ਨਵਜੋਤ ਕੌਰ ਸਿੱਧੂ ਦੇ ਬਿਆਨ ‘ਤੇ ਬੋਲੇ ਰਾਜਪਾਲ ਕਟਾਰੀਆ: ਅਸੀਂ ਲੋਕਾਂ ਦੀ ਆਵਾਜ਼ ਸੁਣਦੇ ਹਾਂ, ਕਾਰਵਾਈ ਕਰਨਾ ਸਰਕਾਰ ਦਾ ਕੰਮ
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਉਹ ਲੋਕਾਂ ਦੀ ਆਵਾਜ਼ ਸੁਣਦੇ ਹਨ। ਜੋ ਵੀ ਉਨ੍ਹਾਂ ਕੋਲ ਆਉਂਦਾ ਹੈ ਉਹ ਆਪਣੀਆਂ ਭਾਵਨਾਵਾਂ ਪ੍ਰਗਟ ਕਰਦਾ ਹੈ। ਉਹ ਫੋਟੋਆਂ ਖਿੱਚਵਾਉਂਦਾ ਹੈ ਅਤੇ ਮੰਗ ਪੱਤਰ ਦੇ ਕੇ ਚਲਾ ਜਾਂਦਾ ਹੈ। ਇਸ ਦੌਰਾਨ ਅਸੀਂ ਉਨ੍ਹਾਂ ਦਾ ਮੰਗ ਪੱਤਰ ਰੱਖ ਲਿਆ ਅਤੇ ਜੋ ਸੰਭਵ ਹੋਵੇਗਾ ਉਹ ਕੀਤਾ ਜਾਵੇਗਾ। ਨਵਜੋਤ ਕੌਰ ਸਿੱਧੂ ਦੇ 500 ਕਰੋੜ ਰੁਪਏ ਵਾਲੇ ਅਟੈਚੀ ਵਾਲੇ ਸਵਾਲ ਤੇ ਉਨ੍ਹਾਂ ਨੇ ਕਿਹਾ ਕਿ ਕਾਰਵਾਈ ਕਰਨਾ ਦੀ ਜ਼ਿੰਮੇਵਾਰੀ ਸਰਕਾਰ ਦੀ ਹੈ।
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅੱਜ ਜਲੰਧਰ ਦੇ ਪ੍ਰਸਿੱਧ ਗੁਲਾਬ ਦੇਵੀ ਹਸਪਤਾਲ ਪਹੁੰਚੇ। ਹਸਪਤਾਲ ਕੈਂਪਸ ਵਿੱਚ ਹਸਪਤਾਲ ਕਮੇਟੀ ਵੱਲੋਂ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਦੌਰੇ ਦੌਰਾਨ, ਰਾਜਪਾਲ ਨੇ ਹਸਪਤਾਲ ਦੁਆਰਾ ਬਣਾਏ ਗਏ ਇੱਕ ਵਿਸ਼ੇਸ਼ ਅਜਾਇਬ ਘਰ ਦਾ ਉਦਘਾਟਨ ਕੀਤਾ ਅਤੇ ਨਰਸਿੰਗ ਕਾਲਜ ਤੋਂ ਪਾਸ ਆਊਟ ਹੋਏ ਵਿਦਿਆਰਥੀਆਂ ਨੂੰ ਨਿੱਜੀ ਤੌਰ ‘ਤੇ ਸਰਟੀਫਿਕੇਟ ਭੇਟ ਕੀਤੇ।
ਲਾਲਾ ਲਾਜਪਤ ਰਾਏ ਦਾ ਯੋਗਦਾਨ ਵਿਲੱਖਣ
ਇਸ ਸਮਾਗਮ ਵਿੱਚ ਰਾਜਪਾਲ ਕਟਾਰੀਆ ਨੇ ਕਿਹਾ ਕਿ ਇਹ ਸਥਾਨ ਇਤਿਹਾਸ ਨਾਲ ਜੁੜਿਆ ਹੋਇਆ ਹੈ ਅਤੇ ਦੇਸ਼ ਦੇ ਹਰ ਨਾਗਰਿਕ ਨੂੰ ਲਾਲਾ ਲਾਜਪਤ ਰਾਏ ਪ੍ਰਤੀ ਡੂੰਘਾ ਸਤਿਕਾਰ ਹੈ। ਉਨ੍ਹਾਂ ਕਿਹਾ ਕਿ ਲਾਲਾ ਜੀ ਦੀ ਯਾਦ ਨੂੰ ਸੰਭਾਲਣ ਲਈ ਹਸਪਤਾਲ ਦੇ ਯਤਨ ਸ਼ਲਾਘਾਯੋਗ ਹਨ। ਅਜਾਇਬ ਘਰ ਰਾਹੀਂ, ਲੋਕ ਉਨ੍ਹਾਂ ਦੇ ਸੰਘਰਸ਼ਾਂ ਅਤੇ ਯੋਗਦਾਨ ਬਾਰੇ ਹੋਰ ਡੂੰਘਾਈ ਨਾਲ ਜਾਣ ਸਕਣਗੇ।
