Jalandhar Lok Sabha ByPoll: ‘ਆਪ’ ਉਮੀਦਵਾਰ ਸੁਸ਼ੀਲ ਰਿੰਕੂ ਨੇ ਭਰੀ ਨਾਮਜਦਗੀ, ਸੀਐੱਮ ਦੇ ਰੋਡ ਸ਼ੋਅ ਦੌਰਾਨ ਭਿੜੇ ਵਰਕਰ
Nomination for Jalandhar Bypoll: ਜਲੰਧਰ ਜਿਮਨੀ ਚੋਣ ਨੂੰ ਲੈ ਕੇ ਨਾਮਜਦਗੀਆਂ ਭਰਨ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ। ਨਾਮਜਦਗੀਆਂ ਭਰਨ ਦੀ ਆਖਰੀ ਤਰੀਕ 20 ਅਪ੍ਰੈਲ ਹੈ। ਸਾਰੀਆਂ ਸਿਆਸੀ ਪਾਰਟੀਆਂ ਨਾਮਜਦਗੀਆਂ ਭਰਨ ਦੌਰਾਨ ਸ਼ਕਤੀ ਪ੍ਰਦਰਸ਼ਨ ਕਰਨ ਚ ਜੁਟੀਆਂ ਹਨ।
ਜਲੰਧਰ ਨਿਊਜ: ਜਲੰਧਰ ਲੋਕ ਸਭਾ ਜ਼ਿਮਨੀ ਚੋਣ ਨੂੰ ਲੈ ਕੇ ਨਾਮਜਦਗੀਆਂ ਦਾ ਦੌਰ ਸ਼ੁਰੂ ਹੋ ਚੁੱਕਾ ਹੈ। ਹਰ ਪਾਰਟੀ ਜਲੰਧਰ ਲੋਕ ਸਭਾ ਜਿਮਨੀ ਚੋਣ ਹਰ ਹਾਲ ਵਿੱਚ ਜਿੱਤਣਾ ਚਾਹੁੰਦੀ ਹੈ। ਆਮ ਆਦਮੀ ਪਾਰਟੀ ਨੇ ਵੀ ਇਸ ਨੂੰ ਲੈ ਕੇ ਪੂਰਾ ਜੋਰ ਲਗਾਇਆ ਹੋਇਆ ਹੈ। ਇਸ ਦੇ ਚਲਦਿਆਂ ਸੀਐੱਮ ਜਲੰਧਰ ਵਿੱਚ ਰੈਲੀਆਂ ਕਰਕੇ ਜੋਰ ਨਾਲ ਚੋਣ ਪ੍ਰਚਾਰ ਕਰ ਰਹੇ ਨੇ। ਸੋਮਵਾਰ ਨੂੰ ਵੀ ਭਗਵੰਤ ਮਾਨ ਨੇ ਪਾਰਟੀ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਵੱਲੋਂ ਨਾਮਜਦਗੀ ਭਰਨ ਵੇਲ੍ਹੇ ਮੁੱਖ ਮੰਤਰੀ ਨੇ ਜਲੰਧਰ ਵਿੱਚ ਰੋਡ ਸ਼ੋਅ ਕੀਤਾ।
ਸੋਮਵਾਰ ਨੂੰ ਆਮ ਆਦਮੀ ਪਾਰਟੀ (Aam Aadmi Party) ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਨਾਮਜਦਗੀ ਭਰੀ। ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਰਿੰਕੂ ਦੇ ਸਮਰਥਨ ਵਿੱਚ ਵਿਸ਼ਾਲ ਰੋਡ ਸ਼ੋਅ ਕੀਤਾ। ਇਸ ਦੌਰਾਨ ਮੁੱਖ ਮੰਤਰੀ ਨੇ ਵੱਡੇ ਫਰਕ ਨਾਲ ਪਾਰਟੀ ਦੀ ਜਿੱਤ ਦਾ ਦਾਅਵਾ ਠੋਕਿਆ।
ਰਿੰਕੂ ਨੇ ਕੀਤਾ ਪਾਰਟੀ ਦੀ ਜਿੱਤ ਦਾ ਦਾਅਵਾ
ਰੋਡ ਸ਼ੋਅ ਤੋਂ ਬਾਅਦ ਪਾਰਟੀ ਉਮੀਦਵਾਰ ਸੁਸ਼ੀਲ ਰਿੰਕੂ ਵੱਲੋਂ ਨਾਮਜ਼ਦਗੀ ਪੱਤਰ ਦਾਖਿਲ ਕੀਤਾ ਗਿਆ। ਨਾਮਜਦਗੀ ਭਰਨ ਵੇਲ੍ਹੇ ਸੀਐੱਮ ਭਗਵੰਤ ਮਾਨ ਸਮੇਤ ਪਾਰਟੀ ਦੇ ਸਾਰੇ ਉੱਘੇ ਆਗੂ ਵੀ ਰਿੰਕੂ ਦੇ ਨਾਲ ਮੌਜੂਦ ਰਹੇ। ਨਾਮਜਦਗੀ ਦਾਖਲ ਕਰਨ ਤੋਂ ਬਾਅਦ ਰਿੰਕੂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਨੂੰ ਇਹ ਚੋਣ ਜਿੱਤਣ ਲਈ ਕੋਈ ਵੀ ਨਹੀਂ ਰੋਕ ਸਕਦਾ। ਉਨ੍ਹਾਂ ਦਾਅਵਾ ਕੀਤਾ ਕਿ ਉਹ ਹਰ ਹਾਲ ਵਿੱਚ ਇਹ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾਉਣਗੇ।
