ਕੌਂਕੇ ਕਲਾਂ ਦੀ ਬਾਬਾ ਰੋਡੇ ਸ਼ਾਹ ਦਰਗਾਹ ‘ਤੇ ਅਨੋਖੀ ਆਸਥਾ, ਮੰਨਤ ਪੂਰੀ ਹੋਣ ‘ਤੇ ਚੜ੍ਹਾਈ ਜਾਂਦੀ ਹੈ ਸ਼ਰਾਬ; ਜਾਣੋ ਕਿਵੇਂ ਸ਼ੁਰੂ ਹੋਈ ਪ੍ਰਥਾ
ਹਰ ਸਾਲ ਸਤੰਬਰ ਮਹੀਨੇ 'ਚ ਇੱਥੇ ਤਿੰਨ ਦਿਨਾਂ ਦਾ ਸਾਲਾਨਾ ਮੇਲਾ ਲੱਗਦਾ ਹੈ। ਇਸ ਵਾਰ ਮੇਲਾ 5 ਤੋਂ 7 ਸਤੰਬਰ ਤੱਕ ਕਰਵਾਇਆ ਗਿਆ, ਜਿਸ 'ਚ ਆਸ-ਪਾਸ ਦੇ ਪਿੰਡਾਂ ਤੋਂ ਇਲਾਵਾ ਦੂਰ-ਦੁਰਾਡੇ ਇਲਾਕਿਆਂ ਤੋਂ ਆਏ ਸ਼ਰਧਾਲੂਆਂ ਨੇ ਵੀ ਮੇਲੇ 'ਚ ਸ਼ਿਰਕਤ ਕੀਤੀ। ਕਈ ਸ਼ਰਧਾਲੂ ਸ਼ਰਾਬ ਦੀਆਂ ਬੋਤਲਾਂ ਤੇ ਪੇਟੀਆਂ ਲੈ ਕੇ ਦਰਗਾਹ 'ਤੇ ਪਹੁੰਚੇ।
ਲੁਧਿਆਣਾ ਦੇ ਇਤਿਹਾਸਕ ਸ਼ਹਿਰ ਜਗਰਾਉਂ ਦੇ ਪਿੰਡ ਕੌਂਕੇ ਕਲਾਂ ਸਥਿਤ ਬਾਬਾ ਰੋਡੇ ਸ਼ਾਹ ਦੀ ਦਰਗਾਹ ਨਾਲ ਜੁੜੀ ਆਸਥਾ ਦੀ ਇੱਕ ਅਨੋਖੀ ਪਰੰਪਰਾ ਅੱਜ ਵੀ ਲੋਕਾਂ ਵਿਚਕਾਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇੱਥੇ ਸ਼ਰਧਾਲੂ ਆਪਣੀਆਂ ਮੰਨਤਾਂ ਲੈ ਕੇ ਦਰਗਾਹ ‘ਤੇ ਪਹੁੰਚਦੇ ਹਨ ਤੇ ਮੰਨਤ ਪੂਰੀ ਹੋਣ ‘ਤੇ ਸ਼ਰਾਬ ਦੀਆਂ ਬੋਤਲਾਂ ਦਰਗਾਹ ‘ਤੇ ਚੜ੍ਹਾਉਂਦੇ ਹਨ। ਦੱਸਿਆ ਜਾਂਦਾ ਹੈ ਕਿ ਇਹ ਪਰੰਪਰਾ ਕਰੀਬ 100 ਸਾਲ ਪੁਰਾਣੀ ਹੈ।
ਇਸ ਵਾਰ 5 ਤੋਂ 7 ਸਤੰਬਰ ਤੱਕ ਕਰਵਾਇਆ ਗਿਆ ਮੇਲਾ
