BJP ਦੀ ਸਰਕਾਰ ਆਈ ਤਾਂ 31 ਦਸੰਬਰ 2029 ਤੱਕ ਚਿੱਟਾ ਮੁਕਤ ਹੋਵੇਗਾ ਪੰਜਾਬ, ਜਲੰਧਰ ਰੈਲੀ ‘ਚ ਅਮਿਤ ਸ਼ਾਹ ਦਾ ਵੱਡਾ ਦਾਅਵਾ
Amit Shah Jalandhar Rally: ਅਮਿਤ ਸ਼ਾਹ ਬੁੱਧਵਾਰ ਨੂੰ ਜਲੰਧਰ ਪਹੁੰਚੇ ਅਤੇ ਬੀਜੇਪੀ ਦੀ ਪੰਜਾਬ ਨਸ਼ਾ ਮੁਕਤ ਯਾਤਰਾ ਦਾ ਸਮਾਪਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਵੱਡੇ ਇੱਕਠ ਨੂੰ ਵੀ ਸੰਬੋਧਨ ਕੀਤਾ। ਇਸ ਤੋਂ ਪਹਿਲਾਂ ਉਹ ਦੇਵੀ ਤਲਾਬ ਮੰਦਰ ਗਏ ਅਤੇ ਨਸ਼ਾ ਪੀੜਤ ਪਰਿਵਾਰਾਂ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਨੇ ਰੈਲੀ ਵਿੱਚ ਪੰਜਾਬੀਆਂ ਨਾਲ ਕਈ ਵੱਡੇ ਵਾਅਦੇ ਕੀਤੇ ਹਨ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਜਲੰਧਰ ਦੌਰੇ ‘ਤੇ ਹਨ। ਇਸ ਸਮੇਂ ਉਹ ਜਲੰਧਰ ਵਿੱਚ ਰੈਲੀ ਨੂੰ ਸੰਬੋਧਿਤ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਭਾਜਪਾ 2027 ਦੀਆਂ ਚੋਣਾਂ ਨਸ਼ਾ ਮੁਕਤ ਪੰਜਾਬ ਦੇ ਨਾਮ ‘ਤੇ ਲੜੇਗੀ। ਮੈਂ ਪੰਜਾਬ ਦੇ ਨੌਜਵਾਨਾਂ ਨਾਲ ਇੱਕ ਵਾਅਦਾ ਕਰਕੇ ਜਾ ਰਿਹਾ ਹਾਂ: ਭਾਜਪਾ ਨੂੰ ਵੋਟ ਦਿਓ, ਕਮਲ ਤੇ ਮੋਹਰ ਲਗਾਓ। ਅਸੀਂ 31 ਦਸੰਬਰ, 2029 ਤੋਂ ਪਹਿਲਾਂ ਪੰਜਾਬ ਨੂੰ ਨਸ਼ੇ ਦੀ ਲਤ ਤੋਂ ਮੁਕਤ ਕਰ ਦੇਵਾਂਗੇ।ਉਨ੍ਹਾਂ ਕਿਹਾ ਕਿ ਜਦੋਂ ਵੀ ਰਾਸ਼ਟਰੀ ਸੁਰੱਖਿਆ ਦੀ ਗੱਲ ਆਉਂਦੀ ਹੈ, ਤਾਂ ਪੰਜਾਬ ਦੇ ਜਵਾਨ ਸਭ ਤੋਂ ਪਹਿਲਾਂ ਆਪਣੀਆਂ ਜਾਨਾਂ ਕੁਰਬਾਨ ਕਰਦੇ ਹਨ। ਪੰਜਾਬੀਆਂ ਦੀਆਂ ਕੁਰਬਾਨੀਆਂ ਨਾਲ ਨਾ ਸਿਰਫ਼ ਆਜ਼ਾਦੀ ਮਿਲੀ ਸਗੋਂ ਉਨ੍ਹਾਂ ਨੇ ਦੇਸ਼ ਦੀ ਰੱਖਿਆ ਲਈ ਸਭ ਤੋਂ ਵੱਡੀਆਂ ਕੁਰਬਾਨੀਆਂ ਵੀ ਦਿੱਤੀਆਂ ਹਨ।