ਇਹ ਵੀ ਪੜ੍ਹੋ
ਵਰਕਰਾਂ ਅਤੇ ਆਗੂਆਂ ਵਿਚਾਲੇ ਝੜਪ
ਪਾਰਟੀ ਵਰਕਰਾਂ ਨੇ ਜਲੰਧਰ ਦੇ ਕਚਹਰੀ ਚੌਕ ਤੇ ਢੋਲ ਦੀ ਥਾਪ ਤੇ ਰੱਜ ਕੇ ਭੰਗੜਾ ਪਾਇਆ ਅਤੇ ਦਾਅਵਾ ਕੀਤਾ ਕਿ ਜਿੱਤ ਉਨ੍ਹਾਂ ਦੀ ਪਾਰਟੀ ਦੀ ਹੀ ਹੋਵੇਗੀ। ਇਸ ਦੌਰਾਨ ਆਮ ਆਦਮੀ ਪਾਰਟੀ ਵਰਕਰਾਂ ਅਤੇ ਕੁਝ ਆਗੂਆਂ ਵਿਚਾਲੇ ਝੜਪ ਹੋ ਗਈ। ਹਾਲਾਂਕਿ ਉਨ੍ਹਾਂ ਦੀ ਇਸ ਝੜਪ ਦਾ ਕਾਰਨ ਤਾਂ ਪਤਾ ਨਹੀਂ ਲੱਗ ਸਕਿਆ ਇੱਕ ਦੂਜੇ ਨਾਲ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਦਿਆਂ ਇਨ੍ਹਾਂ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਪਾਰਟੀ ਦੀ ਅੰਦਰੂਨੀ ਖਿੱਚੋਤਾਨ ਜਰੂਰ ਸਾਹਮਣੇ ਆ ਗਈ।
ਆਦਮਪੁਰ ਦੇ ਲੋਕਾਂ ‘ਚ ਸਰਕਾਰ ਖਿਲਾਫ ਗੁੱਸਾ
ਇੱਕ ਪਾਸੇ ਜ਼ਿਮਨੀ ਚੋਣ ਨੂੰ ਲੈ ਕੇ ਜਿੱਥੇ ਸਿਆਸੀ ਪਾਰਟੀਆਂ ਦਾਅ-ਪੇਚ ਵਿੱਚ ਲੱਗੀਆਂ ਹੋਈਆਂ ਹਨ। ਉੱਥੇ ਜਲੰਧਰ ਦੇ ਆਦਮਪੁਰ ਦੇ ਲੋਕਾਂ ਚ ਇਨ੍ਹਾਂ ਪਾਰਟੀਆਂ ਖਿਲਾਫ ਗੁੱਸਾ ਪਾਇਆ ਜਾ ਰਿਹਾ ਹੈ। ਲੋਕਾਂ ਨੇ ਆਪਣੀ ਨਾਰਾਜਗੀ ਜਾਹਿਰ ਕਰਦਿਆਂ ਚੋਣਾਂ ਦੇ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਆਪਣੇ ਇਸ ਫੈਸਲੇ ਨੂੰ ਸਿਆਸਤਦਾਨਾਂ ਤੱਕ ਪਹੁੰਚਾਉਣ ਲਈ ਸ਼ਹਿਰ ਦੀਆਂ ਕਈ ਥਾਵਾਂ ਤੇ ਬਾਕਾਇਦਾ ਪੋਸਟਰ ਵੀ ਲਗਾ ਦਿੱਤੇ ਹਨ।
ਦਰਅਸਲ ਲੋਕਾਂ ਦੀ ਨਾਰਾਜਗੀ ਦੀ ਵਜ੍ਹਾ ਵੀ ਕਾਫੀ ਠੋਸ ਹੈ। ਜਲੰਧਰ-ਆਦਮਪੁਰ ਅਧੀਨ ਆਉਂਦੇ ਫਲਾਈਓਵਰ ਦਾ ਕੰਮ ਪਿਛਲੇ 7 ਸਾਲਾਂ ਤੋਂ ਰੁਕਿਆ ਹੋਇਆ ਹੈ। ਜਿਸ ਕਾਰਨ ਸ਼ਹਿਰ ਵਾਸੀਆਂ ਅਤੇ ਦੁਕਾਨਦਾਰਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ।ਲੋਕਾਂ ਨੂੰ ਇਸ ਕਰਕੇ ਭਾਰੀ ਮੁਸ਼ੱਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਨੂੰ ਲੈ ਕੇ ਨਾਰਾਜ ਲੋਕਾਂ ਨੇ ਚੋਣਾਂ ਦਾ ਬਾਈਕਾਟ ਕਰਨ ਦਾ ਫੈਸਲਿਆਂ ਕਰਦਿਆਂ ਪੋਸਟਰ ਲਗਾ ਦਿੱਤੇ ਹਨ।