ਹਰਿਆਣਾ ਪੁਲਿਸ ਦੇ ਨੋਟਿਸ ਦੇ ਬਾਵਜ਼ੂਦ ਫੈਸਲੇ ‘ਤੇ ਅੜੇ ਕਿਸਾਨ, ਭੱਲਕੇ ਕਰਨਗੇ ਦਿੱਲੀ ਕੂਚ
Farmers Delhi March: ਇਸ ਮਾਮਲੇ ਵਿੱਚ ਜਦੋਂ ਭਾਜਪਾ ਦੇ ਸੂਬਾ ਪ੍ਰਧਾਨ ਮੋਹਨ ਲਾਲ ਬਡੋਲੀ ਤੋਂ ਪੁੱਛਿਆ ਗਿਆ ਕਿ ਕੀ ਸਰਕਾਰ ਕਿਸਾਨਾਂ ਨੂੰ ਰੋਕ ਰਹੀ ਹੈ। ਇਸ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕੌਣ ਰੋਕੇਗਾ? ਇਹ ਕਿਸਾਨਾਂ ਦਾ ਦੇਸ਼ ਹੈ, ਕਿਸਾਨਾਂ ਦਾ ਰਾਜ ਹੈ। ਕਿਸਾਨ ਜਿੱਥੇ ਚਾਹੁਣ ਜਾ ਸਕਦੇ ਹਨ ਅਤੇ ਉਨ੍ਹਾਂ ਨੂੰ ਰੋਕਣ ਵਾਲਾ ਕੋਈ ਨਹੀਂ ਹੈ।
Farmers Delhi March: ਹਰਿਆਣਾ ਪੁਲਿਸ ਦੇ ਇਨਕਾਰ ਦੇ ਬਾਵਜੂਦ ਸ਼ੰਭੂ ਸਰਹੱਦ ਦੇ ਕਿਸਾਨ ਭਲਕੇ ਨੂੰ ਦਿੱਲੀ ਵੱਲ ਮਾਰਚ ਕਰਨ ‘ਤੇ ਅੜੇ ਹੋਏ ਹਨ। ਉਨ੍ਹਾਂ ਐਲਾਨ ਕੀਤਾ ਹੈ ਕਿ ਪਹਿਲੇ ਦਿਨ 100 ਕਿਸਾਨਾਂ ਦਾ ਜਥਾ ਪੈਦਲ ਦਿੱਲੀ ਲਈ ਰਵਾਨਾ ਹੋਵੇਗਾ। ਇਸ ਦੇ ਮੱਦੇਨਜ਼ਰ ਹਰਿਆਣਾ ਪੁਲਿਸ ਨੇ ਅੰਬਾਲਾ ਵੱਲ ਬੈਰੀਕੇਡਿੰਗ ਵਧਾਉਣੀ ਸ਼ੁਰੂ ਕਰ ਦਿੱਤੀ ਹੈ।
ਇਸ ਮਾਮਲੇ ਵਿੱਚ ਜਦੋਂ ਭਾਜਪਾ ਦੇ ਸੂਬਾ ਪ੍ਰਧਾਨ ਮੋਹਨ ਲਾਲ ਬਡੋਲੀ ਤੋਂ ਪੁੱਛਿਆ ਗਿਆ ਕਿ ਕੀ ਸਰਕਾਰ ਕਿਸਾਨਾਂ ਨੂੰ ਰੋਕ ਰਹੀ ਹੈ। ਇਸ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕੌਣ ਰੋਕੇਗਾ? ਇਹ ਕਿਸਾਨਾਂ ਦਾ ਦੇਸ਼ ਹੈ, ਕਿਸਾਨਾਂ ਦਾ ਰਾਜ ਹੈ। ਕਿਸਾਨ ਜਿੱਥੇ ਚਾਹੁਣ ਜਾ ਸਕਦੇ ਹਨ ਅਤੇ ਉਨ੍ਹਾਂ ਨੂੰ ਰੋਕਣ ਵਾਲਾ ਕੋਈ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਪ੍ਰਸ਼ਾਸਨ ਅਤੇ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਲੋਕਾਂ ਨੂੰ ਪ੍ਰੇਸ਼ਾਨੀ ਨਾ ਹੋਵੇ।