ਅਮਿਤ ਸ਼ਾਹ ਨੇ ਕਿਹਾ, “ਮੈਂ ਪੰਜਾਬ ਦੀਆਂ ਮਾਵਾਂ ਨੂੰ ਪ੍ਰਣਾਮ ਕਰਨਾ ਚਾਹੁੰਦਾ ਹਾਂ। ਅੱਜ ਇੱਥੇ ਬਹੁਤ ਸਾਰੇ ਮੁੱਦੇ ਹਨ। ਨਸ਼ਿਆਂ ਦਾ ਮੁੱਦਾ ਹੈ। ਔਰਤਾਂ ਦੀ ਸੁਰੱਖਿਆ ਦਾ ਮੁੱਦਾ ਹੈ। ਸੁਰੱਖਿਆ ਦਾ ਮੁੱਦਾ ਹੈ। ਕਾਨੂੰਨ ਵਿਵਸਥਾ ਦਾ ਮੁੱਦਾ ਹੈ। ਭਾਰਤੀ ਜਨਤਾ ਪਾਰਟੀ ਆਉਣ ਵਾਲੀਆਂ ਚੋਣਾਂ ਨਸ਼ਾ ਮੁਕਤ ਪੰਜਾਬ ਦੇ ਮੁੱਦੇ ‘ਤੇ ਲੜੇਗੀ।”
ਇਸ ਤੋਂ ਪਹਿਲਾਂ ਸੁਰੱਖਿਆ ਦੇ ਸਖ਼ਤ ਪ੍ਰਬੰਧਾਂ ਵਿਚਕਾਰ ਸ਼ਾਹ ਸ੍ਰੀ ਦੇਵੀ ਤਲਾਬ ਮੰਦਰ ਪਹੁੰਚੇ, ਜਿੱਥੇ ਮੰਦਰ ਕਮੇਟੀ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਸ਼ਾਹ ਨੇ ਮੰਦਰ ‘ਚ ਨਤਮਸਤਕ ਹੋ ਕੇ ਮੱਥਾ ਟੇਕਿਆ ਤੇ ਇਸ ਤੋਂ ਬਾਅਦ ਪਰਾਗਪੁਰ ਸਥਿਤ ਰੈਲੀ ਵਾਲੀ ਥਾਂ ਲਈ ਰਵਾਨਾ ਹੋ ਗਏ।
ਕਣਕ ਅਤੇ ਚੌਲ ਉਗਾਉਣ ਵਾਲੇ ਪੰਜਾਬ ‘ਚ ਚਿੱਟਾ – ਸ਼ਾਹ
ਸ਼ਾਹ ਨੇ ਕਿਹਾ ਕਿ ਪੰਜਾਬ ਵਿੱਚ ਕਣਕ-ਚੌਲ ਉੱਗਦੇ ਹਨ, ਪਰ ਪਿਛਲੀਆਂ ਸਰਕਾਰਾਂ ਨੇ ਪੰਜਾਬ ਵਿੱਚ ਚਿੱਟਾ ਬੋ ਦਿੱਤਾ। ਮੈਂ ਹੁਣੇ ਉਨ੍ਹਾਂ ਪਰਿਵਾਰਾਂ ਨੂੰ ਮਿਲ ਕੇ ਆਇਆ ਹਾਂ ਜਿਨ੍ਹਾਂ ਨੇ ਨਸ਼ੇ ਕਰਕੇ ਆਪਣੇ ਬੱਚੇ ਗੁਆ ਦਿੱਤੇ ਹਨ। ਆਪਣੇ ਦੋ ਬੱਚਿਆਂ ਦੀ ਫੋਟੋ ਆਪਣੀ ਗੋਦ ਵਿੱਚ ਲੈ ਕੇ ਇੱਕ ਮਾਂ ਨੇ ਮੈਨੂੰ ਕਿਹਾ ਕਿ ਪੰਜਾਬ ਨੂੰ ਚਿੱਟਾ ਤੋਂ ਬਚਾਓ। ਸਿਰਫ਼ ਭਾਰਤੀ ਜਨਤਾ ਪਾਰਟੀ ਹੀ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰ ਸਕਦੀ ਹੈ। ਭਾਜਪਾ ਨੇ ਦੇਸ਼ ਭਰ ਵਿੱਚ ਆਪਣੀ ਮਿਹਨਤ ਦਾ ਪ੍ਰਦਰਸ਼ਨ ਕੀਤਾ ਹੈ।
ਅਮਿਤ ਸ਼ਾਹ ਦੇ ਮੰਦਰ ਦੌਰੇ ਦੌਰਾਨ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੀ ਉਨ੍ਹਾਂ ਦੇ ਨਾਲ ਰਹੇ। ਮੰਦਰ ਕੰਪਲੈਕਸ ਦੇ ਨੇੜੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ ਤੇ ਪੁਲਿਸ ਤੇ ਸੁਰੱਖਿਆ ਟੀਮਾਂ ਵੱਲੋਂ ਪਹਿਲਾਂ ਹੀ ਜਾਂਚ ਕੀਤੀ ਗਈ ਸੀ।
ਇਹ ਵੀ ਪੜ੍ਹੋ
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਦਾ ਪੰਜਾਬ ਦੀ ਪਵਿੱਤਰ ਧਰਤੀ ‘ਤੇ ਨਿੱਘਾ ਸੁਆਗਤ
