AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

2027 ਚੋਣਾਂ ਤੋਂ ਪਹਿਲਾਂ ਹੁਸ਼ਿਆਰਪੁਰ ‘ਚ ਸਿਆਸੀ ਘਮਾਸਾਨ, ਜਲ-ਭਰਾਅ ਤੇ ਸੜਕਾਂ ਦੇ ਮੁੱਦੇ ਭਾਰੂ; ਜਿੰਪਾ ਤੇ ਅਰੋੜਾ ਆਹਮੋ-ਸਾਹਮਣੇ

ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹੁਸ਼ਿਆਰਪੁਰ ਹਲਕੇ ਵਿੱਚ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖਣਾ ਸ਼ੁਰੂ ਹੋ ਗਿਆ ਹੈ। ਇਸ ਵਾਰ ਚੋਣ ਪਿੜ ਵਿੱਚ ਬਰਸਾਤ ਦੌਰਾਨ ਪਾਣੀ ਭਰਨ ਦੀ ਪੁਰਾਣੀ ਸਮੱਸਿਆ, ਟੁੱਟੀਆਂ ਸੜਕਾਂ, ਰੁਜ਼ਗਾਰ ਦੀ ਘਾਟ ਅਤੇ ਸ਼ਹਿਰ ਵਿੱਚੋਂ ਉਦਯੋਗਾਂ ਦਾ ਪਲਾਇਨ ਵਰਗੇ ਅਹਿਮ ਜ਼ਮੀਨੀ ਮੁੱਦੇ ਭਾਰੂ ਰਹਿਣ ਦੀ ਸੰਭਾਵਨਾ ਹੈ।

2027 ਚੋਣਾਂ ਤੋਂ ਪਹਿਲਾਂ ਹੁਸ਼ਿਆਰਪੁਰ 'ਚ ਸਿਆਸੀ ਘਮਾਸਾਨ, ਜਲ-ਭਰਾਅ ਤੇ ਸੜਕਾਂ ਦੇ ਮੁੱਦੇ ਭਾਰੂ; ਜਿੰਪਾ ਤੇ ਅਰੋੜਾ ਆਹਮੋ-ਸਾਹਮਣੇ
shubham-anand
| Published: 15 Sep 2026 21:04 PM IST
Share

ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹੁਸ਼ਿਆਰਪੁਰ ਹਲਕੇ ਵਿੱਚ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖਣਾ ਸ਼ੁਰੂ ਹੋ ਗਿਆ ਹੈ। ਇਸ ਵਾਰ ਚੋਣ ਪਿੜ ਵਿੱਚ ਬਰਸਾਤ ਦੌਰਾਨ ਪਾਣੀ ਭਰਨ ਦੀ ਪੁਰਾਣੀ ਸਮੱਸਿਆ, ਟੁੱਟੀਆਂ ਸੜਕਾਂ, ਰੁਜ਼ਗਾਰ ਦੀ ਘਾਟ ਅਤੇ ਸ਼ਹਿਰ ਵਿੱਚੋਂ ਉਦਯੋਗਾਂ ਦਾ ਪਲਾਇਨ ਵਰਗੇ ਅਹਿਮ ਜ਼ਮੀਨੀ ਮੁੱਦੇ ਭਾਰੂ ਰਹਿਣ ਦੀ ਸੰਭਾਵਨਾ ਹੈ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਬ੍ਰਹਮ ਸ਼ੰਕਰ ਜਿੰਪਾ ਨੇ ਕਾਂਗਰਸ ਦੇ ਮਜ਼ਬੂਤ ਕਿਲ੍ਹੇ ਵਿੱਚ ਸੰਨ੍ਹ ਲਾ ਕੇ ਇਤਿਹਾਸਕ ਜਿੱਤ ਹਾਸਲ ਕੀਤੀ ਸੀ। ਹੁਣ ਚੋਣਾਂ ਨੇੜੇ ਆਉਣ ‘ਤੇ ਉਨ੍ਹਾਂ ਨੂੰ ਜਨਤਾ ਦੀ ਕਚਹਿਰੀ ਵਿੱਚ ਆਪਣੇ ਪੰਜ ਸਾਲਾਂ ਦੇ ਕਾਰਜਕਾਲ ਦਾ ਪੂਰਾ ਹਿਸਾਬ-ਕਿਤਾਬ ਦੇਣਾ ਪਵੇਗਾ।