ਹਰ ਸਾਲ ਸਤੰਬਰ ਮਹੀਨੇ ‘ਚ ਇੱਥੇ ਤਿੰਨ ਦਿਨਾਂ ਦਾ ਸਾਲਾਨਾ ਮੇਲਾ ਲੱਗਦਾ ਹੈ। ਇਸ ਵਾਰ ਮੇਲਾ 5 ਤੋਂ 7 ਸਤੰਬਰ ਤੱਕ ਕਰਵਾਇਆ ਗਿਆ, ਜਿਸ ‘ਚ ਆਸ-ਪਾਸ ਦੇ ਪਿੰਡਾਂ ਤੋਂ ਇਲਾਵਾ ਦੂਰ-ਦੁਰਾਡੇ ਇਲਾਕਿਆਂ ਤੋਂ ਆਏ ਸ਼ਰਧਾਲੂਆਂ ਨੇ ਵੀ ਮੇਲੇ ‘ਚ ਸ਼ਿਰਕਤ ਕੀਤੀ। ਕਈ ਸ਼ਰਧਾਲੂ ਸ਼ਰਾਬ ਦੀਆਂ ਬੋਤਲਾਂ ਤੇ ਪੇਟੀਆਂ ਲੈ ਕੇ ਦਰਗਾਹ ‘ਤੇ ਪਹੁੰਚੇ।
ਪਹਿਲੇ ਦਿਨ ਪਹੁੰਚਦੀਆਂ ਹਨ ਮਹਿਲਾ ਸ਼ਰਧਾਲੂ
ਤਿੰਨ ਦਿਨ ਚੱਲਣ ਵਾਲੇ ਇਸ ਮੇਲੇ ਦੀ ਇੱਕ ਹੋਰ ਖਾਸ ਗੱਲ ਇਹ ਹੈ ਕਿ ਮੇਲੇ ਦੇ ਇੱਕ ਦਿਨ ਹੀ ਮਹਿਲਾ ਸ਼ਰਧਾਲੂਆਂ ਆ ਸਕਦੀਆਂ ਹਨ, ਜਦਕਿ ਬਾਕੀ ਦੋ ਦਿਨ ਪੁਰਸ਼ ਸ਼ਰਧਾਲੂ ਵੱਡੀ ਗਿਣਤੀ ‘ਚ ਦਰਗਾਹ ‘ਤੇ ਪਹੁੰਚਦੇ ਹਨ। ਮੇਲੇ ਦੌਰਾਨ ਸ਼ਰਾਬ ਦਾ ਸੇਵਨ ਕਰਨ ਕਾਰਨ ਕਈ ਸ਼ਰਧਾਲੂ ਨਸ਼ੇ ਦੀ ਹਾਲਤ’ਚ ਵੀ ਹੁੰਦੇ ਹਨ। ਇਸ ਦੇ ਮੱਦੇਨਜ਼ਰ ਕਈ ਸਾਲ ਪਹਿਲਾਂ ਮੇਲੇ ਦੀ ਵਿਵਸਥਾ ਨੂੰ ਲੈ ਕੇ ਇਹ ਪਰੰਪਰਾ ਤੈਅ ਕੀਤੀ ਗਈ ਸੀ ਕਿ ਮੇਲੇ ਦੇ ਪਹਿਲੇ ਦਿਨ ਸਿਰਫ਼ ਮਹਿਲਾਵਾਂ ਤੇ ਬੱਚੇ ਹੀ ਦਰਗਾਹ ‘ਤੇ ਪਹੁੰਚਣਗੇ। ਇਹ ਪ੍ਰਬੰਧ ਇਸ ਲਈ ਕੀਤਾ ਗਿਆ ਸੀ ਤਾਂ ਜੋ ਨਸ਼ੇ ਦੀ ਹਾਲਤ ਵਿੱਚ ਕੋਈ ਵਿਅਕਤੀ ਮਹਿਲਾਵਾਂ ਨਾਲ ਬਦਸਲੂਕੀ ਜਾਂ ਉਨ੍ਹਾਂ ਦਾ ਅਪਮਾਨ ਨਾ ਕਰ ਸਕੇ।
ਮੰਨਤ ਪੂਰੀ ਹੋਣ ‘ਤੇ ਚੜ੍ਹਾਉਂਦੇ ਹਨ ਸ਼ਰਾਬ