#NashaMuktPunjabYatra pic.twitter.com/woWt5X5VDi — BJP PUNJAB (@BJP4Punjab) September 30, 2026
#WATCH | Punjab | Union Home Minister Amit Shah visits Shri Devi Talab Mandir in Jalandhar pic.twitter.com/9tf6Ivv0Lx
— ANI (@ANI) September 30, 2026
ਨਸ਼ਾ ਮੁਕਤ ਪੰਜਾਬ ਯਾਤਰਾ ਦੀ ਸਮਾਪਤੀ ਰੈਲੀ
ਅਮਿਤ ਸ਼ਾਹ ਪਰਾਗਪੁਰ ਨੇੜੇ ਹੋਣ ਵਾਲੀ ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੀ ਸਮਾਪਤੀ ਰੈਲੀ ਨੂੰ ਸੰਬੋਧਨ ਕੀਤਾ। ਭਾਜਪਾ ਦੀਆਂ ਚਾਰ ਯਾਤਰਾਵਾਂ ਨੇ 18 ਸਤੰਬਰ ਤੋਂ ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਵਿੱਚੋਂ ਲੰਘਦਿਆਂ ਕਰੀਬ 4,000 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਹੈ। ਇਨ੍ਹਾਂ ਯਾਤਰਾਵਾਂ ਦਾ ਅੱਜ ਜਲੰਧਰ ‘ਚ ਸਮਾਪਨ ਹੋ ਗਿਆ ਹੈ।
ਸ਼ਾਹ ਦੇ ਦੌਰੇ ਨੂੰ ਲੈ ਕੇ ਵਿਰੋਧੀ ਧਿਰ ਦੇ ਸਵਾਲ
ਉੱਥੇ ਹੀ ਅਮਿਤ ਸ਼ਾਹ ਦੇ ਜਲੰਧਰ ਦੌਰੇ ਨੂੰ ਲੈ ਕੇ ਵਿਰੋਧੀ ਧਿਰ ਵੱਲੋਂ ਵੀ ਸਵਾਲ ਉਠਾਏ ਗਏ। ਸ਼ਹਿਰ ਦੇ ਕੁਝ ਰਸਤਿਆਂ ‘ਤੇ ਅਜਿਹੇ ਬੋਰਡ ਲਗਾਏ ਗਏ ਹਨ, ਜਿਨ੍ਹਾਂ ਰਾਹੀਂ ਕੇਂਦਰ ਸਰਕਾਰ ਤੇ ਪੰਜਾਬ ਨਾਲ ਜੁੜੇ ਮੁੱਦਿਆਂ ‘ਤੇ ਸਵਾਲ ਪੁੱਛੇ ਗਏ। ਇਸ ਤੋਂ ਪਹਿਲਾਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਤੇ ਵਿਧਾਇਕ ਪਰਗਟ ਸਿੰਘ ਨੇ ਵੀ ਭਾਜਪਾ ਦੀ ਨਸ਼ਾ ਮੁਕਤ ਯਾਤਰਾ ਨੂੰ ਲੈ ਕੇ ਸਵਾਲ ਚੁੱਕੇ ਸਨ। ਉਨ੍ਹਾਂ ਨੇ ਨਸ਼ਿਆਂ ਦੇ ਮੁੱਦੇ ‘ਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਤੇ ਸਰਹੱਦੀ ਇਲਾਕਿਆਂ ਰਾਹੀਂ ਆਉਣ ਵਾਲੀ ਨਸ਼ਿਆਂ ਦੀ ਖੇਪ ਨੂੰ ਲੈ ਕੇ ਸਵਾਲ ਕੀਤੇ ਸਨ।