ਸ਼ਹਿਰ ਦੇ ਪੁਰਾਣੇ ਮਸਲੇ ਅਤੇ ਵਿਰੋਧੀਆਂ ਦੀ ਘੇਰਾਬੰਦੀ

ਵਿਰੋਧੀ ਪਾਰਟੀਆਂ ਵੱਲੋਂ ਹੁਸ਼ਿਆਰਪੁਰ ਸ਼ਹਿਰ ਅਤੇ ਸਮੁੱਚੇ ਹਲਕੇ ਵਿੱਚ ਵਿਕਾਸ ਕਾਰਜਾਂ ਦੀ ਮੱਠੀ ਰਫ਼ਤਾਰ ਨੂੰ ਲੈ ਕੇ ਸਰਕਾਰ ‘ਤੇ ਸਵਾਲ ਚੁੱਕਣ ਦੀ ਰਣਨੀਤੀ ਬਣਾਈ ਜਾ ਰਹੀ ਹੈ। ਮੌਨਸੂਨ ਦੌਰਾਨ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ ਤੇ ਬਾਜ਼ਾਰਾਂ ਵਿੱਚ ਗੋਡੇ-ਗੋਡੇ ਪਾਣੀ ਖੜ੍ਹਾ ਹੋਣਾ ਅਜਿਹੀ ਸਮੱਸਿਆ ਹੈ ਜਿਸ ਦਾ ਅੱਜ ਤੱਕ ਕੋਈ ਪੱਕਾ ਨਿਕਾਸ ਹੱਲ ਨਹੀਂ ਲੱਭ ਸਕਿਆ। ਇਸ ਤੋਂ ਇਲਾਵਾ ਹੁਸ਼ਿਆਰਪੁਰ-ਜਲੰਧਰ, ਹੁਸ਼ਿਆਰਪੁਰ-ਚਿੰਤਪੂਰਨੀ ਅਤੇ ਹੁਸ਼ਿਆਰਪੁਰ-ਊਨਾ ਵਰਗੇ ਪ੍ਰਮੁੱਖ ਰਾਜ ਮਾਰਗਾਂ ਦੀ ਖ਼ਸਤਾ ਹਾਲਤ ਲੋਕਾਂ ਦੇ ਗੁੱਸੇ ਦਾ ਮੁੱਖ ਕਾਰਨ ਬਣੀ ਹੋਈ ਹੈ। ਪੇਂਡੂ ਖੇਤਰਾਂ ਵਿੱਚ ਲਿੰਕ ਸੜਕਾਂ ਦੀ ਮੁਰੰਮਤ ਦੀ ਮੰਗ ਵੀ ਲਗਾਤਾਰ ਉੱਠ ਰਹੀ ਹੈ। ਰੁਜ਼ਗਾਰ ਪੈਦਾ ਕਰਨ ਵਾਲਾ ਕੋਈ ਵੱਡਾ ਉਦਯੋਗਿਕ ਪ੍ਰਾਜੈਕਟ ਨਾ ਆਉਣ, ਬੰਦ ਪਏ ਸੀਸੀਟੀਵੀ ਕੈਮਰੇ ਅਤੇ ਨਸ਼ਿਆਂ ਦੇ ਪ੍ਰਕੋਪ ਵਰਗੇ ਮਾਮਲੇ ਵੀ ਚੋਣਾਂ ਵਿੱਚ ਅਹਿਮ ਭੂਮਿਕਾ ਨਿਭਾਉਣਗੇ।

2022 ਦੇ ਚੋਣ ਅੰਕੜੇ ਅਤੇ ਸਿਆਸੀ ਸਮੀਕਰਨ

ਸਾਲ 2022 ਦੇ ਚੋਣ ਮੁਕਾਬਲੇ ਵਿੱਚ ‘ਆਪ’ ਦੇ ਬ੍ਰਹਮ ਸ਼ੰਕਰ ਜਿੰਪਾ ਨੇ 51,112 ਵੋਟਾਂ ਲੈ ਕੇ ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ 13,859 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ। ਉਸ ਚੋਣ ਵਿੱਚ ਅਰੋੜਾ ਨੂੰ 37,253, ਭਾਜਪਾ ਦੇ ਤੀਕਸ਼ਣ ਸੂਦ ਨੂੰ 23,973 ਅਤੇ ਬਸਪਾ ਦੇ ਵਰਿੰਦਰ ਸਿੰਘ ਪਰਿਹਾਰ ਨੂੰ 12,087 ਵੋਟਾਂ ਹਾਸਲ ਹੋਈਆਂ ਸਨ। ਜ਼ਿਕਰਯੋਗ ਹੈ ਕਿ ਜਿੰਪਾ ਲੰਮਾ ਸਮਾਂ ਕਾਂਗਰਸ ਨਾਲ ਜੁੜੇ ਰਹੇ ਅਤੇ ਕਈ ਵਾਰ ਨਗਰ ਕੌਂਸਲਰ ਵੀ ਬਣੇ। ਕਾਂਗਰਸ ਵੱਲੋਂ ਟਿਕਟ ਨਾ ਦਿੱਤੇ ਜਾਣ ‘ਤੇ ਉਨ੍ਹਾਂ ਨੇ ਆਜ਼ਾਦ ਤੌਰ ‘ਤੇ ਵੀ ਚੋਣ ਲੜ ਕੇ ਜਿੱਤ ਪ੍ਰਾਪਤ ਕੀਤੀ ਸੀ, ਜਿਸ ਤੋਂ ਬਾਅਦ 2022 ਵਿੱਚ ‘ਆਪ’ ਨੇ ਉਨ੍ਹਾਂ ਨੂੰ ਵਿਧਾਨ ਸਭਾ ਟਿਕਟ ਸੌਂਪੀ ਸੀ।

