ਅਨਸ ਨੇ ਪਹਿਲਾਂ ਵਿਜੇ ਬਣ ਕੇ ਬਣਾਏ ਸਰੀਰਿਕ ਸਬੰਧ, ਫੇਰ ਵਿਆਹ ਲਈ ਰੱਖ ਦਿੱਤੀਆਂ ਅਜਿਹੀਆਂ ਸ਼ਰਤਾਂ…ਕੁੜੀ ਨੇ ਦੇ ਦਿੱਤੀ ਜਾਨ
Accuse sent to Jail in Suicide Case: ਮੁਲਜ਼ਮ ਅਨਸ ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਬੁਡੈਲ ਜੇਲ੍ਹ ਭੇਜ ਦਿੱਤਾ ਗਿਆ। ਜੇਲ੍ਹ ਜਾਣ ਤੋਂ ਪਹਿਲਾਂ ਉਸਨੇ ਦੱਸਿਆ ਕਿ ਕਿਵੇਂ ਉਹ ਕੁੜੀ ਦੇ ਸੰਪਰਕ ਵਿੱਚ ਆਇਆ।
ਚੰਡੀਗੜ੍ਹ ਦੇ ਸੈਕਟਰ-40 ‘ਚ 17 ਸਾਲਾ ਲੜਕੀ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰਨ ਦੇ ਮਾਮਲੇ ‘ਚ ਉਸ ਦੇ ਪਿਤਾ ਨੇ ਸਨਸਨੀਖੇਜ਼ ਖੁਲਾਸੇ ਕੀਤੇ ਹਨ। ਇਸ ਮਾਮਲੇ ਵਿੱਚ ਪੁਲਿਸ ਨੇ 22 ਸਾਲਾ ਅਨਸ (22) ਨੂੰ ਗ੍ਰਿਫ਼ਤਾਰ ਕੀਤਾ ਸੀ। ਹੁਣ ਲੜਕੀ ਦੇ ਪਿਤਾ ਨੇ ਦੱਸਿਆ ਕਿ ਅਨਸ ਉਨ੍ਹਾਂ ਦੀ ਧੀ ਨੂੰ ਵਿਜੇ ਦੇ ਨਾਂ ਨਾਲ ਮਿਲਿਆ ਸੀ ਅਤੇ ਆਪਣੇ ਆਪ ਨੂੰ ਹਿੰਦੂ ਦੱਸਦਾ ਸੀ। ਬੇਟੀ ਨੂੰ ਬਾਅਦ ਵਿਚ ਪਤਾ ਲੱਗਾ ਕਿ ਉਹ ਮੁਸਲਮਾਨ ਹੈ। ਬਾਅਦ ‘ਚ ਅਨਸ ਨੇ ਉਨ੍ਹਾਂ ਦੀ ਬੇਟੀ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਜੇਕਰ ਉਹ ਇਸਲਾਮ ਕਬੂਲ ਕਰ ਲਵੇ ਤਾਂ ਹੀ ਉਹ ਉਸ ਨਾਲ ਵਿਆਹ ਕਰ ਸਕਦਾ ਹੈ।
ਪੀੜਤਾ ਦੇ ਪਿਤਾ ਦਾ ਕਹਿਣਾ ਹੈ ਕਿ ਅਨਸ ਉਨ੍ਹਾਂ ਦੀ ਬੇਟੀ ‘ਤੇ ਧਰਮ ਬਦਲਣ ਲਈ ਲਗਾਤਾਰ ਦਬਾਅ ਬਣਾ ਰਿਹਾ ਸੀ। ਉਹ ਆਪਣੀ ਬੇਟੀ ਨੂੰ ਆਪਣੇ ਧਰਮ ਦੇ ਨਿਯਮ-ਕਾਨੂੰਨ ਵੀ ਦੱਸਦਾ ਸੀ ਅਤੇ ਕਲਮਾ ਵੀ ਲਿਖ ਕੇ ਪੜ੍ਹਨ ਲਈ ਦਿੰਦਾ ਸੀ। ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਪਿਤਾ ਨੇ ਅਨਸ ਅਤੇ ਇਕ ਕੁੜੀ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਦੋਸ਼ ਹੈ ਕਿ ਦੋਵਾਂ ਨੇ ਮਿਲ ਕੇ ਉਨ੍ਹਾਂ ਦੀ ਨਾਬਾਲਗ ਧੀ ਨੂੰ ਖੁਦਕੁਸ਼ੀ ਲਈ ਉਕਸਾਇਆ। ਇੰਨਾ ਹੀ ਨਹੀਂ ਅਨਸ ਨੇ ਵਿਆਹ ਦੇ ਬਹਾਨੇ ਉਸ ਦੀ ਬੇਟੀ ਦਾ ਤਿੰਨ ਸਾਲ ਤੱਕ ਸਰੀਰਿਕ ਸ਼ੋਸਨ ਵੀ ਕੀਤਾ ।