ਦਿੱਲੀ ਤੱਕ ਕਿਸਾਨਾਂ ਦੇ ਮਾਰਚ ‘ਤੇ ਹਰਿਆਣਾ ਦੀ ਗ੍ਰਹਿ ਸਕੱਤਰ ਸੁਮਿਤਾ ਮਿਸ਼ਰਾ ਨੇ ਕਿਹਾ- ਆਮ ਨਾਗਰਿਕਾਂ ਦੀ ਸੁਰੱਖਿਆ ਕਿਸੇ ਵੀ ਸਰਕਾਰ ਦੀ ਪਹਿਲ ਹੁੰਦੀ ਹੈ। ਦਿੱਲੀ ਵਿੱਚ ਅਜੇ ਤੱਕ ਇਜਾਜ਼ਤ ਨਹੀਂ ਮਿਲੀ ਹੈ। ਇਸ ਦੌਰਾਨ ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸਾਨ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਕਮੇਟੀ ਨਾਲ ਗੱਲ ਕਰਨ ਕਿਉਂਕਿ ਗੱਲਬਾਤ ਰਾਹੀਂ ਹੀ ਮਸਲੇ ਹੱਲ ਹੋਣਗੇ।
ਮਾਨਸਾ ‘ਚ ਪੁਲਿਸ ਨਾਲ ਝੜਪ
ਇਸ ਦੇ ਨਾਲ ਹੀ ਪੰਜਾਬ ਦੇ ਮਾਨਸਾ ਵਿੱਚ ਕਿਸਾਨਾਂ ਦੀ ਪੁਲਿਸ ਨਾਲ ਝੜਪ ਹੋ ਗਈ। ਕਿਸਾਨ ਇੱਥੇ ਗੁਜਰਾਤ-ਜੰਮੂ ਪਾਈਪਲਾਈਨ ਵਿਛਾਉਣ ਦਾ ਵਿਰੋਧ ਕਰ ਰਹੇ ਸਨ। ਸਵੇਰੇ 1 ਵਜੇ ਹੋਈ ਝੜਪ ਵਿੱਚ ਕਿਸਾਨ ਅਤੇ ਪੰਜਾਬ ਪੁਲਿਸ ਦੇ 3 ਐਸਐਚਓ ਜ਼ਖ਼ਮੀ ਹੋ ਗਏ। ਇੱਥੇ ਘੱਟ ਮੁਆਵਜ਼ਾ ਮਿਲਣ ਕਾਰਨ ਕਿਸਾਨ ਨਾਰਾਜ਼ ਹਨ।
ਮਾਨਸਾ ਵਿੱਚ ਬੁੱਧਵਾਰ ਦੇਰ ਰਾਤ ਕਿਸਾਨਾਂ ਤੇ ਪੁਲਿਸ ਵਿਚਾਲੇ ਝੜਪ ਹੋਈ। ਸੰਗਰੂਰ ਜ਼ਿਲ੍ਹੇ ਦੇ ਕਿਸਾਨ ਬਠਿੰਡਾ ਦੇ ਤਲਵੰਡੀ ਸਾਬੋ ਨੇੜਲੇ ਪਿੰਡ ਵਿੱਚ ਗੁਜਰਾਤ ਗੈਸ ਪਾਈਪ ਲਾਈਨ ਦੇ ਵਿਰੋਧ ਕਰਨ ਲਈ ਧਰਨਾ ਦੇਣ ਜਾ ਰਹੇ ਸਨ। ਮਾਨਸਾ ਦੇ ਐਸਪੀਡੀ ਮਨਮੋਹਨ ਸਿੰਘ ਨੇ ਦੱਸਿਆ ਕਿ 300 ਦੇ ਕਰੀਬ ਕਿਸਾਨਾਂ ਦਾ ਵੱਡਾ ਕਾਫ਼ਲਾ ਸੰਗਰੂਰ ਤੋਂ ਮਾਨਸਾ ਵੱਲ ਜਾ ਰਿਹਾ ਸੀ। ਭੀਖੀ ਪੁਲਿਸ ਵੱਲੋਂ ਕੀਤੀ ਨਾਕਾਬੰਦੀ ਦੌਰਾਨ ਇੰਸਪੈਕਟਰ ਗੁਰਬੀਰ ਸਿੰਘ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਲਜ਼ਾਮ ਹੈ ਕਿ ਕਿਸਾਨਾਂ ਨੇ ਉਨ੍ਹਾਂ ਉੱਤੇ ਗੱਡੀ ਚੜਾ ਦਿੱਤੀ। ਇਸ ਤੋਂ ਬਾਅਦ ਮਾਨਸਾ ਚ ਕਿਸਾਨਾਂ ਨੇ ਪੁਲਿਸ ਤੇ ਫਿਰ ਹਮਲਾ ਕਰ ਦਿੱਤਾ। ਇਸ ਵਿੱਚ ਉਨ੍ਹਾਂ ਦੇ ਤਿੰਨ ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ ਹਨ।
ਇਹ ਵੀ ਪੜ੍ਹੋ
ਹਰਿਆਣਾ ਪੁਲਿਸ ਨੇ ਚਿਪਕਾਏ ਨੋਟਿਸ
ਹਰਿਆਣਾ ਪੁਲਿਸ ਵੱਲੋਂ ਧਾਰਾ 144 ਲਗੇ ਹੋਣ ਨੂੰ ਲੈ ਕੇ ਨੋਟਿਸ ਚਿਪਕਾ ਦਿੱਤੇ ਹਨ। ਬੀਤੇ ਕੱਲ੍ਹ ਅੰਬਾਲਾ ਪੁਲਿਸ ਦੇ ਨਾਲ ਵੀ ਕਿਸਾਨਾਂ ਦੀ ਮੀਟਿੰਗ ਹੋਈ ਸੀ। ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਦੇ ਅੰਦਲੋਨ ਨੂੰ ਲੈ ਕੇ ਵਾਟਰ ਕੈਨਨ ਅਤੇ ਬਖਤਰ ਬੰਦ ਗੱਡੀਆਂ ਲਗਾ ਦਿੱਤੀਆਂ ਹਨ। ਦੱਸ ਦਈਏ ਕਿ 9 ਦਸੰਬਰ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਹਰਿਆਣਾ ਦੇ ਪਾਣੀਪਤ ਵਿੱਚ ਰੈਲੀ ਹੋਣ ਹੈ। ਇਸ ਰੈਲੀ ਨੂੰ ਲੈ ਕੇ ਹਰਿਆਣਾ ਕਿਸਾਨਾਂ ਨੂੰ ਦਿੱਲੀ ਕੂਚ ਕਰਨ ਦੀ ਇਜ਼ਾਜਤ ਨਹੀਂ ਦੇ ਰਿਹਾ ਹੈ।
ਕਿਸਾਨ ਆਗੂ ਪੰਧੇਰ ਦੇ ਦਿੱਲੀ ਮਾਰਚ ਬਾਰੇ ਅਹਿਮ ਗੱਲਾਂ
ਕਿਸਾਨ ਆਗੂ ਸਰਵਣ ਪੰਧੇਰ ਨੇ ਦਿੱਲੀ ਮਾਰਚ ਸਬੰਧੀ ਸ਼ਭੂ ਸਰਹੱਦੀ ਤੋਂ ਬਿਆਨ ਜਾਰੀ ਕੀਤਾ ਸੀ। ਉਨ੍ਹਾਂ ਕਿਹਾ ਕਿ ਅਸੀਂ 1 ਦਸੰਬਰ ਨੂੰ ਕਿਹਾ ਸੀ ਕਿ ਸਾਡਾ ਸਮੂਹ ਸਾਰਾ ਸਾਮਾਨ ਲੈ ਕੇ ਪੈਦਲ ਸਰਹੱਦ ਪਾਰ ਕਰੇਗਾ। ਅਸੀਂ ਪੰਜਾਬ ਤੋਂ ਹਰਿਆਣਾ ਦੇ ਰਸਤੇ ਦਿੱਲੀ ਜਾਵਾਂਗੇ। ਸਾਡੀਆਂ ਜੋ ਵੀ ਜ਼ਰੂਰਤਾਂ ਹਨ, ਅਸੀਂ ਉਨ੍ਹਾਂ ਨੂੰ ਹਰਿਆਣਾ ਦੇ ਲੋਕਾਂ ਤੇ ਛੱਡ ਦਿੱਤਾ ਹੈ। ਅਸੀਂ ਉਨ੍ਹਾਂ ਤੋਂ ਪੂਰੀ ਮਦਦ ਦੀ ਉਮੀਦ ਕਰਦੇ ਹਾਂ।
ਹਰਿਆਣਾ ਦੇ ਖੇਤੀ ਮੰਤਰੀ ਸ਼ਿਆਮ ਸਿੰਘ ਰਾਣਾ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਬਿਆਨ ਦਿੱਤੇ ਸਨ ਕਿ ਜੇਕਰ ਕਿਸਾਨ ਪੈਦਲ ਦਿੱਲੀ ਜਾਣ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਹੁਣ ਖੇਤੀਬਾੜੀ ਮੰਤਰੀ ਰਾਣਾ ਨੇ ਇਸ ਮਾਮਲੇ ਵਿੱਚ ਯੂ-ਟਰਨ ਲੈ ਲਿਆ ਹੈ। ਹੁਣ ਉਹ ਕਹਿ ਰਹੇ ਹਨ ਕਿ ਜਿਸ ਸੂਬੇ ਵਿੱਚ ਅੰਦੋਲਨ ਹੋਵੇ ਉੱਥੇ ਵਿਕਾਸ ਨਹੀਂ ਹੁੰਦਾ।
ਪੰਜਾਬ ਤੋਂ ਹਰਿਆਣਾ ਵਿੱਚ ਟਰੈਕਟਰਾਂ ਦੇ ਦਾਖਲੇ ਤੇ ਪਾਬੰਦੀ
ਹਰਿਆਣਾ-ਪੰਜਾਬ ਦੀ ਖਨੌਰੀ ਅਤੇ ਸ਼ੰਭੂ ਸਰਹੱਦ ਤੇ ਪੁਲਿਸ ਨੇ ਗਸ਼ਤ ਵਧਾ ਦਿੱਤੀ ਹੈ। ਸਰਹੱਦਾਂ ਤੇ 24 ਘੰਟੇ ਨਜ਼ਰ ਰੱਖਣ ਲਈ ਪੁਲਿਸ ਮੁਲਾਜ਼ਮਾਂ ਦੀ ਵਿਸ਼ੇਸ਼ ਡਿਊਟੀ ਲਗਾਈ ਗਈ ਹੈ। ਡਿਊਟੀ ਤੇ ਤਾਇਨਾਤ ਮੁਲਾਜ਼ਮਾਂ ਨੂੰ ਪੰਜਾਬ ਤੋਂ ਆਉਣ ਵਾਲੇ ਹਰ ਵਾਹਨ ਦੀ ਚੰਗੀ ਤਰ੍ਹਾਂ ਚੈਕਿੰਗ ਕਰਨ ਦੀਆਂ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ। ਨਾਲ ਹੀ ਟਰੈਕਟਰਾਂ ਦੇ ਦਾਖਲੇ ਤੇ ਵੀ ਪੂਰੀ ਤਰ੍ਹਾਂ ਪਾਬੰਦੀ ਲਗਾਈ ਜਾਵੇ।