Dera Sirsa ਦਾ ਸਿਆਸੀ ਵਿੰਗ ਭੰਗ , ਡੇਰਾ ਪੈਰੋਕਾਰਾਂ ਨੂੰ ਸਿਆਸੀ ਹਮਾਇਤ ਕਰਨ ਦੀ ਖੁੱਲ
Political Wing: ਮੁੱਢਲੇ ਪੜਾਅ ਤੇ ਸਿਆਸੀ ਵਿੰਗ ਦੇ ਸੱਤ ਮੈਂਬਰ ਬਣਾਏ ਗਏ ਸਨ ਜਿਨ੍ਹਾਂ ਨੂੰ ਬਾਅਦ ਵਿੱਚ 14 ਤੱਕ ਵਧਾ ਦਿੱਤਾ ਗਿਆ ਸੀ। 2007 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਡੇਰਾ ਸੱਚਾ ਸੌਦਾ ਸਿਰਸਾ ਦੇ ਸਿਆਸੀ ਵਿੰਗ ਨੇ ਪਹਿਲੀ ਵਾਰ ਕਾਂਗਰਸ ਪਾਰਟੀ ਨੂੰ ਖੁੱਲ੍ਹੇਆਮ ਸਿਆਸੀ ਹਮਾਇਤ ਦਿੱਤੀ ਸੀ।
ਬਠਿੰਡਾ ਨਿਊਜ: ਚੋਣਾਂ ਦੌਰਾਨ ਰਾਜਨੀਤਕ ਪਾਰਟੀਆਂ ਨੂੰ ਹਮਾਇਤ ਦੇਣ ਲਈ ਬਣਾਇਆ ਗਿਆ ਡੇਰਾ ਸੱਚਾ ਸੌਦਾ ਸਿਰਸਾ (Dera Sacha Sauda Sirsa) ਦਾ ਸਿਆਸੀ ਵਿੰਗ ਭੰਗ ਕਰ ਦਿੱਤਾ ਹੈ। ਸਿਆਸੀ ਵਿੰਗ ਦੇ ਪ੍ਰਮੁੱਖ ਆਗੂ ਚੇਅਰਮੈਨ ਰਾਮ ਸਿੰਘ (Ram Singh) ਦਾ ਕਹਿਣਾ ਸੀ ਇਹ ਡੇਰਾ ਸੱਚਾ ਸੌਦਾ ਦੇ ਸਮੁੱਚੇ ਪ੍ਰਬੰਧਾਂ ਵਿਚ ਤਬਦੀਲੀ ਕੀਤੀ ਗਈ ਹੈ ਜਿਸ ਤਹਿਤ ਹੀ ਰਾਜਨੀਤਕ ਵਿੰਗ ਭੰਗ ਕਰ ਦਿੱਤਾ ਗਿਆ ਹੈ। ਸੀਨੀਅਰ ਡੇਰਾ ਆਗੂ ਤੇ ਸਿਆਸੀ ਵਿੰਗ ਦੇ ਮੈਂਬਰ ਬਲਰਾਜ ਸਿੰਘ ਨੇ ਵੀ ਇਸ ਫੈਸਲੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿਆਸੀ ਵਿੰਗ ਹੀ ਨਹੀਂ ਬਲਕਿ ਡੇਰੇ ਦੇ ਪ੍ਰਬੰਧਕੀ ਢਾਂਚੇ ਵਿੱਚ ਹੋਰ ਵੀ ਅਹਿਮ ਤਬਦੀਲੀਆਂ ਕੀਤੀਆਂ ਗਈਆਂ ਹਨ।
2007 ਵਿਚ ਕਾਇਤ ਕੀਤਾ ਗਿਆ ਸੀ ਸਿਆਸੀ ਵਿੰਗ
