ਬਜ਼ੁਰਗ ਦਾਦਾ-ਦਾਦੀ ਦੀ ਟੁੱਟੀ ਬੁਢਾਪੇ ਦੀ ਲਾਠੀ, ਮਾਛੀਵਾੜਾ ਸਾਹਿਬ ਵਿੱਚ ਬੁੱਢਾ ਦਰਿਆ ‘ਚ ਡੁੱਬੇ ਬੱਚੇ ਦੀ ਤਿੰਨ ਦਿਨਾਂ ਬਾਅਦ ਤੈਰਦੀ ਮਿਲੀ ਬੱਚੇ ਦੀ ਲਾਸ਼
ਸੁਖਪ੍ਰੀਤ ਪੜ੍ਹਾਈ ਦੇ ਨਾਲ-ਨਾਲ ਦੁਕਾਨ 'ਤੇ ਕੰਮ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ। ਆਪਣੇ ਪੋਤੇ ਦੀ ਮ੍ਰਿਤਕ ਦੇਹ ਨੂੰ ਲੈਣ ਸਿਵਲ ਹਸਪਤਾਲ ਪੁੱਜੇ ਦਾਦਾ ਚਰਨਦਾਸ ਨੇ ਦੱਸਿਆ ਕਿ ਮੰਗਲਵਾਰ ਨੂੰ ਸੁਖਪ੍ਰੀਤ ਉਨ੍ਹਾ ਨੂੰ ਕਹਿ ਕੇ ਗਿਆ ਸੀ ਕਿ ਉਹ 2 ਮਿੰਟ ਵਿੱਚ ਆ ਰਿਹਾ ਹੈ।

Boy Drown in Budha Nala: ਲੁਧਿਆਣਾ ਜ਼ਿਲੇ ਦੇ ਖੰਨਾ ‘ਚ ਮਾਛੀਵਾੜਾ ਸਾਹਿਬ ਵਿਖੇ ਬੁੱਢਾ ਦਰਿਆ ‘ਚ ਰੁੜ੍ਹੇ ਇਕ ਲੜਕੇ ਦੀ ਲਾਸ਼ ਤੀਜੇ ਦਿਨ ਬਰਾਮਦ ਹੋਈ। ਜਿਸ ਥਾਂ ਤੇ ਬੱਚਾ ਡੁੱਬਿਆ ਸੀ, ਉਸ ਥਾਂ ਤੋਂ ਕਰੀਬ 1.25 ਕਿਲੋਮੀਟਰ ਦੀ ਦੂਰੀ ‘ਤੇ ਉਸਦੀ ਲਾਸ਼ ਮਿਲੀ। ਇਸ ਘਟਨਾ ਨੇ ਪਿੰਡ ਚੱਕੀ ਦੇ ਰਹਿਣ ਵਾਲੇ ਬਜ਼ੁਰਗ ਜੋੜੇ ਤੇ ਦੁੱਖਾਂ ਦਾ ਪਹਾੜ ਤੋੜ ਦਿੱਤਾ ਹੈ। ਕਿਉਂਕਿ ਮ੍ਰਿਤਕ ਸੁਖਪ੍ਰੀਤ ਸਿੰਘ (16) ਆਪਣੇ ਦਾਦਾ-ਦਾਦੀ ਦੇ ਬੁੱਢਾਪੇ ਦਾ ਇੱਕੋ-ਇੱਕ ਸਹਾਰਾ ਸੀ।
ਕਰੀਬ 5 ਮਹੀਨੇ ਪਹਿਲਾਂ ਹੀ ਸੁਖਪ੍ਰੀਤ ਸਿੰਘ ਦੇ ਪਿਤਾ ਦੀ ਮੌਤ ਹੋਈ ਸੀ। ਮਾਂ ਆਪਣੀ ਇੱਕ ਧੀ ਨਾਲ ਪਰਿਵਾਰ ਤੋਂ ਵੱਖ ਰਹੀ ਸੀ। ਸੁਖਪ੍ਰੀਤ ਦੀ ਇੱਕ ਭੈਣ ਉਸ ਦੇ ਨਾਲ ਰਹਿੰਦੀ ਸੀ। ਸੁਖਪ੍ਰੀਤ 9ਵੀਂ ਜਮਾਤ ਵਿੱਚ ਪੜ੍ਹਦਾ ਸੀ। ਸੁਖਪ੍ਰੀਤ ਆਪਣੇ ਦਾਦਾ ਨੂੰ ਕਹਿ ਕੇ ਗਿਆ ਸੀ ਕਿ ਉਹ 2 ਮਿੰਟ ਵਿੱਚ ਆ ਰਿਹਾ ਹੈ।

ਪਰਿਵਾਰ ਦੀ ਮਦਦ ਕਰਨ ਦੀ ਮੰਗ
ਜੇਕਰ ਉਨ੍ਹਾਂ ਨੂੰ ਪਤਾ ਹੁੰਦਾ ਕਿ ਸੁਖਪ੍ਰੀਤ ਪਾਣੀ ਦੇਖਣ ਗਿਆ ਹੈ ਤਾਂ ਉਹ ਉਸ ਨੂੰ ਕਦੇ ਨਾ ਜਾਣ ਦਿੰਦੇ। ਉਹ 3 ਦਿਨਾਂ ਬਾਅਦ ਲਾਸ਼ ਬਣ ਕੇ ਪਰਤਿਆ ਹੈ। ਉਨ੍ਹਾਂ ਕੋਲ ਸਿਰਫ਼ ਇੱਕੋ ਹੀ ਸਹਾਰਾ ਬਚਿਆ ਸੀ, ਜਿਸ ਨੂੰ ਹੜ੍ਹ ਨੇ ਖੋਹ ਲਿਆ। ਹੁਣ ਪਰਮਾਤਮਾ ਹੀ ਸਹਾਰਾ ਹੈ। ਪਿੰਡ ਦੇ ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਰਿਵਾਰ ਦੀ ਮਦਦ ਕੀਤੀ ਜਾਵੇ ਕਿਉਂਕਿ ਇਹ ਪਰਿਵਾਰ ਇੰਨਾ ਗਰੀਬ ਹੈ ਕਿ ਦੋ ਵਕਤ ਦੀ ਰੋਟੀ ਦਾ ਜੁਗਾੜ ਕਰਨਾ ਵੀ ਮੁਸ਼ਕਿਲ ਹੈ।