ਸਤੰਬਰ ਲਈ ਨੋਟਿਸ ਜਾਰੀ ਕੀਤਾ ਗਿਆ ਹੈ, ਹੁਣ ਵਿਜੀਲੈਂਸ ਅਦਾਲਤ ‘ਚ ਆਪਣਾ ਜਵਾਬ ਦੇਵੇਗੀ।