ਲੋਹੀਆਂ ਖ਼ਾਸ ਸਟੇਸ਼ਨ ਮਾਮਲਾ: ਮਾਲਗੱਡੀ ਤੋਰਨ ਪਿੱਛੇ ਸਟੇਸ਼ਨ ਸੁਪਰਡੈਂਟ ਨੇ ਟ੍ਰੇਨ ਮੈਨੇਜਰ ਨਾਲ ਕੀਤੀ ਸੀ ਕੁੱਟਮਾਰ; ਜਾਂਚ ਕਮੇਟੀ ਗਠਿਤ
ਫ਼ਿਰੋਜ਼ਪੁਰ ਮੰਡਲ ਅਧੀਨ ਪੈਂਦੇ ਲੋਹੀਆਂ ਖ਼ਾਸ ਰੇਲਵੇ ਸਟੇਸ਼ਨ ਤੇ ਬੋਗੀ ਪੈਟਰੋਲ ਟੈਂਕ ਵੈਗਨ (ਬੀਟੀਪੀਐੱਨ) ਯਾਨੀ ਤੇਲ ਵਾਲੀ ਮਾਲਗੱਡੀ ਨੂੰ ਅੱਗੇ ਰਵਾਨਾ ਕਰਨ ਨੂੰ ਲੈ ਕੇ ਸਟੇਸ਼ਨ ਸੁਪਰਡੈਂਟ ਯਸ਼ਵੰਤ ਸਿੰਘ ਅਤੇ ਟ੍ਰੇਨ ਮੈਨੇਜਰ (ਗਾਰਡ) ਰਵੀ ਕੁਮਾਰ ਵਿਚਾਲੇ ਤਿੱਖੀ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ।
ਫ਼ਿਰੋਜ਼ਪੁਰ ਮੰਡਲ ਅਧੀਨ ਪੈਂਦੇ ਲੋਹੀਆਂ ਖ਼ਾਸ ਰੇਲਵੇ ਸਟੇਸ਼ਨ ਤੇ ਬੋਗੀ ਪੈਟਰੋਲ ਟੈਂਕ ਵੈਗਨ (ਬੀਟੀਪੀਐੱਨ) ਯਾਨੀ ਤੇਲ ਵਾਲੀ ਮਾਲਗੱਡੀ ਨੂੰ ਅੱਗੇ ਰਵਾਨਾ ਕਰਨ ਨੂੰ ਲੈ ਕੇ ਸਟੇਸ਼ਨ ਸੁਪਰਡੈਂਟ ਯਸ਼ਵੰਤ ਸਿੰਘ ਅਤੇ ਟ੍ਰੇਨ ਮੈਨੇਜਰ (ਗਾਰਡ) ਰਵੀ ਕੁਮਾਰ ਵਿਚਾਲੇ ਤਿੱਖੀ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਘਟਨਾ ਵੀਰਵਾਰ ਦੀ ਦੱਸੀ ਜਾ ਰਹੀ ਹੈ, ਜਦੋਂ ਲੋਹੀਆਂ ਖ਼ਾਸ ਸਟੇਸ਼ਨ ਤੇ ਬੀਟੀਪੀਐੱਨ ਰੇਲਗੱਡੀ ਨੂੰ ਰੋਕਿਆ ਗਿਆ ਸੀ। ਇਸ ਦੌਰਾਨ ਜਦੋਂ ਟ੍ਰੇਨ ਮੈਨੇਜਰ ਰਵੀ ਕੁਮਾਰ ਗੱਡੀ ਨੂੰ ਚਲਾਉਣ ਸਬੰਧੀ ਗੱਲਬਾਤ ਕਰਨ ਲਈ ਸਟੇਸ਼ਨ ਸੁਪਰਡੈਂਟ ਦੇ ਦਫ਼ਤਰ ਪੁੱਜੇ, ਤਾਂ ਦੋਵਾਂ ਵਿਚਾਲੇ ਬਹਿਸ ਹੋ ਗਈ। ਦੋਸ਼ ਹੈ ਕਿ ਗੱਲਬਾਤ ਦੌਰਾਨ ਤੈਸ਼ ਵਿੱਚ ਆਏ ਸਟੇਸ਼ਨ ਸੁਪਰਡੈਂਟ ਨੇ ਟ੍ਰੇਨ ਮੈਨੇਜਰ ਤੇ ਡੰਡੇ ਨਾਲ ਹਮਲਾ ਕਰ ਦਿੱਤਾ।
ਫ਼ਿਰੋਜ਼ਪੁਰ ਮੰਡਲ ਤਲਬ, ਉੱਚ ਪੱਧਰੀ ਜਾਂਚ ਕਮੇਟੀ ਗਠਿਤ