ਪੰਜ ਪੰਨਿਆਂ ਦਾ ਸੁਸਾਈਡ ਨੋਟ ਬਰਾਮਦ
ਸੈਕਟਰ-26 ਸਥਿਤ ਖਾਲਸਾ ਕਾਲਜ ਤੋਂ ਲੈਬ ਟੈਕਨੀਸ਼ੀਅਨ ਦਾ ਕੋਰਸ ਕਰ ਰਹੀ ਮ੍ਰਿਤਕਾ ਦੇ ਕਮਰੇ ਦੇ ਸਿਰਹਾਣੇ ਹੇਠੋਂ ਪੰਜ ਪੰਨਿਆਂ ਦਾ ਸੁਸਾਈਡ ਨੋਟ ਬਰਾਮਦ ਹੋਇਆ ਸੀ। ਪਿਤਾ ਮੁਤਾਬਕ ਬੇਟੀ ਨੇ ਉਸ ਨੂੰ ਬੀਤੀ 19 ਜੂਨ ਨੂੰ ਅਨਸ ਬਾਰੇ ਦੱਸਿਆ ਸੀ, ਪਰ ਬਦਨਾਮੀ ਦੇ ਡਰੋਂ ਉਨ੍ਹਾਂ ਨੇ ਪੁਲਿਸ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ।
ਸੁਸਾਈਡ ਨੋਟ ਵਿੱਚ ਕੀਤੇ ਕਈ ਵੱਡੇ ਖੁਲਾਸੇ
ਮ੍ਰਿਤਕ ਕੁੜੀ ਨੇ ਪੰਜ ਪੰਨਿਆਂ ਦੇ ਸੁਸਾਈਡ ਨੋਟ ਵਿੱਚ ਕਈ ਵੱਡੇ ਖੁਲਾਸੇ ਕੀਤੇ ਹਨ। ਉਸਨੇ ਲਿੱਖਿਆ ਕਿ ਉਹ ਪਿਛਲੇ ਚਾਰ ਹਫ਼ਤਿਆਂ ਤੋਂ ਬਹੁਤ ਪਰੇਸ਼ਾਨ ਹੈ। ਉਸ ਦੇ ਬੁਆਏਫ੍ਰੈਂਡ ਨੇ ਉਸ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ। ਉਸ ਦੇ ਕਿਸੇ ਹੋਰ ਲੜਕੀ ਨਾਲ ਸਬੰਧ ਸਨ। ਉਸਨੂੰ ਇਸਦਾ ਪਤਾ ਲੱਗਾ ਤਾਂ ਸਾਡੇ ਦੋਵਾਂ ਵਿਚਕਾਰ ਝਗੜਾ ਸ਼ੁਰੂ ਹੋ ਗਿਆ। ਝਗੜਾ ਇੰਨਾ ਵਧਿਆ ਕਿ ਉਹ ਮੇਰੇ ਤੋਂ ਪਿੱਛਾ ਛੁਡਾਉਣ ਦੀ ਕੋਸ਼ਿਸ਼ ਕਰਨ ਲੱਗਾ। ਵਿਆਹ ਕਰਨ ਦਾ ਵਾਅਦਾ ਕਰਕੇ ਅਨਸ ਉਸ ਨਾਲ ਤਿੰਨ ਸਾਲਾਂ ਤੱਕ ਲਗਾਤਾਰ ਸਰੀਰਿਕ ਸਬੰਧ ਬਣਾਉਂਦਾ ਰਿਹਾ। ਉਸ ਨੇ ਕਦੇ ਨਹੀਂ ਸੋਚਿਆ ਸੀ ਕਿ ਅਨਸ ਉਸਨੂੰ ਇਸ ਤਰ੍ਹਾਂ ਨਾਲ ਧੋਖਾ ਦੇਵੇਗਾ। ਉਹ ਬਹੁਤ ਟੁੱਟ ਚੁੱਕੀ ਹੈ।