ਰਾਜਪਾਲ ਨੇ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਨੂੰ ਆਪਣੀ ਸਿੱਖਿਆ ਜਾਰੀ ਰੱਖਣ ਲਈ ਉਤਸ਼ਾਹਿਤ ਕੀਤਾ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਹਸਪਤਾਲ ਵਿੱਚ ਕਈ ਨਵੀਆਂ ਸਹੂਲਤਾਂ ਦਾ ਉਦਘਾਟਨ ਵੀ ਕੀਤਾ ਗਿਆ। ਅਜਾਇਬ ਘਰ ਦੀ ਪ੍ਰਸ਼ੰਸਾ ਕਰਦੇ ਹੋਏ, ਰਾਜਪਾਲ ਨੇ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਇਸ ਸਥਾਨ ਨੂੰ ਯਾਦ ਰੱਖਣਗੀਆਂ। ਉਨ੍ਹਾਂ ਕਿਹਾ ਕਿ ਕਿਸੇ ਵਿਅਕਤੀ ਦਾ ਜੀਵਨ ਉਸ ਦੇ ਅਹੁਦੇ ਤੋਂ ਨਹੀਂ, ਸਗੋਂ ਉਸ ਦੇ ਸਮਰਪਣ ਤੋਂ ਵੱਡਾ ਹੁੰਦਾ ਹੈ।
ਨਵਜੌਤ ਕੌਰ ਸਿੱਧੂ ਨੇ ਰਾਜਪਾਲ ਨੂੰ ਸੌਂਪਿਆ ਮੰਗ ਪੱਤਰ
ਇਸ ਪ੍ਰੋਗਰਾਮ ਤੋਂ ਬਾਅਦ ਮੀਡੀਆ ਨੇ ਰਾਜਪਾਲ ਤੋਂ ਕਾਂਗਰਸ ਨੇਤਾ ਅਤੇ ਸਾਬਕਾ ਵਿਧਾਇਕ ਨਵਜੋਤ ਕੌਰ ਸਿੱਧੂ ਨਾਲ ਉਨ੍ਹਾਂ ਦੀ ਹਾਲੀਆ ਮੁਲਾਕਾਤ ਬਾਰੇ ਸਵਾਲ ਕੀਤੇ। ਰਾਜਪਾਲ ਨੇ ਕਿਹਾ, “ਅਸੀਂ ਲੋਕਾਂ ਦੀ ਆਵਾਜ਼ ਸੁਣਦੇ ਹਾਂ। ਜੋ ਵੀ ਸਾਡੇ ਕੋਲ ਆਉਂਦਾ ਹੈ ਉਹ ਆਪਣੇ ਵਿਚਾਰ ਪ੍ਰਗਟ ਕਰਦਾ ਹੈ, ਫੋਟੋ ਖਿਚਵਾਉਂਦਾ ਹੈ ਅਤੇ ਮੰਗ ਪੱਤਰ ਦੇ ਕੇ ਚਲਾ ਜਾਂਦਾ ਹੈ। ਅਸੀਂ ਨਵਜੋਤ ਕੌਰ ਸਿੱਧੂ ਦੇ ਮੰਗ ਪੱਤਰ ਨੂੰ ਵੀ ਸੁਣਿਆ ਹੈ ਅਤੇ ਸਵੀਕਾਰ ਕਰ ਲਿਆ ਹੈ। ਜੋ ਵੀ ਸੰਭਵ ਹੋਵੇਗਾ ਉਹ ਕੀਤਾ ਜਾਵੇਗਾ।”
500 ਕਰੋੜ ਦੀ ਅਟੈਚੀ ਵਾਲੇ ਸਵਾਲ ‘ਤੇ ਕੀ ਬੋਲੇ?
ਇੱਕ ਪੱਤਰਕਾਰ ਨੇ ਉਨ੍ਹਾਂ ਤੋਂ ਨਵਜੋਤ ਕੌਰ ਸਿੱਧੂ ਦੇ 500 ਕਰੋੜ ਰੁਪਏ ਦੇ ਅਟੈਚੀ ਨਾਲ ਸਬੰਧਤ ਮਾਮਲੇ ‘ਤੇ ਉਨ੍ਹਾਂ ਦੀ ਟਿੱਪਣੀ ਮੰਗੀ। ਰਾਜਪਾਲ ਨੇ ਸਿੱਧੇ ਤੌਰ ‘ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿ ਇਹ ਸਬੰਧਤ ਵਿਭਾਗ ਦਾ ਕੰਮ ਹੈ। ਕਾਰਵਾਈ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ।