ਦੱਸ ਦੇਈਏ ਕਿ ਡੇਰਾ ਸਿਰਸਾ ਦਾ ਸਿਆਸੀ ਵਿੰਗ ਕਰੀਬ 17 ਵਰ੍ਹੇ ਪਹਿਲਾਂ ਸਾਲ 2006 ਦੌਰਾਨ ਸਾਲ 2007 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਹੋਂਦ ਵਿੱਚ ਆਇਆ ਸੀ। ਉਸ ਵੇਲੇ ਇਹ ਆਖਿਆ ਗਿਆ ਸੀ ਕੀ ਇਸ ਵਿੰਗ ਦੇ ਆਗੂ ਡੇਰਾ ਸੱਚਾ ਸੌਦਾ ਦੇ ਪੈਰੋਕਾਰਾਂ ਦੀਆ ਹਰ ਪ੍ਰਕਾਰ ਦੀਆਂ ਸਮੱਸਿਆਵਾਂ ਅਤੇ ਸ਼ਕਾਇਤਾਂ ਨੂੰ ਸਰਕਾਰ ਅਤੇ ਪ੍ਰਸ਼ਾਸ਼ਨਿਕ ਪੱਧਰ ਤੇ ਹੱਲ ਕਰਵਾਇਆ ਕਰਨਗੇ। ਡੇਰਾ ਪੈਰੋਕਾਰਾਂ ਨੇ ਖੁੱਲ ਕੇ ਨਿੱਤਰਨ ਦਾ ਹੀ ਸਿੱਟਾ ਸੀ ਕਿ ਇਨ੍ਹਾਂ ਚੋਣਾਂ ਦੌਰਾਨ ਮਾਲਵੇ ਵਿੱਚ ਅਕਾਲੀ ਦਲ ਦੇ ਵੱਡੇ ਵੱਡੇ ਥੰਮ ਹਾਰ ਗਏ ਸਨ। ਡੇਰੇ ਦੀ ਇੰਨੀ ਵੱਡੀ ਹਮਾਇਤ ਦੇ ਬਾਵਜੂਦ ਕਾਂਗਰਸ ਪੰਜਾਬ ਵਿੱਚ ਸਰਕਾਰ ਬਣਾਉਣ ਤੋਂ ਪਛੜ ਗਈ ਸੀ। ਇਹਨਾਂ ਚੋਣਾਂ ਦੌਰਾਨ ਮਾਲਵੇ ਦੀਆਂ 65 ਸੀਟਾਂ ਵਿਚੋਂ ਕਾਂਗਰਸ ਨੇ 37 ਹਲਕਿਆਂ ਵਿੱਚ ਸ਼ਾਨਦਾਰ ਜਿੱਤ ਹਾਸਲ ਕੀਤੀ ਸੀ ਜਦਕਿ ਅਕਾਲੀ ਦਲ ਕੇਵਲ 13 ਹਲਕਿਆਂ ਵਿੱਚ ਜਿੱਤ ਸਕਿਆ ਸੀ। ਦਿਲਚਸਪ ਪਹਿਲੂ ਇਹ ਹੈ ਕਿ ਰਤੀ ਜਨਤਾ ਪਾਰਟੀ ਨੇ ਮਾਲਵਾ ਪੱਟੀ ਵਿਚ ਪੰਜ ਸੀਟਾਂ ਤੇ ਚੋਣ ਜਿੱਤੀ ਸੀ। ਇਹਨਾਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਨੂੰ ਮਾਝੇ ਤੇ ਦੁਆਬੇ ਵਿੱਚ ਆਸ ਨਾਲੋ ਵੱਧ ਸਫਲਤਾ ਮਿਲੀ।
ਰਾਜਨੀਤਕ ਲੀਡਰ ਭਰਦੇ ਸਨ ਡੇਰੇ ਦੀ ਹਾਜਰੀ