ਜਾਣਕਾਰੀ ਮੁਤਾਬਕ ਲੋਕ ਵੱਖ-ਵੱਖ ਮੰਨਤਾ, ਪਰੇਸ਼ਾਨੀਆਂ ਤੋਂ ਛੁਟਕਾਰਾ ਪਾਉਣ, ਸੰਤਾਨ ਪ੍ਰਾਪਤੀ ਤੇ ਹੋਰ ਉਮੀਦ ਨਾਲ ਬਾਬਾ ਰੋਡੇ ਸ਼ਾਹ ਦੀ ਦਰਗਾਹ ‘ਤੇ ਮੱਥਾ ਟੇਕਣ ਆਉਂਦੇ ਹਨ। ਮੰਨਤ ਪੂਰੀ ਹੋਣ ਤੋਂ ਬਾਅਦ ਸ਼ਰਧਾਲੂ ਸ਼ਰਾਬ ਦਰਗਾਹ ‘ਤੇ ਪਹੁੰਚਦੇ ਹਨ। ਸ਼ਰਾਬ ਸਿਰਫ਼ ਸਾਲਾਨਾ ਮੇਲੇ ਦੌਰਾਨ ਹੀ ਚੜ੍ਹਾਈ ਜਾਂਦੀ ਹੈ। ਸ਼ਰਧਾਲੂ ਬੋਤਲਾਂ ਦਰਗਾਹ ‘ਤੇ ਰੱਖੇ ਡਰੰਮਾਂ ‘ਚ ਪਾ ਦਿੰਦੇ ਹਨ। ਜਦੋਂ ਇੱਕ ਡਰੰਮ ਭਰ ਜਾਂਦਾ ਹੈ ਤਾਂ ਉਸ ਦੀ ਥਾਂ ਦੂਜਾ ਡਰੰਮ ਰੱਖ ਦਿੱਤਾ ਜਾਂਦਾ ਹੈ।
ਖੁਦ ਬਾਬਾ ਰੋਡੇ ਸ਼ਾਹ ਨਹੀਂ ਪੀਂਦੇ ਸਨ ਸ਼ਰਾਬ
ਇਸ ਪਰੰਪਰਾ ਨਾਲ ਜੁੜੀ ਇੱਕ ਦਿਲਚਸਪ ਗੱਲ ਇਹ ਵੀ ਦੱਸੀ ਜਾਂਦੀ ਹੈ ਕਿ ਬਾਬਾ ਰੋਡੇ ਸ਼ਾਹ ਖੁਦ ਸ਼ਰਾਬ ਦਾ ਸੇਵਨ ਨਹੀਂ ਕਰਦੇ ਸਨ। ਇਸ ਦੇ ਬਾਵਜੂਦ ਮੰਨਤ ਪੂਰੀ ਹੋਣ ‘ਤੇ ਸ਼ਰਾਬ ਚੜ੍ਹਾਉਣ ਤੇ ਉਸ ਨੂੰ ਪ੍ਰਸਾਦ ਵਜੋਂ ਵੰਡਣ ਦੀ ਇਹ ਪਰੰਪਰਾ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਕਈ ਪਰਿਵਾਰ ਪੀੜ੍ਹੀਆਂ ਤੋਂ ਇਸ ਪਰੰਪਰਾ ਨਾਲ ਜੁੜੇ ਹੋਏ ਹਨ। ਉਨ੍ਹਾਂ ਲਈ ਇਹ ਸਿਰਫ਼ ਇੱਕ ਰਸਮ ਨਹੀਂ, ਸਗੋਂ ਬਾਬਾ ਰੋਡੇ ਸ਼ਾਹ ਪ੍ਰਤੀ ਸ਼ਰਧਾ ਤੇ ਵਿਸ਼ਵਾਸ ਦਾ ਪ੍ਰਤੀਕ ਹੈ।
ਇਹ ਵੀ ਪੜ੍ਹੋ
ਇਹ ਪ੍ਰਥਾ ਕਿਵੇਂ ਸ਼ੁਰੂ ਹੋਈ?