ਪਿਛਲੇ ਪੰਜ ਚੋਣਾਂ ਦਾ ਰਿਕਾਰਡ ਤੇ ਨਵੀਆਂ ਚੁਣੌਤੀਆਂ

ਹੁਸ਼ਿਆਰਪੁਰ ਸੀਟ ਦੇ ਪਿਛਲੇ ਪੰਜ ਚੋਣਾਂ ਦਾ ਇਤਿਹਾਸ ਵੇਖਿਆ ਜਾਵੇ ਤਾਂ ਵੋਟਰਾਂ ਨੇ ਤਿੰਨ ਵੱਖ-ਵੱਖ ਪਾਰਟੀਆਂ ਨੂੰ ਸੱਤਾ ਦਾ ਮੌਕਾ ਦਿੱਤਾ ਹੈ। ਭਾਜਪਾ ਨੇ 2002 ਅਤੇ 2007 ਵਿੱਚ ਲਗਾਤਾਰ ਦੋ ਵਾਰ ਜਿੱਤ ਦਰਜ ਕੀਤੀ, ਜਦਕਿ ਕਾਂਗਰਸ ਨੇ 2012 ਅਤੇ 2017 ਵਿੱਚ ਇਸ ਸੀਟ ‘ਤੇ ਕਬਜ਼ਾ ਕੀਤਾ। ਸਾਲ 2022 ਵਿੱਚ ਆਮ ਆਦਮੀ ਪਾਰਟੀ ਨੇ ਪਹਿਲੀ ਵਾਰ ਇੱਥੇ ਖਾਤਾ ਖੋਲ੍ਹਿਆ। ਆਗਾਮੀ ਚੋਣਾਂ ਵਿੱਚ ਸਭ ਤੋਂ ਵੱਡਾ ਸਵਾਲ ਇਹ ਹੋਵੇਗਾ ਕਿ ਜਿੰਪਾ ਨੂੰ ਮਿਲੀਆਂ 51 ਹਜ਼ਾਰ ਤੋਂ ਵੱਧ ਵੋਟਾਂ ਵਿੱਚ ਪਾਰਟੀ ਲਹਿਰ ਦਾ ਕਿੰਨਾ ਪ੍ਰਭਾਵ ਸੀ ਅਤੇ ਉਨ੍ਹਾਂ ਦਾ ਆਪਣਾ ਨਿੱਜੀ ਆਧਾਰ ਕਿੰਨਾ ਮਜ਼ਬੂਤ ਹੈ। ਸਥਾਨਕ ਸਮੱਸਿਆਵਾਂ ਉਨ੍ਹਾਂ ਦੀ ਸਿਆਸੀ ਸਾਖ ਲਈ ਵੱਡੀ ਪ੍ਰੀਖਿਆ ਸਾਬਤ ਹੋ ਸਕਦੀਆਂ ਹਨ।