ਦੂਜੇ ਪਾਸੇ ਭਾਈਵਾਲ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਦੇ 19 ਵਿਧਾਨ ਸਭਾ ਹਲਕਿਆਂ ਵਿੱਚ ਹਾਸਲ ਹੋਈ ਜਿੱਤ ਕਾਰਨ ਅਕਾਲੀ ਦਲ ਸਰਕਾਰ ਬਨਾਉਣ ਵਿੱਚ ਸਫਲ ਰਿਹਾ। ਭਾਵੇਂ ਸਰਕਾਰ ਅਕਾਲੀ ਦਲ ਭਾਜਪਾ ਗਠਜੋੜ ਦੀ ਬਣੀ ਪਰ ਅਕਾਲੀ ਦਲ ਦੀ ਚੜ੍ਹਤ ਵਾਲੇ ਇਲਾਕੇ ਮਾਲਵੇ ਵਿਚ ਜ਼ਿਆਦਾਤਰ ਸੀਟਾਂ ਤੇ ਕਾਂਗਰਸ ਜਿੱਤੀ ਹੋਣ ਕਰਕੇ ਡੇਰਾ ਸੱਚਾ ਸੌਦਾ ਦਾ ਜਬਰਦਸਤ ਪ੍ਰਭਾਵ ਸਾਹਮਣੇ ਆਇਆ ਸੀ ਇਹਨਾ ਚੋਣ ਨਤੀਜਿਆਂ ਤੋਂ ਬਾਅਦ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਬਣਨ ਕਰਕੇ ਡੇਰਾ ਪੈਰੋਕਾਰਾਂ ਨੂੰ ਕਈ ਥਾਵਾਂ ਤੇ ਅਕਾਲੀ ਵਰਕਰਾਂ ਦੀਆਂ ਵਧੀਕੀਆਂ ਦਾ ਸਾਹਮਣਾ ਕਰਨਾ ਪਿਆ ਸੀ।
ਹਾਲਾਂਕਿ ਅਕਾਲੀ ਦਲ ਦੇ ਰਾਜ ਭਾਗ ਦਾ ਦੌਰਾਨ ਡੇਰਾ ਪੈਰੋਕਾਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਡੇਰਾ ਸੱਚਾ ਸੌਦਾ ਦਾ ਸਿਆਸੀ ਵਿੰਗ ਹਰ ਤਰਾਂ ਦੀਆਂ ਚੋਣਾਂ ਦੌਰਾਨ ਆਪਣੀ ਸਰਗਰਮ ਭੂਮਿਕਾ ਨਿਭਾਉਂਦਾ ਨਜ਼ਰ ਆਇਆ। ਦਿਲਚਸਪ ਗੱਲ ਹੈ ਕਿ ਡੇਰਾ ਪੈਰੋਕਾਰ ਵੀ ਸਿਆਸੀ ਵਿੰਗ ਵੱਲੋਂ ਕੀਤੇ ਜਾਂਦੇ ਸਮਾਗਮਾਂ ਦੌਰਾਨ ਨਿੱਠ ਕੇ ਹਾਜ਼ਰੀ ਭਰਦੇ ਜੋਕਿ ਸਿਆਸੀ ਧਿਰਾਂ ਨੂੰ ਆਪਣਾ ਦਮਖਮ ਦਿਖਾਉਣਾ ਮੰਨਿਆ ਜਾਂਦਾ ਸੀ। ਇਸ ਮਾਮਲੇ ਦਾ ਮਹੱਤਵਪੂਰਨ ਤੱਥ ਇਹ ਵੀ ਹੈ ਕਿ ਬਹੁਤੀਆਂ ਸਿਆਸੀ ਧਿਰਾਂ ਦੇ ਆਗੂ ਸਿੱਧੇ ਅਤੇ ਅਸਿੱਧੇ ਰੂਪ ਵਿੱਚ ਡੇਰਾ ਸੱਚਾ ਸੌਦਾ ਦੀ ਹਾਜ਼ਰੀ ਭਰਦੇ ਸਨ ਤਾਂ ਜੋ ਡੇਰਾ ਪੈਰੋਕਾਰਾਂ ਦੀਆ ਵੋਟਾਂ ਪ੍ਰਾਪਤ ਕੀਤੀਆਂ ਜਾ ਸਕਣ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