ਰੇਲਵੇ ਸਟੇਸ਼ਨ ਤੇ ਹੋਈ ਇਸ ਹਿੰਸਕ ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ ਰੇਲਵੇ ਪ੍ਰਸ਼ਾਸਨ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਸ਼ੁੱਕਰਵਾਰ ਨੂੰ ਦੋਵਾਂ ਧਿਰਾਂ ਨੂੰ ਫ਼ਿਰੋਜ਼ਪੁਰ ਡਵੀਜ਼ਨਲ ਹੈੱਡਕੁਆਰਟਰ ਵਿਖੇ ਤਲਬ ਕਰ ਲਿਆ। ਡਵੀਜ਼ਨਲ ਆਪ੍ਰੇਸ਼ਨਲ ਮੈਨੇਜਰ (ਡੀਓਐੱਮ) ਗੁਰਸ਼ਰਨ ਪਾਠਕ ਵੱਲੋਂ ਪੂਰੇ ਘਟਨਾਕ੍ਰਮ ਦੀ ਪੜਤਾਲ ਲਈ ਇੱਕ ਵਿਸ਼ੇਸ਼ ਜਾਂਚ ਕਮੇਟੀ ਕਾਇਮ ਕੀਤੀ ਗਈ ਹੈ। ਇਸ ਜਾਂਚ ਕਮੇਟੀ ਵਿੱਚ ਸੀਨੀਅਰ ਡੀਓਐੱਮ ਹਰਮੀਤ ਸਿੰਘ ਅਤੇ ਟ੍ਰੈਫ਼ਿਕ ਇੰਸਪੈਕਟਰ (ਟੀਆਈ) ਨਿਤਿਨ ਬਬੂਟਾ ਨੂੰ ਸ਼ਾਮਲ ਕੀਤਾ ਗਿਆ ਹੈ, ਜੋ ਮਾਮਲੇ ਦੇ ਹਰ ਪਹਿਲੂ ਦੀ ਬਾਰੀਕੀ ਨਾਲ ਜਾਂਚ ਕਰਕੇ ਆਪਣੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਸੌਂਪਣਗੇ।

ਆਲ ਇੰਡੀਆ ਟ੍ਰੇਨ ਗਾਰਡ ਕੌਂਸਲ ਵੱਲੋਂ ਸਖ਼ਤ ਕਾਰਵਾਈ ਦੀ ਮੰਗ
ਡਿਊਟੀ ਦੌਰਾਨ ਟ੍ਰੇਨ ਮੈਨੇਜਰ ਨਾਲ ਹੋਈ ਬਦਸਲੂਕੀ ਅਤੇ ਕੁੱਟਮਾਰ ਦੀ ਘਟਨਾ ਤੋਂ ਬਾਅਦ ਰੇਲਵੇ ਮੁਲਾਜ਼ਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਆਲ ਇੰਡੀਆ ਟ੍ਰੇਨ ਗਾਰਡ ਕੌਂਸਲ ਨੇ ਇਸ ਘਟਨਾ ਦਾ ਸਖ਼ਤ ਨੋਟਿਸ ਲੈਂਦਿਆਂ ਤਿੱਖਾ ਰੁਖ਼ ਅਖ਼ਤਿਆਰ ਕਰਨ ਦੀ ਚਿਤਾਵਨੀ ਦਿੱਤੀ ਹੈ। ਯੂਨੀਅਨ ਆਗੂਆਂ ਨੇ ਮੁਲਜ਼ਮ ਅਧਿਕਾਰੀ ਖ਼ਿਲਾਫ਼ ਮਿਸਾਲੀ ਕਾਰਵਾਈ ਦੀ ਮੰਗ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਡਿਊਟੀ ਤੇ ਤਾਇਨਾਤ ਕਰਮਚਾਰੀਆਂ ਨਾਲ ਅਜਿਹਾ ਹਿੰਸਕ ਵਤੀਰਾ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।


