ਲੁਧਿਆਣਾ ਦੇ ਕੋਟ ਮੰਗਲ ਸਿੰਘ ਇਲਾਕੇ ‘ਚ ਚੱਲੀਆਂ ਗੋਲੀਆਂ, ਫੋਰਚੂਨਰ ਸਵਾਰ ਨੌਜਵਾਨਾਂ ਨੇ ਕੀਤੀ ਫਾਇਰਿੰਗ; ਲੜਕੀ ਨਾਲ ਜੁੜਿਆ ਵਿਵਾਦ
ਪੀੜਤ ਪਰਿਵਾਰ ਮੁਤਾਬਕ, ਮਾਮਲਾ ਇੱਕ ਲੜਕੀ ਨਾਲ ਜੁੜਿਆ ਹੋਇਆ ਹੈ। ਪੀੜਤ ਨੌਜਵਾਨ ਦੇ ਪਿਤਾ ਹਰਜਿੰਦਰ ਸਿੰਘ ਨੇ ਦੱਸਿਆ ਕਿ ਕਰੀਬ ਅੱਠ ਸਾਲ ਪਹਿਲਾਂ ਉਨ੍ਹਾਂ ਦੇ ਪੁੱਤਰ ਦਾ ਸਕੂਲ ਸਮੇਂ ਇੱਕ ਲੜਕੀ ਨਾਲ ਰਿਸ਼ਤਾ ਸੀ। ਪਰਿਵਾਰ ਨੂੰ ਇਸ ਬਾਰੇ ਪਤਾ ਲੱਗਣ ਤੋਂ ਬਾਅਦ ਦੋਵਾਂ ਦੇ ਰਿਸ਼ਤੇ ਗੱਲ ਤੇ ਵਿਆਹ ਦੀ ਗੱਲ ਵੀ ਕੀਤੀ ਗਈ।
ਲੁਧਿਆਣਾ ਦੇ ਕੋਟ ਮੰਗਲ ਸਿੰਘ ਇਲਾਕੇ ‘ਚ ਬੀਤੀ ਰਾਤ ਗੋਲੀਆਂ ਚੱਲਣ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਫੋਰਚੂਨਰ ਸਵਾਰ ਕੁਝ ਨੌਜਵਾਨਾਂ ਵੱਲੋਂ ਇੱਕ ਨੌਜਵਾਨ ਤੇ ਬੜਤੋੜ ਫਾਇਰਿੰਗ ਕੀਤੀ ਗਈ। ਹਮਲੇ ਦੌਰਾਨ ਨੌਜਵਾਨ ਵਾਲ-ਵਾਲ ਬਚ ਗਿਆ, ਜਦਕਿ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
ਲੜਕੀ ਨਾਲ ਜੁੜਿਆ ਦੱਸਿਆ ਜਾ ਰਿਹਾ ਮਾਮਲਾ
ਪੀੜਤ ਪਰਿਵਾਰ ਮੁਤਾਬਕ, ਮਾਮਲਾ ਇੱਕ ਲੜਕੀ ਨਾਲ ਜੁੜਿਆ ਹੋਇਆ ਹੈ। ਪੀੜਤ ਨੌਜਵਾਨ ਦੇ ਪਿਤਾ ਹਰਜਿੰਦਰ ਸਿੰਘ ਨੇ ਦੱਸਿਆ ਕਿ ਕਰੀਬ ਅੱਠ ਸਾਲ ਪਹਿਲਾਂ ਉਨ੍ਹਾਂ ਦੇ ਪੁੱਤਰ ਦਾ ਸਕੂਲ ਸਮੇਂ ਇੱਕ ਲੜਕੀ ਨਾਲ ਰਿਸ਼ਤਾ ਸੀ। ਪਰਿਵਾਰ ਨੂੰ ਇਸ ਬਾਰੇ ਪਤਾ ਲੱਗਣ ਤੋਂ ਬਾਅਦ ਦੋਵਾਂ ਦੇ ਰਿਸ਼ਤੇ ਗੱਲ ਤੇ ਵਿਆਹ ਦੀ ਗੱਲ ਵੀ ਕੀਤੀ ਗਈ।
ਹਰਜਿੰਦਰ ਸਿੰਘ ਦੇ ਮੁਤਾਬਕ, ਬਾਅਦ ‘ਚ ਕਾਲਜ ‘ਚ ਪੜ੍ਹਾਈ ਕਰਦੇ ਸਮੇਂ ਲੜਕੀ ਦਾ ਕਿਸੇ ਹੋਰ ਨੌਜਵਾਨ ਨਾਲ ਸੰਪਰਕ ਹੋ ਗਿਆ ਤੇ ਉਸ ਨੇ ਉਨ੍ਹਾਂ ਦੇ ਪੁੱਤਰ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ।
ਉਨ੍ਹਾਂ ਦੱਸਿਆ ਕਿ ਲੜਕੀ ਉਨ੍ਹਾਂ ਦੇ ਘਰ ਤੋਂ ਕੁਝ ਹੀ ਦੂਰੀ ਤੇ ਰਹਿੰਦੀ ਹੈ। ਬੀਤੀ ਰਾਤ ਉਨ੍ਹਾਂ ਦਾ ਪੁੱਤਰ ਕਾਰ ਲੈ ਕੇ ਉਥੋਂ ਲੰਘ ਰਿਹਾ ਸੀ। ਪਰਿਵਾਰ ਦਾ ਇਲਜ਼ਾਮ ਹੈ ਕਿ ਲੜਕੀ ਵੱਲੋਂ ਨੌਜਵਾਨ ਦੀ ਵੀਡੀਓ ਬਣਾ ਕੇ ਆਪਣੇ ਕਥਿਤ ਸਾਥੀ ਨੂੰ ਭੇਜੀ ਗਈ, ਜਿਸ ਤੋਂ ਬਾਅਦ ਕੁਝ ਨੌਜਵਾਨਾਂ ਨੇ ਉਸ ਨੂੰ ਘੇਰ ਕੇ ਫਾਇਰਿੰਗ ਕਰ ਦਿੱਤੀ।
ਪਰਿਵਾਰ ਨੇ ਪੁਲਿਸ ਤੋਂ ਸਖ਼ਤ ਕਾਰਵਾਈ ਦੀ ਕੀਤੀ ਮੰਗ
ਪੀੜਤ ਦੇ ਪਿਤਾ ਨੇ ਕਿਹਾ ਕਿ ਇਸ ਘਟਨਾ ‘ਚ ਉਨ੍ਹਾਂ ਦਾ ਪੁੱਤਰ ਜਾਨੀ ਨੁਕਸਾਨ ਤੋਂ ਬਚ ਗਿਆ ਹੈ, ਪਰ ਪਰਿਵਾਰ ਨੂੰ ਮੁੜ ਹਮਲਾ ਹੋਣ ਦਾ ਡਰ ਬਣਿਆ ਹੋਇਆ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਤੇ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਫਾਇਰਿੰਗ ਕਰਨ ਵਾਲੇ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਕਾਬੂ ਕਰਨ ਲਈ ਕਾਰਵਾਈ ਜਾਰੀ ਹੈ।


