ਜਿਮ ‘ਚ ਜ਼ਿਆਦਾ ਭਾਰ ਚੁੱਕਣ ਕਾਰਨ ਵਿਗੜੀ ਸਿਹਤ, 22 ਦਿਨਾਂ ਬਾਅਦ ਮੌਤ, ਪਰਿਵਾਰ ਵੱਲੋਂ ਪ੍ਰਦਰਸ਼ਨ ਕਰਕੇ ਇਨਸਾਫ਼ ਦੀ ਮੰਗ
ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਇਲਜ਼ਾਮ ਲਗਾਇਆ ਕਿ ਟ੍ਰੇਨਰ ਨੇ ਉਨ੍ਹਾਂ ਦੇ ਪੁੱਤਰ ਨੂੰ ਲੈੱਗ ਪ੍ਰੈਸ ਮਸ਼ੀਨ 'ਤੇ ਭਾਰੀ ਭਾਰ ਨਾਲ ਕਸਰਤ ਕਰਨ ਲਈ ਕਿਹਾ। ਹਾਲਾਂਕਿ, ਇਸ ਦੌਰਾਨ ਉਸ ਦੀ ਹਾਲਤ ਅਚਾਨਕ ਵਿਗੜ ਗਈ, ਜਿਸ ਕਾਰਨ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਬਾਅਦ 'ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਸ਼ਿਵਮ ਵਜੋਂ ਹੋਈ ਹੈ। ਉਸ ਦੇ ਪਰਿਵਾਰ ਦਾ ਇਲਜ਼ਾਮ ਹੈ ਕਿ ਇਹ ਘਟਨਾ ਜਿਮ ਟ੍ਰੇਨਰ ਦੀ ਲਾਪਰਵਾਹੀ ਕਾਰਨ ਵਾਪਰੀ।
ਲੁਧਿਆਣਾ ਦੇ ਟਿੱਬਾ ਰੋਡ ਦੇ ਗੋਪਾਲ ਨਗਰ ਚੌਕ ਇਲਾਕੇ ‘ਚ ਇੱਕ ਜਿਮ ‘ਚ ਵਰਕਆਊਟ ਦੌਰਾਨ ਨੌਜਵਾਨ ਦੀ ਸਿਹਤ ਵਿਗੜਨ ਤੋਂ ਬਾਅਦ ਮੌਤ ਹੋ ਗਈ। ਫਿਟਨੈਸ ਟ੍ਰੇਨਿੰਗ ਦੌਰਾਨ ਦੌਰਾਨ ਜ਼ਿਆਦਾ ਭਾਰ ਨਾਲ ਕਸਰਤ ਕਰਨ ਕਾਰਨ ਨੌਜਵਾਨ ਦੀ ਸਿਹਤ ਵਿਗੜ ਗਈ ਸੀ। ਇਹ ਘਟਨਾ ਲਗਭਗ 22 ਦਿਨ ਪਹਿਲਾਂ ਵਾਪਰੀ ਸੀ, ਜਦੋਂ ਜਿਮ ‘ਚ ਕਸਰਤ ਕਰਦੇ ਸਮੇਂ ਨੌਜਵਾਨ ਦੀ ਸਿਹਤ ਵਿਗੜ ਗਈ ਸੀ।
ਲੈੱਗ ਪ੍ਰੈਸ ਮਸ਼ੀਨ ‘ਤੇ ਭਾਰੀ ਭਾਰ ਚੁੱਕਣ ਤੋਂ ਬਾਅਦ ਸਿਹਤ ਵਿਗੜੀ
ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਇਲਜ਼ਾਮ ਲਗਾਇਆ ਕਿ ਟ੍ਰੇਨਰ ਨੇ ਉਨ੍ਹਾਂ ਦੇ ਪੁੱਤਰ ਨੂੰ ਲੈੱਗ ਪ੍ਰੈਸ ਮਸ਼ੀਨ ‘ਤੇ ਭਾਰੀ ਭਾਰ ਨਾਲ ਕਸਰਤ ਕਰਨ ਲਈ ਕਿਹਾ। ਹਾਲਾਂਕਿ, ਇਸ ਦੌਰਾਨ ਉਸ ਦੀ ਹਾਲਤ ਅਚਾਨਕ ਵਿਗੜ ਗਈ, ਜਿਸ ਕਾਰਨ ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਬਾਅਦ ‘ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਸ਼ਿਵਮ ਵਜੋਂ ਹੋਈ ਹੈ। ਉਸ ਦੇ ਪਰਿਵਾਰ ਦਾ ਇਲਜ਼ਾਮ ਹੈ ਕਿ ਇਹ ਘਟਨਾ ਜਿਮ ਟ੍ਰੇਨਰ ਦੀ ਲਾਪਰਵਾਹੀ ਕਾਰਨ ਵਾਪਰੀ।
ਪਰਿਵਾਰ ਨੇ ਲਾਸ਼ ਨਾਲ ਜਿਮ ਬਾਹਰ ਕੀਤਾ ਪ੍ਰਦਰਸ਼ਨ
ਪਰਿਵਾਰ ਦਾ ਇਲਜ਼ਾਮ ਹੈ ਕਿ ਜਿਮ ਟ੍ਰੇਨਰ ਨੇ ਜਾਂ ਤਾਂ ਜਾਣਬੁੱਝ ਕੇ ਜਾਂ ਲਾਪਰਵਾਹੀ ਨਾਲ ਸ਼ਿਵਮ ਨੂੰ ਉਸ ਦੀ ਸਮਰੱਥਾ ਤੋਂ ਵੱਧ ਭਾਰ ਚੁੱਕਣ ਲਈ ਮਜਬੂਰ ਕੀਤਾ, ਜਿਸ ਕਾਰਨ ਉਸ ਦੀ ਹਾਲਤ ਵਿਗੜ ਗਈ ਤੇ ਉਸ ਦੀ ਮੌਤ ਹੋ ਗਈ। ਘਟਨਾ ਤੋਂ ਗੁੱਸੇ ‘ਚ ਪਰਿਵਾਰ ਨੇ ਜਿਮ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ ਤੇ ਲਾਸ਼ ਨੂੰ ਉੱਥੇ ਰੱਖ ਕੇ ਇਨਸਾਫ਼ ਦੀ ਮੰਗ ਕੀਤੀ।
ਘਟਨਾ ਦੀ ਜਾਣਕਾਰੀ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਸਥਿਤੀ ਨੂੰ ਕਾਬੂ ‘ਚ ਕੀਤਾ। ਪੁਲਿਸ ਫਿਲਹਾਲ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਕਿਹਾ ਹੈ ਕਿ ਮਾਮਲੇ ਦੇ ਸਾਰੇ ਪਹਿਲੂਆਂ ‘ਤੇ ਜਾਂਚ ਕਰਨ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।
ਜਿੰਮ ਮਾਲਿਕ ਨੇ ਦਿੱਤੀ ਸਫਾਈ
ਉੱਧਰ, ਇਸ ਮਾਮਲੇ ਨੂੰ ਲੈ ਕੇ ਜਿੰਮ ਮਾਲਿਕ ਨੇ ਸਫਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਜਿੰਮ ਨੂੰ ਖੁੱਲ੍ਹੇ ਹੋਏ 6-7 ਸਾਲ ਹੋ ਗਏ ਹਨ। ਅੱਜ ਤੱਕ ਕਦੇ ਵੀ ਅਜਿਹੀ ਕੋਈ ਘਟਨਾ ਨਹੀਂ ਹੋਈ। ਉਨ੍ਹਾਂ ਕਿਹਾ ਕਿ ਇਸ ਘਟਨਾ ਵਿੱਚ ਜਿੰਮ ਦਾ ਕੋਈ ਵੀ ਰੋਲ ਨਹੀਂ ਹੈ। ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਿਸ ਮੁੰਡੇ ਦੀ ਮੌਤ ਹੋਈ ਹੈ, ਉਸਨੂੰ ਜਰੂਰ ਪਹਿਲਾਂ ਤੋਂ ਹੀ ਕੋਈ ਸਰੀਰਿਕ ਸਮੱਸਿਆ ਰਹੀ ਹੋਵੇਗੀ।


