ਨਸ਼ੇ ਦੀ ਓਵਰਡੇਜ਼ ਨੇ ਲਈ ਇੱਕ ਹੋਰ ਜਾਨ, ਦੋ ਮਾਸੂਮਾਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ
Ferozepur Drug Overdose Death: ਮ੍ਰਿਤਕ ਮਨਜੀਤ ਸਿੰਘ ਦੇ ਪਿਤਾ ਪੂਰਨ ਸਿੰਘ ਨੇ ਦੱਸਿਆ ਕਿ ਮੱਲਾਂਵਾਲਾ ਵਿਖ਼ੇ ਨਸ਼ਾ ਤਸਕਰ ਨਸ਼ੇ ਦੀ ਚੰਗੀ ਕੁਆਲਿਟੀ ਦਾ ਸ਼ਰੇਆਮ ਭਰੋਸਾ ਦੇ ਬੋਲੀ ਲਾ ਕੇ ਨਸ਼ਾ ਵੇਚਦੇ ਹਨ, ਜਿਨਾਂ ਦਾ ਸਾਡੇ ਵਰਗੇ ਆਮ ਇਨਸਾਨਾਂ ਨੂੰ ਸ਼ਰੇਆਮ ਪਤਾ ਹੈ। ਪਰ, ਅਫਸੋਸ ਕਿ ਮੋਟੀਆਂ ਤਨਖਾਹਾਂ ਲੈਣ ਵਾਲੇ ਅਫਸਰ ਇੰਨਾ ਗੱਲਾਂ ਤੋਂ ਕਿਉਂ ਅਣਜਾਣ ਹਨ। ਉਨ੍ਹਾਂ ਨੇ ਕਿਹਾ ਕਿ ਕਿੰਨੇ ਹੀ ਘਰ ਮੇਰੇ ਵਾਂਗ ਬੇਸਹਾਰਾ ਹੋ ਰਹੇ ਹਨ, ਨੌਜਵਾਨ ਨਸ਼ੇ ਦੇ ਨਾਲ ਬਰਬਾਦ ਹੋ ਰਹੇ ਹਨ।

ਪੰਜਾਬ ‘ਚ ਆਏ ਦਿਨ ਨਸ਼ੇ ਦੀ ਓਵਰਡੋਜ਼ ਨਾਲ ਮੌਤਾਂ ਹੋ ਰਹੀਆਂ ਹਨ ਤੇ ਹੁਣ ਇੱਕ ਹੋਰ ਨੌਜਵਾਨ ਨੂੰ ਨਸ਼ੇ ਦੀ ਭੇਂਟ ਚੜ੍ਹ ਗਿਆ ਹੈ। ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਪਿੰਡ ਗੁਰਦਿੱਤੀ ਵਾਲਾ ਤੋਂ ਸਾਹਮਣੇ ਆਇਆ ਹੈ, ਜਿੱਥੇ ਕਿ ਮਨਜੀਤ ਸਿੰਘ ਉਰਫ ਮੰਗਾ ਪੁੱਤਰ ਪੂਰਨ ਸਿੰਘ ਵੱਲੋਂ ਨਸ਼ੇ ਦੇ ਟੀਕੇ ਦੇ ਓਵਰਡੋਜ਼ ਮੌਤ ਹੋ ਗਈ। ਮ੍ਰਿਤਕ ਮਨਜੀਤ ਸਿੰਘ ਦੀ ਲਾਸ਼ ਮੱਲਾਵਾਲਾ ਦੇ ਜੈਮਲ ਵਾਲਾ ਰੋਡ ਮੈਨ ਚੌਕ ਤੋਂ ਮਿਲੀ ਹੈ, ਜਿੱਥੇ ਉਸ ਨੇ ਨਸ਼ੇ ਦਾ ਟੀਕਾ ਲਗਾਇਆ ਸੀ। ਮ੍ਰਿਤਕ ਨੌਜਵਾਨ ਵਿਆਹਿਆ ਹੋਇਆ ਸੀ। ਉਸ ਦਾ 9 ਸਾਲ ਦਾ ਪੁੱਤਰ ਅਤੇ 14 ਸਾਲਾਂ ਦੀ ਧੀ ਹੈ, ਜਿਨ੍ਹਾਂ ਦੇ ਸਿਰ ‘ਤੇ ਹੁਣ ਪਿਓ ਦਾ ਸਾਇਆ ਨਹੀਂ ਰਿਆ।
ਉੱਜੜਦੇ ਘਰਾਂ ਦੇ ਚਿਰਾਗਾਂ ਨੂੰ ਬਚਾਓ: ਮ੍ਰਿਤਕ ਦਾ ਪਿਤਾ
