ਜਲੰਧਰ ਦੇ ਸਕੂਲ ‘ਚ 1 ਗੁੱਤ ਕਰਕੇ ਗਈ ਬੱਚੀ ‘ਤੇ ਅਧਿਆਪਕਾ ਦਾ ਤਸ਼ੱਦਦ, ਹੱਥਾਂ ਤੇ ਪੈਰ ਰਖਵਾ ਕੇ ਚਲਵਾਇਆ; 2 ਖਿਲਾਫ਼ ਮਾਮਲਾ ਦਰਜ
ਜਲੰਧਰ ਦੇ ਕਾਲਾ ਸੰਘਿਆਂ ਰੋਡ ਸਥਿਤ ਟੈਗੋਰ ਇੰਟਰਨੈਸ਼ਨਲ ਸਕੂਲ ਤੋਂ ਇੱਕ ਬੇਹੱਦ ਰੂਹ ਕੰਬਾਊ ਅਤੇ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਤੀਜੀ ਜਮਾਤ ਦੀ 8 ਸਾਲਾ ਮਾਸੂਮ ਵਿਦਿਆਰਥਣ ਨੂੰ ਸਿਰਫ਼ ਵਾਲ਼ ਬੰਨ੍ਹਣ ਦੀ ਮਾਮੂਲੀ ਗੱਲ ਪਿੱਛੇ ਅਧਿਆਪਕਾ ਵੱਲੋਂ ਬੇਰਹਿਮੀ ਨਾਲ ਅਣਮਨੁੱਖੀ ਸਜ਼ਾ ਦਿੱਤੇ ਜਾਣ ਦੇ ਗੰਭੀਰ ਇਲਜ਼ਾਮ ਲੱਗੇ ਹਨ।
ਜਲੰਧਰ ਦੇ ਕਾਲਾ ਸੰਘਿਆਂ ਰੋਡ ਸਥਿਤ ਟੈਗੋਰ ਇੰਟਰਨੈਸ਼ਨਲ ਸਕੂਲ ਤੋਂ ਇੱਕ ਬੇਹੱਦ ਰੂਹ ਕੰਬਾਊ ਅਤੇ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਤੀਜੀ ਜਮਾਤ ਦੀ 8 ਸਾਲਾ ਮਾਸੂਮ ਵਿਦਿਆਰਥਣ ਨੂੰ ਸਿਰਫ਼ ਵਾਲ਼ ਬੰਨ੍ਹਣ ਦੀ ਮਾਮੂਲੀ ਗੱਲ ਪਿੱਛੇ ਅਧਿਆਪਕਾ ਵੱਲੋਂ ਬੇਰਹਿਮੀ ਨਾਲ ਅਣਮਨੁੱਖੀ ਸਜ਼ਾ ਦਿੱਤੇ ਜਾਣ ਦੇ ਗੰਭੀਰ ਇਲਜ਼ਾਮ ਲੱਗੇ ਹਨ। ਦਾਨਿਸ਼ਮੰਦਾਂ ਦੇ ਵਸਨੀਕ ਪੀੜਤ ਪਿਤਾ ਰੋਹਿਤ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਤਾਨਵੀ, ਜੋ ਕਿ ਸਕੂਲ ਦੀ ਹੁਸ਼ਿਆਰ ਅਤੇ ਟੌਪਰ ਵਿਦਿਆਰਥਣ ਹੈ, ਦੋ ਗੁੱਤਾਂ (ਪੋਂਨੀ) ਦੀ ਥਾਂ ਸਿਰ ਦੀ ਇੱਕ ਗੁੱਤ ਬਣਾ ਕੇ ਸਕੂਲ ਚਲੀ ਗਈ ਸੀ। ਇਸ ਮਾਮੂਲੀ ਗੱਲ ਤੋਂ ਖ਼ਫ਼ਾ ਹੋ ਕੇ ਸਕੂਲ ਦੀ ਅਧਿਆਪਕਾ ਨੇ ਮਾਸੂਮ ਬੱਚੀ ਤੇ ਤਸ਼ੱਦਦ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ।
ਹੱਥਾਂ ਤੇ ਪੈਰ ਰਖਵਾ ਕੇ ਚਲਾਇਆ, ਡਰਾ-ਧਮਕਾ ਕੇ ਰੱਖਿਆ ਖ਼ਾਮੋਸ਼
ਪੀੜਤ ਪਰਿਵਾਰ ਵੱਲੋਂ ਲਗਾਏ ਗਏ ਦੋਸ਼ਾਂ ਅਨੁਸਾਰ ਅਧਿਆਪਕਾ ਨੇ ਬੱਚੀ ਦੇ ਹੱਥ ਜ਼ਮੀਨ ਤੇ ਰਖਵਾਏ ਅਤੇ ਬੇਰਹਿਮੀ ਨਾਲ ਆਪਣੇ ਪੈਰਾਂ ਹੇਠ ਦਬਾ ਕੇ ਉਸ ਨੂੰ ਤੁਰਨ ਲਈ ਮਜਬੂਰ ਕੀਤਾ। ਇੰਨਾ ਹੀ ਨਹੀਂ, ਸਜ਼ਾ ਦੇਣ ਉਪਰੰਤ ਅਧਿਆਪਕਾ ਨੇ ਬੱਚੀ ਨੂੰ ਡਰਾਇਆ-ਧਮਕਾਇਆ ਕਿ ਉਹ ਇਸ ਘਟਨਾ ਬਾਰੇ ਘਰ ਵਿੱਚ ਕਿਸੇ ਨੂੰ ਵੀ ਕੁਝ ਨਾ ਦੱਸੇ। ਇਸ ਖ਼ੌਫ਼ਨਾਕ ਵਤੀਰੇ ਕਾਰਨ ਮਾਸੂਮ ਬੱਚੀ ਇੰਨੀ ਜ਼ਿਆਦਾ ਸਹਿਮ ਗਈ ਕਿ ਉਹ ਪਿਛਲੇ ਦੋ ਦਿਨਾਂ ਤੋਂ ਖ਼ੌਫ਼ ਦੇ ਸਾਏ ਹੇਠ ਜੀ ਰਹੀ ਸੀ ਅਤੇ ਰਾਤ ਨੂੰ ਸੌਂ ਵੀ ਨਹੀਂ ਪਾ ਰਹੀ ਸੀ। ਦੋ ਦਿਨਾਂ ਮਗਰੋਂ ਜਦੋਂ ਸਹਿਮੀ ਹੋਈ ਬੱਚੀ ਨੇ ਰੋਂਦੇ ਹੋਏ ਮਾਪਿਆਂ ਅੱਗੇ ਪੂਰੀ ਹੱਡਬੀਤੀ ਬਿਆਨ ਕੀਤੀ ਤਾਂ ਪਰਿਵਾਰਕ ਮੈਂਬਰਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।
ਸਕੂਲ ਪ੍ਰਬੰਧਕਾਂ ਦਾ ਅੜੀਅਲ ਰਵੱਈਆ
ਬੱਚੀ ਦੇ ਪਿਤਾ ਦਾ ਕਹਿਣਾ ਹੈ ਕਿ ਜੇਕਰ ਬੱਚੀ ਕੋਲੋਂ ਵਰਦੀ ਜਾਂ ਅਨੁਸ਼ਾਸਨ ਸਬੰਧੀ ਕੋਈ ਅਣਗਹਿਲੀ ਹੋਈ ਵੀ ਸੀ, ਤਾਂ ਅਧਿਆਪਕ ਡਾਇਰੀ ਵਿੱਚ ਨੋਟ ਲਿਖ ਸਕਦੇ ਸਨ ਜਾਂ ਆਈ-ਕਾਰਡ ਤੇ ਦਰਜ ਫ਼ੋਨ ਨੰਬਰ ਤੇ ਸੰਪਰਕ ਕਰ ਸਕਦੇ ਸਨ, ਪਰ ਅਜਿਹੀ ਕਰੂਰ ਸਜ਼ਾ ਦੇਣਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ। ਪਰਿਵਾਰ ਨੇ ਦੋਸ਼ ਲਾਇਆ ਕਿ ਜਦੋਂ ਉਹ ਸ਼ਿਕਾਇਤ ਲੈ ਕੇ ਸਕੂਲ ਪੁੱਜੇ ਤਾਂ ਪ੍ਰਬੰਧਕਾਂ ਨੇ ਨਾ ਤਾਂ ਮੁਲਜ਼ਮ ਅਧਿਆਪਕਾ ਨਾਲ ਮਿਲਣ ਦਿੱਤਾ ਅਤੇ ਨਾ ਹੀ ਮੌਕੇ ਤੇ ਵੀਡੀਓ ਬਣਾਉਣ ਦਿੱਤੀ। ਇਸ ਦੌਰਾਨ ਇਹ ਵੀ ਖ਼ੁਲਾਸਾ ਹੋਇਆ ਕਿ ਸਕੂਲ ਬਿਨਾਂ ਕਿਸੇ ਪੱਕੇ ਪ੍ਰਿੰਸੀਪਲ ਤੋਂ ਚੱਲ ਰਿਹਾ ਹੈ। ਪਰਿਵਾਰ ਦੇ ਵਿਰੋਧ ਪ੍ਰਗਟਾਉਣ ਤੇ ਪ੍ਰਬੰਧਕਾਂ ਨੇ ਬੱਚੀ ਨੂੰ ਹੀ ਝੂਠੀ ਕਰਾਰ ਦੇ ਕੇ ਪੱਲਾ ਝਾੜ ਲਿਆ ਅਤੇ ਮੁੱਖ ਗੇਟ ਬੰਦ ਕਰਕੇ ਮੀਡੀਆ ਤੋਂ ਦੂਰੀ ਬਣਾ ਲਈ।
ਵਿਦਿਆਰਥਣ ਹਸਪਤਾਲ ਦਾਖ਼ਲ
ਤਸ਼ੱਦਦ ਅਤੇ ਸਹਿਮ ਕਾਰਨ ਮਾਸੂਮ ਵਿਦਿਆਰਥਣ ਦੀ ਵਿਗੜ ਰਹੀ ਸਰੀਰਕ ਤੇ ਮਾਨਸਿਕ ਹਾਲਤ ਨੂੰ ਦੇਖਦਿਆਂ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਤੁਰੰਤ ਹਸਪਤਾਲ ਲਿਜਾ ਕੇ ਇਲਾਜ ਅਧੀਨ ਦਾਖ਼ਲ ਕਰਵਾਇਆ ਹੈ। ਇਸ ਦੇ ਨਾਲ ਹੀ ਪੀੜਤ ਮਾਤਾ-ਪਿਤਾ ਨੇ ਪੁਲਿਸ ਪ੍ਰਸ਼ਾਸਨ ਕੋਲ ਪਹੁੰਚ ਕਰਕੇ ਦੋ ਅਧਿਆਪਕਾਵਾਂ ਖ਼ਿਲਾਫ਼ ਲਿਖਤੀ ਸ਼ਿਕਾਇਤ ਦਰਜ ਕਰਵਾਉਂਦਿਆਂ ਮਾਮਲਾ ਦਰਜ ਕਰਨ ਅਤੇ ਬੱਚੀ ਨਾਲ ਜ਼ੁਲਮ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਉਣ ਦੀ ਮੰਗ ਕੀਤੀ ਹੈ।