ਉਸਨੇ ਸੁਸਾਈਡ ਨੋਟ ਵਿੱਚ ਅੱਗੇ ਲਿਖਿਆ ਹੈ ਕਿ ਅਨਸ ਉਸਨੂੰ ਇਸਲਾਮ ਕਬੂਲ ਕਰਨ ਲਈ ਦਬਾਅ ਪਾ ਰਿਹਾ ਸੀ। ਇੱਕ ਵਾਰ ਉਸਨੇ ਸੋਚਿਆ ਸੀ ਵੀ ਕਿ ਉਹ ਅਨਸ ਲਈ ਮੁਸਲਮਾਨ ਬਣ ਜਾਵੇ, ਪਰ ਉਹ ਕਿਸੇ ਹੋਰ ਨੂੰ ਪਿਆਰ ਕਰਨ ਲੱਗ ਪਿਆ ਸੀ। ਉਹ ਉਸ ਕੁੜੀ ਨਾਲ ਸਰੇਆਮ ਘੁੰਮਦਾ ਅਤੇ ਚੈਟ ਕਰਦਾ ਸੀ। ਉਹ ਕੁੜੀ ਵੀ ਪਿੱਛੇ ਨਹੀਂ ਹਟ ਰਹੀ ਸੀ। ਮ੍ਰਿਤਕਾ ਨੇ ਆਪਣੇ ਸੁਸਾਈਡ ਨੋਟ ‘ਚ ਕਿਹਾ ਹੈ ਕਿ ਉਹ ਜੋ ਵੀ ਕਰ ਰਹੀ ਹੈ, ਉਹ ਇਨ੍ਹਾਂ ਦੋਹਾਂ ਕਾਰਨ ਹੀ ਕਰ ਰਹੀ ਹੈ, ਕਿਉਂਕਿ ਇਨ੍ਹਾਂ ਨੇ ਉਸ ਦਾ ਜੀਉਣਾ ਮੁਸ਼ਕਿਲ ਕਰ ਦਿੱਤਾ ਹੈ।
ਇਹ ਵੀ ਪੜ੍ਹੋ
ਜੇਲ੍ਹ ਭੇਜਿਆ ਗਿਆ ਮੁਲਜ਼ਮ ਅਨਸ
ਸੈਕਟਰ-39 ਥਾਣਾ ਪੁਲਿਸ ਨੇ ਅਨਸ ਖਿਲਾਫ ਵਾਰ-ਵਾਰ ਰੇਪ ਕਰਨ, ਪੋਕਸੋ ਐਕਟ ਦੀ ਧਾਰਾ 4 ਅਤੇ 6 ਅਤੇ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕੀਤਾ ਹੈ। ਇਸ ਦੇ ਨਾਲ ਹੀ ਮਾਮਲੇ ਵਿੱਚ ਆਈਪੀਸੀ ਦੀ ਧਾਰਾ 34 ਵੀ ਲਗਾਈ ਗਈ ਹੈ, ਜਿਸ ਦੇ ਤਹਿਤ ਕਿਸੇ ਹੋਰ ਵਿਅਕਤੀ ਨੂੰ ਵੀ ਮੁਲਜ਼ਮ ਦੀ ਸ਼੍ਰੇਣੀ ਵਿੱਚ ਜੋੜਿਆ ਜਾ ਸਕਦਾ ਹੈ।
ਕੁੜੀ ਨਾਲ ਕਿਵੇਂ ਮਿਲਿਆ – ਮੁਲਜ਼ਮ ਨੇ ਦੱਸਿਆ
ਅਦਾਲਤ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਅਨਸ ਨੇ ਦੱਸਿਆ ਕਿ ਉਹ ਮ੍ਰਿਤਕਾ ਨੂੰ ਆਪਣੀ ਚਚੇਰੀ ਭੈਣ ਰਾਹੀਂ ਮਿਲਿਆ ਸੀ। ਸੈਕਟਰ-9 ਦੇ ਇਕ ਸੈਲੂਨ ਵਿਚ ਕੰਮ ਕਰਨ ਵਾਲੇ ਅਨਸ ਨੇ ਸੈਕਟਰ-37 ਦੇ ਇਕ ਸਕੂਲ ਤੋਂ 12ਵੀਂ ਪਾਸ ਕੀਤੀ ਹੈ। ਉਸ ਦੀਆਂ ਦੋ ਭੈਣਾਂ ਵਿਆਹੀਆਂ ਹੋਈਆਂ ਹਨ ਜਦੋਂ ਕਿ ਵੱਡਾ ਭਰਾ 30 ਸਾਲ ਦਾ ਹੈ ਅਤੇ ਆਸਟ੍ਰੇਲੀਆ ਵਿੱਚ ਹੇਅਰ ਡ੍ਰੈਸਰ ਦਾ ਕੰਮ ਕਰਦਾ ਹੈ। ਅਨਸ ਦਾ ਪਰਿਵਾਰ ਚੰਡੀਗੜ੍ਹ ਦੇ ਨਾਲ ਲੱਗਦੇ ਜੁਝਾਰ ਨਗਰ ‘ਚ ਰਹਿੰਦਾ ਹੈ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