ਪੰਜਾਬ ‘ਚ ਦਿਖਣ ਲੱਗਿਆ ਗਰਮੀ ਦਾ ਅਸਰ, ਬਿਜਲੀ ਦੀ ਮੰਗ ‘ਚ ਰਿਕਾਰਡ ਵਾਧਾ
Electricity Demand in Punjab During Summmer: ਅਪ੍ਰੈਲ ਮਹੀਨੇ ਦੇ ਇਨ੍ਹਾਂ ਸੱਤ ਦਿਨਾਂ ਦੀ ਗੱਲ ਕਰੀਏ ਤਾਂ ਵੀ ਪੰਜਾਬ ਵਿੱਚ ਬਿਜਲੀ ਦੀ ਖਪਤ ਵਿੱਚ 5 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਸੋਮਵਾਰ ਨੂੰ ਪੰਜਾਬ ਵਿੱਚ ਵੱਧ ਤੋਂ ਵੱਧ ਬਿਜਲੀ ਦੀ ਮੰਗ 8005 ਮੈਗਾਵਾਟ ਦਰਜ ਕੀਤੀ ਗਈ, ਜੋ ਕਿ ਅਪ੍ਰੈਲ ਵਿੱਚ ਹੁਣ ਤੱਕ ਦੀ ਸਭ ਤੋਂ ਵੱਧ ਹੈ। ਇਹ ਪਿਛਲੇ ਸਾਲ ਨਾਲੋਂ 15 ਪ੍ਰਤੀਸ਼ਤ ਵੱਧ ਹੈ।

Punjab Electricity Consumption: ਅਪ੍ਰੈਲ ਮਹੀਨੇ ‘ਚ ਪੰਜਾਬ ‘ਚ ਹੀਟ-ਵੇਵ ਕਾਰਨ ਬਿਜਲੀ ਦੀ ਖਪਤ ‘ਚ ਰਿਕਾਰਡ ਵਾਧਾ ਦੇਖਣ ਨੂੰ ਮਿਲਿਆ ਹੈ। ਸੋਮਵਾਰ ਨੂੰ ਪਿਛਲੇ ਸਾਲ ਦੇ ਮੁਕਾਬਲੇ ਬਿਜਲੀ ਦੀ ਖਪਤ ‘ਚ ਕੁਲ੍ਹ 16 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ ਜੋ ਕਿ ਇਕ ਰਿਕਾਰਡ ਹੈ। 7 ਅਪ੍ਰੈਲ ਨੂੰ ਬਿਜਲੀ ਦੀ ਖਪਤ 144 ਮਿਲੀਅਨ ਯੂਨਿਟ (MU) ਦਰਜ ਕੀਤੀ ਗਈ ਹੈ।
ਜੇਕਰ ਅਸੀਂ ਅਪ੍ਰੈਲ ਮਹੀਨੇ ਦੇ ਇਨ੍ਹਾਂ 7 ਦਿਨਾਂ ਦੀ ਗੱਲ ਕਰੀਏ ਤਾਂ ਵੀ ਪੰਜਾਬ ‘ਚ ਬਿਜਲੀ ਦੀ ਖਪਤ ‘ਚ 5 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਸੋਮਵਾਰ ਨੂੰ ਪੰਜਾਬ ‘ਚ ਵੱਧ ਤੋਂ ਵੱਧ ਬਿਜਲੀ ਦੀ ਮੰਗ 8,005 ਮੈਗਾਵਾਟ ਦਰਜ ਕੀਤੀ ਗਈ, ਜੋ ਕਿ ਅਪ੍ਰੈਲ ‘ਚ ਹੁਣ ਤੱਕ ਦੀ ਸਭ ਤੋਂ ਵੱਧ ਹੈ। ਇਹ ਪਿਛਲੇ ਸਾਲ ਨਾਲੋਂ 15 ਪ੍ਰਤੀਸ਼ਤ ਵੱਧ ਹੈ, ਕਿਉਂਕਿ 7 ਅਪ੍ਰੈਲ 2024 ਨੂੰ ਬਿਜਲੀ ਦੀ ਵੱਧ ਤੋਂ ਵੱਧ ਮੰਗ ਸਿਰਫ 6984 ਮੈਗਾਵਾਟ ਸੀ।
ਥਰਮਲ ਪਲਾਂਟਾਂ ‘ਤੇ ਦਿਖਣ ਲੱਗਿਆ ਮੰਗ ਦਾ ਅਸਰ