ਮ੍ਰਿਤਕ ਮਨਜੀਤ ਸਿੰਘ ਦੇ ਪਿਤਾ ਪੂਰਨ ਸਿੰਘ ਨੇ ਦੱਸਿਆ ਕਿ ਮੱਲਾਂਵਾਲਾ ਵਿਖ਼ੇ ਨਸ਼ਾ ਤਸਕਰ ਨਸ਼ੇ ਦੀ ਚੰਗੀ ਕੁਆਲਿਟੀ ਦਾ ਸ਼ਰੇਆਮ ਭਰੋਸਾ ਦੇ ਬੋਲੀ ਲਾ ਕੇ ਨਸ਼ਾ ਵੇਚਦੇ ਹਨ, ਜਿਨਾਂ ਦਾ ਸਾਡੇ ਵਰਗੇ ਆਮ ਇਨਸਾਨਾਂ ਨੂੰ ਸ਼ਰੇਆਮ ਪਤਾ ਹੈ। ਪਰ, ਅਫਸੋਸ ਕਿ ਮੋਟੀਆਂ ਤਨਖਾਹਾਂ ਲੈਣ ਵਾਲੇ ਅਫਸਰ ਇੰਨਾ ਗੱਲਾਂ ਤੋਂ ਕਿਉਂ ਅਣਜਾਣ ਹਨ। ਉਨ੍ਹਾਂ ਨੇ ਕਿਹਾ ਕਿ ਕਿੰਨੇ ਹੀ ਘਰ ਮੇਰੇ ਵਾਂਗ ਬੇਸਹਾਰਾ ਹੋ ਰਹੇ ਹਨ, ਨੌਜਵਾਨ ਨਸ਼ੇ ਦੇ ਨਾਲ ਬਰਬਾਦ ਹੋ ਰਹੇ ਹਨ। ਮੈਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਜੇਕਰ ਪਾਕਿਸਤਾਨ ਦੇ ਵਿੱਚ ਅੱਤਵਾਦ ਦੇ ਟਿਕਾਣੇ ਲੱਭ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾ ਸਕਦੀ ਹੈ ਤਾਂ ਨਸ਼ੇ ‘ਤੇ ਕਾਰਵਾਈ ‘ਚ ਕਿਉਂ ਨਹੀਂ ਹੋ ਰਹੀ ਹੈ। ਉਨ੍ਹਾਂ ਅਪੀਲ ਕੀਤੀ ਕਿ ਇਹਨਾਂ ਤਸਕਰਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਨੌਜਵਾਨਾ ਅਤੇ ਉੱਜੜਦੇ ਘਰਾਂ ਦੇ ਚਿਰਾਗਾਂ ਨੂੰ ਬਚਾਇਆ ਜਾ ਸਕੇ।
ਸ਼ਰੇਆਮ ਵਿਕ ਰਿਹਾ ਨਸ਼ਾ: ਮ੍ਰਿਤਕ ਦਾ ਚਾਚਾ
ਮ੍ਰਿਤਕ ਦੇ ਚਾਚਾ ਦਰਸ਼ਨ ਸਿੰਘ ਨੇ ਦੱਸਿਆ ਕਿ ਮੱਲਾਂਵਾਲਾ ਵਿਖੇ ਸ਼ਰੇਆਮ ਨਸ਼ਾ ਵਿਕ ਰਿਹਾ ਹੈ, ਪਰ ਪੁਲਿਸ ਨਸ਼ੇ ਵਿਰੁੱਧ ਕਾਰਵਾਈ ਕਰਨ ਨੂੰ ਤਿਆਰ ਨਹੀਂ। ਇਸ ਕਾਰਨ ਅੱਜ ਸਾਡੇ ਭਤੀਜੇ ਦੀ ਮੌਤ ਹੋ ਗਈ ਹੈ। ਪਿੰਡ ਦੇ ਨਿਵਾਸੀ ਜਸਬੀਰ ਸਿੰਘ ਨੇ ਕਿਹਾ ਕਿ ਪੁਲਿਸ ਕਾਰਵਾਈ ਨਹੀਂ ਕਰਦੀ ਹੈ। ਬੀਤੇ ਦਿਨੀ ਵੀ ਇੱਕ ਨੌਜਵਾਨ ਨਸ਼ੇ ਦੀ ਓਵਰਡੋਜ ਟੀਕਾ ਨਾਲ ਮਰ ਗਿਆ ਸੀ, ਪਰ ਪੁਲਿਸ ਨੇ ਉਸ ਕੇਸ ਵਿੱਚ ਕਿਸੇ ਨਸ਼ਾ ਵੇਚਣ ਵਾਲਿਆਂ ਤੇ ਕੋਈ ਕਾਰਵਾਈ ਨਹੀਂ ਕੀਤੀ। ਉਸ ਨੇ ਕਿਹਾ ਕਿ ਸਾਡੇ ਇਲਾਕੇ ਵਿੱਚ ਨਸ਼ੇੜੀਆਂ ਨੂੰ ਆਸਾਨੀ ਨਾਲ ਨਸ਼ਾ ਮਿਲ ਜਾਂਦਾ ਹੈ। ਸਰਕਾਰ ਨੂੰ ਪੂਰੀ ਤਾਕਤ ਨਾਲ ਨਸ਼ਿਆਂ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ।