Jalandhr Bypoll: ਭਾਜਪਾ ਦਾ ਦਾਅਵਾ, ਵੱਡੇ ਫਰਕ ਨਾਲ ਜਿੱਤਾਂਗੇ ਜਲੰਧਰ ਦੀ ਜਿਮਨੀ ਚੋਣ
ਜਲੰਧਰ ਲੋਕ ਸਭਾ ਜਿਮਨੀ ਚੋਣ ਨੂੰ ਲੈ ਕੇ ਬੀਜੇਪੀ ਆਗੂ ਹਰਜੀਤ ਸਿੰਘ ਗਰੇਵਾਲ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਵਿਚ ਬੀਜੇਪੀ ਮਜਬੂਤ ਹੋਵੇਗੀ ਤਾਂ ਹੀ ਦਿੱਲੀ ਵਿਚ ਮਜਬੂਤ ਹੋਵੇਗੀ, ਇਸ ਲਈ ਪਾਰਟੀ ਪੂਰੀ ਜਾਨ ਲਗਾ ਕੇ ਇਹ ਚੋਣ ਵੱਡੇ ਮਾਰਜਨ ਨਾਲ ਜਿੱਤੇਗੀ।
ਜਲੰਧਰ ਨਿਊਜ: ਬੀਜੇਪੀ ਪੰਜਾਬ ਦੇ ਜਨਰਲ ਸਕੱਤਰ ਹਰਜੀਤ ਸਿੰਘ ਗਰੇਵਾਲ (Harjeet Singh Grewal) ਫਰੀਦਕੋਟ ਵਿਖੇ ਬੀਜੇਪੀ ਆਗੂ ਗਗਨ ਸੇਠੀ (Gagan Sethi) ਦੇ ਘਰ ਪਹੁੰਚੇ, ਅਤੇ ਪਾਰਟੀ ਆਗੂਆਂ ਨਾਲ ਵਿਸ਼ੇਸ ਮੀਟਿੰਗ ਕੀਤੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਗਰੇਵਾਲ ਨੇ ਪੰਜਾਬ ਦੇ ਵੱਖ ਵੱਖ ਮਸਲਿਆ ਤੇ ਜਿੱਥੇ ਸੱਤਾਧਾਰੀ ਪਾਰਟੀ ਨੂੰ ਰਗੜੇ ਲਗਾਏ, ਉਥੇ ਹੀ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸਿੱਪ ਤੇ ਤਿੱਖੇ ਸਬਦੀ ਵਾਰ ਵੀ ਕੀਤੇ।
ਜਲੰਧਰ ਜਿਮਨੀ ਚੋਣ ਨੂੰ ਲੈ ਕੇ ਗੱਲਬਾਤ ਕਰਦਿਆ ਉਨ੍ਹਾਂ ਦਾਅਵਾ ਕੀਤਾ ਕਿ ਜਲੰਧਰ ਜਿਮਨੀ ਚੋਣ ਭਾਰਤੀ ਜਨਤਾ ਪਾਰਟੀ ਵੱਡੇ ਮਾਰਜਨ ਨਾਲ ਜਿੱਤੇਗੀ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਬੀਜੇਪੀ ਦੇ ਮੁਕਾਬਲੇ ਹੋਰ ਕੋਈ ਵੀ ਪਾਰਟੀ ਮਜਬੂਤ ਨਹੀਂ। ਉਨ੍ਹਾਂ ਕਿਹਾ ਕਿ ਸੱਤਾਧਾਰੀ ਆਮ ਆਦਮੀ ਪਾਰਟੀ ਪੰਜਾਬ ਅੰਦਰ ਬੀਤੇ ਦਿਨੀ ਬਣੇ ਮਾਹੌਲ ਕਾਰਨ ਅਤੇ ਚੋਣਾਂ ਸਮੇਂ ਕੀਤੇ ਵਾਅਦੇ ਪੂਰੇ ਨਾਂ ਕਰਨ ਦੇ ਚਲਦੇ ਬੈਕਫੁੱਟ ਤੇ ਚਲੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਚਰਮਰਾ ਚੁੱਕੀ ਹੈ ਅਤੇ ਸੂਬੇ ਦੇ ਲੋਕ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।
ਗਰੇਵਾਲ ਨੇ ਵਿਰੋਧੀਆਂ ਤੇ ਨਿਸ਼ਾਨੇ
ਕਾਂਗਰਸ ਤੇ ਤੰਜ ਕੱਸਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਆਪਣੇ ਆਗੂ ਹੀ ਪਾਰਟੀ ਛੱਡ ਕੇ ਜਾ ਰਹੇ ਹਨ, ਪਾਰਟੀ ਵਿਚ ਖਿੱਚੋਤਾਣ ਦਿਨੋਂ ਦਿਨ ਵਧ ਰਹੀ ਹੈ।ਨਵਜੋਤ ਸਿੰਘ ਸਿੱਧੂ ਦੀ ਰਿਹਾਈ ਤੇ ਵਿਅੰਗ ਕੱਸਦਿਆਂ ਉਹਨਾਂ ਕਿਹਾ ਕਿ ਚੰਗਾ ਹੋਇਆ ਸਿੱਧੂ ਜੇਲ੍ਹ ਤੋਂ ਬਾਹਰ ਆ ਗਏ ਹੁਣ ਸਾਨੂੰ ਚੋਣ ਜਿੱਤਣ ਲਈ ਬਹੁਤੀ ਮਿਹਨਤ ਨਹੀਂ ਕਰਨੀ ਪਵੇਗੀ। ਉਹਨਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਜਿਸ ਵੀ ਪਾਰਟੀ ਵਿਚ ਜਾਂਦੇ ਹਨ ਉਥੇ ਖਿਲਾਰਾ ਪਾ ਦਿੰਦੇ ਹਨ।
ਪੁਰਾਣੇ ਭਾਈਵਾਲ ਅਕਾਲੀ ਦਲ ਬਾਰੇ ਜਦੋਂ ਉਹਨਾਂ ਨੂੰ ਸਵਾਲ ਕੀਤਾ ਗਿਆ ਤਾਂ ਉਹਨਾਂ ਅਕਾਲੀ ਦਲ ਦੀ ਸੀਨੀਅਰ ਲੀਡਰਸਿੱਪ ਤੇ ਸਵਾਲ ਖੜ੍ਹੇ ਕਰਦਿਆ ਕਿਹਾ ਕਿ ਅਕਾਲੀ ਦਲ ਦੀ ਸੀਨੀਅਰ ਲੀਡਰਸਿੱਪ ਨੇ ਅਕਾਲੀ ਦਲ, ਐਸਜੀਪੀਸੀ ਅਤੇ ਸਿਖ ਕੌਮ ਦਾ ਘਾਣ ਕੀਤਾ ਹੈ ਅਤੇ ਆਪਣੇ ਨਿਜੀ ਹਿਤ ਮੁੱਖ ਰੱਖੇ ਹਨ ਇਹੀ ਕਾਰਨ ਹੈ ਕਿ ਅੱਜ ਅਕਾਲੀ ਦਲ ਪੰਜਾਬ ਵਿਚੋਂ ਆਪਣੀ ਸਾਖ ਗਵਾ ਚੁਕਾ ਹੈ।
ਅੰਮ੍ਰਿਤਪਾਲ ਦੇ ਮਸਲੇ ਤੇ ਬੋਲਦਿਆ ਉਹਨਾਂ ਕਿਹਾ ਕਿ ਇਸ ਦਾ ਜਿਮਨੀ ਚੋਣਾਂ ਤੇ ਕੋਈ ਅਸਰ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਅਤੇ ਉਸ ਦੇ ਸਾਥੀਆ ਖਿਲਾਫ ਕਾਰਵਾਈ ਨੂੰ ਲੈ ਕੇ ਬੀਜੇਪੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪੰਜਾਬ ਸਰਕਾਰ ਦੇ ਨਾਲ ਡਟ ਕੇ ਖੜ੍ਹੀ ਹੈ ਅਤੇ ਦੇਸ਼ ਵਿਰੋਧੀ ਤਾਕਤਾਂ ਖਿਲਾਫ ਹਰ ਤਰਾਂ ਦੀ ਲੜਾਈ ਲਈ ਤਿਆਰ ਹੈ।