ਸਥਾਨਕ ਲੋਕਾਂ ਮੁਤਾਬਕ ਤੇ ਬਾਬਾ ਰੋਡੇ ਸ਼ਾਹ ਜੀ ਕੁਝ ਸਮਾਂ ਇੱਥੇ ਰਹੇ ਸਨ। ਇੱਕ ਜੋੜੇ ਨੇ ਉਨ੍ਹਾਂ ਕੋਲ ਸੰਤਾਨ ਦੀ ਮੰਨਤ ਮੰਗੀ, ਜੋ ਪੂਰੀ ਹੋ ਗਈ। ਖੁਸ਼ੀ ‘ਚ ਜੋੜਾ ਸ਼ਰਾਬ ਦੀ ਬੋਤਲ ਲੈ ਕੇ ਬਾਬਾ ਜੀ ਕੋਲ ਪਹੁੰਚਿਆ। ਬਾਬਾ ਜੀ ਖੁਦ ਸ਼ਰਾਬ ਨਹੀਂ ਪੀਂਦੇ ਸਨ, ਇਸ ਲਈ ਉਨ੍ਹਾਂ ਨੇ ਬੋਤਲ ਖੋਲ੍ਹ ਕੇ ਲੋਕਾਂ ‘ਚ ਵੰਡ ਦਿੱਤੀ। ਇਸ ਤੋਂ ਬਾਅਦ ਮੰਨਤਾਂ ਪੂਰੀਆਂ ਹੋਣ ‘ਤੇ ਲੋਕ ਸ਼ਰਾਬ ਚੜ੍ਹਾਉਣ ਲੱਗੇ ਤੇ ਹੌਲੀ-ਹੌਲੀ ਇਹ ਪਰੰਪਰਾ ਬਣ ਗਈ। ਅੱਜ ਹਜ਼ਾਰਾਂ ਸ਼ਰਧਾਲੂ ਇਸ ਮੇਲੇ ਵਿੱਚ ਪਹੁੰਚਦੇ ਹਨ।
ਡਰੰਮਾਂ ‘ਚ ਇਕੱਠੀ ਕੀਤੀ ਸ਼ਰਾਬ ਪ੍ਰਸਾਦ ਵਜੋਂ ਵਰਤਾਈ ਜਾਂਦੀ
ਮੇਲੇ ਦੌਰਾਨ ਚੜ੍ਹਾਈ ਗਈ ਸ਼ਰਾਬ ਨੂੰ ਬਾਅਦ ‘ਚ ਵੱਡੇ ਡਰੰਮਾਂ ਵਿੱਚ ਇਕੱਠਾ ਕੀਤਾ ਜਾਂਦਾ ਹੈ। ਇਸ ਨੂੰ ਸ਼ਰਧਾਲੂਆਂ ਵਿੱਚ ਪ੍ਰਸਾਦ ਵਜੋਂ ਵੰਡਿਆ ਜਾਂਦਾ ਹੈ। ਇਸ ਲਈ ਵੱਖ-ਵੱਖ ਥਾਵਾਂ ‘ਤੇ ਸਟਾਲ ਲਗਾਏ ਜਾਂਦੇ ਹਨ, ਜਿੱਥੇ ਸ਼ਰਧਾਲੂ ਕਤਾਰਾਂ ‘ਚ ਖੜ੍ਹ ਕੇ ਆਪਣੀ ਵਾਰੀ ਦੀ ਉਡੀਕ ਕਰਦੇ ਹਨ। ਦੱਸਿਆ ਜਾਂਦਾ ਹੈ ਕਿ ਸ਼ਰਾਬ ਨਾ ਪੀਣ ਵਾਲੇ ਸ਼ਰਧਾਲੂ ਵੀ ਆਸਥਾ ਵਜੋਂ ਇਸ ਪ੍ਰਸਾਦ ਦੀ ਇੱਕ ਬੂੰਦ ਗ੍ਰਹਿਣ ਕਰਦੇ ਹਨ।


