ਹਰਿਆਣਾ ਦਾ ਨਾਮੀ ਤਸਕਰ ਗ੍ਰਿਫ਼ਤਾਰ, ਪੰਜਾਬੀ ਸਿੰਗਰ ਬਾਜ਼ ਵਜੋਂ ਬਣਾ ਲਈ ਸੀ ਪਹਿਚਾਣ
Jagsir Singh Arrested: ਮੁਲਜ਼ਮ ਜਗਸੀਰ ਸਿੰਘ ਉਰਫ਼ ਕਾਲਾ ਉਰਫ਼ ਬਾਜ਼ ਨੇ ਹੁਣ ਇੱਕ ਸਿੰਗਰ ਦੇ ਰੂਪ 'ਚ ਪਹਿਚਾਣ ਬਣਾ ਲਈ ਸੀ ਤੇ ਪੰਜਾਬ ਸਿੰਗਰਾਂ ਦੇ ਨਾਲ ਉਹ ਨਜ਼ਰ ਵੀ ਆ ਚੁੱਕਿਆ ਹੈ। ਉਹ ਯੂਟਿਊਬ ਤੇ ਇੰਸਟਾਗ੍ਰਾਮ ਵਰਗੇ ਸੋਸ਼ਲ ਮੀਡੀਆ ਪਲੈਟਫਾਰਮਸ 'ਤੇ ਕਾਫ਼ੀ ਮਸ਼ਹੂਰ ਵੀ ਹੋ ਚੁੱਕਿਆ ਸੀ।
ਚੰਡੀਗੜ੍ਹ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਹਰਿਆਣਾ ਦੇ ਸਿਰਸਾ ਦੇ ਰਹਿਣ ਵਾਲੇ ਜਗਸੀਰ ਸਿੰਘ ਉਰਫ਼ ਕਾਲਾ ਉਰਫ਼ ਬਾਜ਼ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ‘ਤੇ 50 ਹਜ਼ਾਰ ਰੁਪਏ ਦਾ ਇਨਾਮ ਘੋਸ਼ਿਤ ਸੀ। ਉਹ 36.150 ਕਿਲੋਗ੍ਰਾਮ ਅਫੀਮ ਦੇ ਮਾਮਲੇ ‘ਚ ਲੰਬੇ ਸਮੇਂ ਤੋਂ ਫ਼ਰਾਰ ਚੱਲ ਰਿਹਾ ਸੀ।
ਪੰਜਾਬੀ ਸਿੰਗਰ ਵਜੋਂ ਬਣਾ ਲਈ ਪਹਿਚਾਣ
ਹਾਲਾਂਕਿ, ਮੁਲਜ਼ਮ ਨੇ ਹੁਣ ਇੱਕ ਪੰਜਾਬੀ ਸਿੰਗਰ ਦੇ ਰੂਪ ‘ਚ ਪਹਿਚਾਣ ਬਣਾ ਲਈ ਸੀ ਤੇ ਪੰਜਾਬ ਦੇ ਕਈ ਸਿੰਗਰਾਂ ਦੇ ਨਾਲ ਉਹ ਨਜ਼ਰ ਵੀ ਆ ਚੁੱਕਿਆ ਹੈ। ਉਹ ਯੂਟਿਊਬ ਤੇ ਇੰਸਟਾਗ੍ਰਾਮ ਵਰਗੇ ਸੋਸ਼ਲ ਮੀਡੀਆ ਪਲੈਟਫਾਰਮਸ ‘ਤੇ ਕਾਫ਼ੀ ਮਸ਼ਹੂਰ ਵੀ ਹੋ ਚੁੱਕਿਆ ਸੀ। ਉਸ ਨੇ ਪੰਜਾਬੀ ਸਿੰਗਰ ਤੇ ਮਾਡਲ ਵਜੋਂ ਪਹਿਚਾਣ ਬਣਾਈ ਸੀ। ਉਹ ਇੰਸਟਾਗ੍ਰਾਮ ‘ਤੇ ਰੀਲਾਂ ਬਣਾ ਕੇ ਕਾਫ਼ੀ ਮਸ਼ਹੂਰ ਵੀ ਹੋ ਗਿਆ ਸੀ। ਉਸ ਦੇ ਇੰਸਟਾਗ੍ਰਾਮ ‘ਤੇ 32 ਹਜ਼ਾਰ ਤੋਂ ਵੱਧ ਫੋਲੋਅਰਜ਼ ਬਣ ਚੁੱਕੇ ਸਨ।
2016 ਨੂੰ ਭਗੌੜਾ ਐਲਾਨਿਆ
ਐਨਸੀਬੀ ਨੇ ਉਸ ਨੂੰ 2016 ‘ਚ ਭਗੌੜਾ ਐਲਾਨ ਕੀਤਾ ਸੀ। ਜਗਸੀਰ ਸਿੰਘ ਆਪਣੀ ਪਹਿਚਾਣ ਤੇ ਟਿਕਾਣਾ ਬਦਲ-ਬਦਲ ਕੇ ਗ੍ਰਿਫ਼ਤਾਰੀ ਤੋਂ ਬਚਦਾ ਰਿਹਾ। ਮਈ 2025 ‘ਚ ਐਨਸੀਬੀ ਪ੍ਰਮੁੱਖ ਨੇ ਉਸ ਦੇ ਵੇਰਵੇ ਪ੍ਰਕਾਸ਼ਿਤ ਕੀਤੇ ਤੇ ਉਸ ਦੀ ਗ੍ਰਿਫ਼ਤਾਰੀ ‘ਚ ਮਦਦ ਕਰਨ ਵਾਲੇ ਨੂੰ ਜਾਣਕਾਰੀ ਦੇਣ ਲਈ 50 ਹਜ਼ਾਰ ਦਾ ਇਨਾਮ ਘੋਸ਼ਿਤ ਕੀਤਾ।
ਇਸ ਤੋਂ ਬਾਅਦ ਪੁਖ਼ਤਾ ਸੂਚਨਾ ਦੇ ਆਧਾਰ ‘ਤੇ ਐਨਸੀਬੀ ਟੀਮ ਨੇ ਉਸ ਨੂੰ ਕਾਬੂ ਕਰ ਲਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਗੇ ਦੀ ਪੁੱਛ-ਗਿਛ ‘ਚ ਕਈ ਅਹਿਮ ਖੁਲਾਸੇ ਹੋ ਸਕਦੇ ਹਨ। ਹੁਣ ਐਨਸੀਬੀ ਪਤਾ ਲਗਾਉਣ ‘ਚ ਲੱਗੀ ਹੈ ਕਿ ਆਖਿਰ ਇਸ ਦੇ ਕਾਰੋਬਾਰ ‘ਚ ਕਿੰਨੇ ਲੋਕ ਸ਼ਾਮਲ ਸਨ।