ਵਿਕਾਸ ਦੇ ਮੁੱਦੇ ‘ਤੇ ਜਿੰਪਾ ਅਤੇ ਅਰੋੜਾ ਵਿਚਾਲੇ ਜ਼ੁਬਾਨੀ ਜੰਗ

ਪੰਜ ਸਾਲਾਂ ਦੇ ਵਿਕਾਸ ਕਾਰਜਾਂ ਦੇ ਰਿਕਾਰਡ ਨੂੰ ਲੈ ਕੇ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਅਤੇ ਸਾਬਕਾ ਵਿਧਾਇਕ ਸੁੰਦਰ ਸ਼ਾਮ ਅਰੋੜਾ ਇੱਕ-ਦੂਜੇ ਦੇ ਆਹਮੋ-ਸਾਹਮਣੇ ਆ ਗਏ ਹਨ। ਜਿੰਪਾ ਨੇ ਆਪਣੇ ਕਾਰਜਕਾਲ ਨੂੰ ਰਿਕਾਰਡ ਵਿਕਾਸ ਵਾਲਾ ਸਮਾਂ ਕਰਾਰ ਦਿੰਦਿਆਂ ਕਿਹਾ ਕਿ ਵਰ੍ਹਿਆਂ ਤੋਂ ਲਟਕਦੇ ਪਏ ਕਈ ਅਹਿਮ ਪ੍ਰਾਜੈਕਟ ਸਿਰੇ ਚੜ੍ਹਾਏ ਗਏ ਹਨ। ਉਨ੍ਹਾਂ ਦੱਸਿਆ ਕਿ ਪੰਜ ਪੁਲਾਂ ਦਾ ਨਿਰਮਾਣ, ਨਵਾਂ ਤਹਿਸੀਲ ਕੰਪਲੈਕਸ, 46 ਪਿੰਡਾਂ ਦੀਆਂ ਸੜਕਾਂ ਬਣਾਉਣੀਆਂ ਅਤੇ ਸ਼ਹਿਰ ਵਿੱਚੋਂ ਕੂੜੇ ਦੇ ਡੰਪ ਹਟਾਉਣਾ ਉਨ੍ਹਾਂ ਦੀਆਂ ਵੱਡੀਆਂ ਪ੍ਰਾਪਤੀਆਂ ਵਿੱਚ ਸ਼ਾਮਲ ਹਨ। ਉਨ੍ਹਾਂ ਵਿਰੋਧੀਆਂ ‘ਤੇ ਵਰ੍ਹਦਿਆਂ ਕਿਹਾ ਕਿ ਜੋ ਲੋਕ ਆਪਣੇ ਵੇਲੇ ਵਿਕਾਸ ਦੇ ਨਾਂ ‘ਤੇ ਸੁੱਤੇ ਰਹੇ, ਉਨ੍ਹਾਂ ਨੂੰ ਹੁਣ ਸਵਾਲ ਕਰਨ ਦਾ ਕੋਈ ਅਧਿਕਾਰ ਨਹੀਂ ਹੈ।

ਦੂਜੇ ਪਾਸੇ, ਸਾਬਕਾ ਵਿਧਾਇਕ ਸੁੰਦਰ ਸ਼ਾਮ ਅਰੋੜਾ ਨੇ ਗੰਭੀਰ ਆਰੋਪ ਲਾਉਂਦਿਆਂ ਕਿਹਾ ਕਿ ਮੌਜੂਦਾ ਸਰਕਾਰ ਆਪਣੇ ਪੱਧਰ ‘ਤੇ ਕੋਈ ਵੀ ਨਵਾਂ ਵਿਕਾਸ ਕਾਰਜ ਸ਼ੁਰੂ ਨਹੀਂ ਕਰ ਸਕੀ। ਉਨ੍ਹਾਂ ਦਾਅਵਾ ਕੀਤਾ ਕਿ ਪਿਛਲੀ ਕਾਂਗਰਸ ਸਰਕਾਰ ਵੱਲੋਂ ਜਿਨ੍ਹਾਂ ਪ੍ਰਾਜੈਕਟਾਂ ਨੂੰ ਪ੍ਰਵਾਨਗੀ ਮਿਲੀ ਸੀ ਅਤੇ ਫ਼ੰਡ ਜਾਰੀ ਕੀਤੇ ਜਾ ਚੁੱਕੇ ਸਨ, ਮੌਜੂਦਾ ਵਿਧਾਇਕ ਸਿਰਫ਼ ਉਨ੍ਹਾਂ ਕੰਮਾਂ ਦੇ ਫ਼ੀਤੇ ਕੱਟ ਕੇ ਆਪਣੀਆਂ ਪ੍ਰਾਪਤੀਆਂ ਵਜੋਂ ਪ੍ਰਚਾਰ ਰਹੇ ਹਨ। ਦੋਵਾਂ ਆਗੂਆਂ ਦੇ ਇਨ੍ਹਾਂ ਦਾਅਵਿਆਂ ਅਤੇ ਆਰੋਪਾਂ ਨੇ ਚੋਣਾਂ ਤੋਂ ਪਹਿਲਾਂ ਹੁਸ਼ਿਆਰਪੁਰ ਦਾ ਸਿਆਸੀ ਪਾਰਾ ਪੂਰੀ ਤਰ੍ਹਾਂ ਚੜ੍ਹਾ ਦਿੱਤਾ ਹੈ।

Follow Us