ਪੰਜਾਬ ਵਿੱਚ ਗਰਮੀਆਂ ਦੇ ਸੀਜ਼ਨ ਤੋਂ ਪਹਿਲਾਂ ਹੀ ਥਰਮਲ ਪਲਾਂਟਾਂ ਦੀਆਂ ਯੂਨਿਟਾਂ ‘ਚ ਤਕਨੀਕੀ ਖਰਾਬੀ ਵੀ ਦੇਖਣ ਨੂੰ ਮਿਲੀ ਹੈ। ਬਿਜਲੀ ਦੀ ਜਿਆਦਾ ਮੰਗ ਦਾ ਅਸਰ ਕੁਝ ਥਰਮਲ ਪਲਾਂਟਾਂ ਤੇ ਪਿਆ ਹੈ। ਇਸ ਕਾਰਨ ਬਿਜਲੀ ਸਪਲਾਈ ਵਿੱਚ ਥੋੜੀ ਜਿਹੀ ਰੁਕਾਵਟ ਵੀ ਆਈ ਹੈ। ਪਰ ਸਰਕਾਰ ਵੱਲੋਂ ਨਿਰਵਿਘਣ ਸਪਲਾਈ ਲਈ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉੱਧਰ ਗੋਇੰਦਵਾਲ ਥਰਮਲ ਪਾਵਰ ਸਟੇਸ਼ਨ ਨੰਬਰ 2 ਨੂੰ ਥੋੜੇ ਜਿਹੇ ਸਮੇਂ ਲਈ ਜ਼ਰੂਰੀ ਮੁਰੰਮਤ ਕਰਨ ਲਈ ਬੰਦ ਕੀਤਾ ਗਿਆ ਹੈ ਤਾਂ ਜੋ ਗਰਮੀਆਂ ਵਿੱਚ ਬਿਜਲੀ ਦੀ ਸੁਚਾਰੂ ਸਪਲਾਈ ਕੀਤੀ ਜਾ ਸਕੇ।
ਇਹਨਾਂ ਵਿੱਚੋਂ ਲਹਿਰਾ ਯੂਨਿਟ 20 ਅਪ੍ਰੈਲ ਤੱਕ ਮੁੜ ਚਾਲੂ ਹੋ ਜਾਵੇਗੀ, ਹਾਲਾਂਕਿ, ਸੂਬੇ ਵਿੱਚ ਹੀਟਵੇਵ ਸਮੇਂ ਤੋਂ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ। ਜਾਣਕਾਰੀ ਮੁਤਾਬਕ, ਸਾਰੇ ਥਰਮਲ ਪਲਾਂਟਾਂ ‘ਚ ਕੋਲੇ ਦਾ ਭੰਡਾਰ ਪੂਰਾ ਹੈ। ਰੋਪੜ ਕੋਲ 84 ਦਿਨ, ਲਹਿਰਾ-ਮੁਹੱਬਤ ਕੋਲ 85 ਦਿਨ, ਗੋਇੰਦਵਾਲ ਕੋਲ 54 ਦਿਨ ਅਤੇ ਰਾਜਪੁਰਾ ਥਰਮਲ ਪਲਾਂਟ ਕੋਲ ਲਗਭਗ 52 ਦਿਨਾਂ ਦਾ ਕੋਲਾ ਹੈ। ਇਹ ਭੰਡਾਰ ਗਰਮੀ ਦੇ ਸੀਜ਼ਨ ਦੌਰਾਨ ਬਿਜਲੀ ਦੀ ਨਿਰਵਿਘਣ ਸਪਲਾਈ ਲਈ ਕਾਫੀ ਹੈ।
ATC ਸੀਮਾ 9500 ਤੋਂ ਵਧਾ ਕੇ 10400 ਮੈਗਾਵਾਟ ਕੀਤੀ
ਪਾਵਰਕਾਮ ਵੱਲੋਂ ਗਰਮੀਆਂ ਤੇ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਤਿਆਰ ਰਹਿਣ ਦਾ ਦਾਅਵਾ ਕੀਤਾ ਗਿਆ ਹੈ। ਪਾਵਰਕਾਮ ਦੇ ਅਧਿਕਾਰੀਆਂ ਦੀ ਮੰਨੀਏ ਤਾਂ ਇਸ ਵਾਰ ਲਗਭਗ 1000 ਮੈਗਾਵਾਟ ਬਿਜਲੀ ਥੋੜ੍ਹੇ ਸਮੇਂ ਦੇ ਖਰੀਦ ਸਮਝੌਤਿਆਂ ਤਹਿਤ ਖਰੀਦੀ ਜਾ ਸਕਦੀ ਹੈ। ਇਸ ਤੋਂ ਇਲਾਵਾ ਉਪਲਬਧ ਟ੍ਰਾਂਸਮਿਸ਼ਨ ਸਮਰੱਥਾ (ATC) ਸੀਮਾ 9500 ਮੈਗਾਵਾਟ ਤੋਂ ਵਧਾ ਕੇ 10400 ਮੈਗਾਵਾਟ ਹੋ ਗਈ ਹੈ। ਪਾਵਰਕਾਮ ਦਾ ਦਾਅਵਾ ਹੈ ਕਿ ਇਸ ਵਾਰ ਲਗਭਗ 10,000 ਮੈਗਾਵਾਟ ਬਿਜਲੀ ਬਾਹਰੋਂ ਖਰੀਦੀ ਜਾਵੇਗੀ ਜਦਕਿ 6,000 ਮੈਗਾਵਾਟ ਬਿਜਲੀ ਖੁਦ ਪੈਦਾ ਕੀਤੀ ਜਾਵੇਗੀ।