ਸਿੱਖ ਜਥੇਬੰਦੀਆਂ ਵੱਲੋ ਪੰਜਾਬ ਵਿਚ ਡੇਰਾ ਸਿਰਸਾ ਦੀਆਂ ਨਾਮ ਚਰਚਾਵਾਂ ਦਾ ਵਿਰੋਧ ਲਗਾਤਾਰ ਜਾਰੀ
ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਡੇਰਾ ਪ੍ਰੇਮੀ ਅਤੇ ਸਿੱਖ ਜਥੇਬੰਦੀਆਂ ਦੇ ਆਗੂ ਆਹਮੋ-ਸਾਹਮਣੇ ਹੋ ਗਏ ਹਨ। ਪੰਜਾਬ ਦੀ ਸਿੱਖ ਜਥੇਬੰਦੀਆਂ ਵਲੋਂ ਨਾ ਕੇਵਲ ਡੇਰਾ ਪ੍ਰੇਮੀਆਂ ਸਗੋਂ ਹਰਿਆਣਾ ਸਰਕਾਰ ਦਾ ਵੀ ਵਿਰੋਧ ਕੀਤਾ ਜਾ ਰਿਹਾ ਹੈ।
ਫਰੀਦਕੋਟ। ਡੇਰਾ ਸੱਚਾ ਸੌਦਾ ਸਿਰਸਾ ਦੇ ਪੈਰੋਕਾਰਾਂ ਅਤੇ ਡੇਰਾ ਮੁਖੀ ਤੇ ਲੱਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸਾਂ ਕਾਰਨ ਡੇਰਾ ਸਿਰਸਾ ਦੀਆਂ ਨਾਮ ਚਰਚਾਵਾਂ ਦਾ ਵਿਰੋਧ ਪੰਜਾਬ ਵਿਚ ਲਗਾਤਾਰ ਜਾਰੀ ਹੈ। ਜਿਸ ਨੂੰ ਲੈ ਕਿ ਪੰਜਾਬ ਦੇ ਹਾਲਾਤ ਬਿਗੜਦੇ ਦਿਖਾਈ ਦੇ ਰਹੇ ਹਨ। ਬੀਤੇ ਦਿਨੀ ਡੇਰਾ ਸਿਰਸਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਪੈਰੋਲ ਤੇ ਜੇਲ੍ਹ ਤੋਂ ਬਾਹਰ ਆਇਆ ਸੀ ਅਤੇ ਉਸ ਵਲੋਂ ਪੰਜਾਬ ਵਿਚ ਰਹਿੰਦੇ ਆਪਣੇ ਪੈਰੋਕਾਰਾਂ ਨਾਲ ਸਤਿਸੰਗ ਕਰਨ ਦਾ ਐਲਾਨ ਕੀਤਾ ਸੀ ਜਿਸ ਦਾ ਪੰਜਾਬ ਦੀਆਂ ਕੁਝ ਰਾਜਨੀਤਿਕ ਅਤੇ ਜਿਆਦਾਤਰ ਸਿੱਖ ਜਥੇਬੰਦੀਆਂ ਵਲੋਂ ਵਿਰੋਧ ਕੀਤਾ ਜਾ ਰਿਹਾ ਸੀ ।
ਪਰ ਸਿੱਖ ਸੰਗਤਾਂ ਦੇ ਵਿਰੋਧ ਦੇ ਬਾਵਜੂਦ ਪੰਜਾਬ ਸਰਕਾਰ ਵਲੋਂ ਡੇਰਾ ਸਿਰਸਾ ਪ੍ਰਮੁੱਖ ਨੂੰ ਪੰਜਾਬ ਵਿਚ ਆਨਲਾਈਨ ਸਤਿਸੰਗ ਕਰਨ ਦੀ ਆਗਿਆ ਦਿੱਤੀ ਗਈ ਸੀ ਜਿਸ ਤਹਿਤ ਅੱਜ ਪੰਜਾਬ ਦੇ ਡੇਰਾ ਸਲਾਬਤਪੁਰਾ ਵਿਚ ਡੇਰਾ ਮੁਖੀ ਵਲੋਂ ਸਤਿਸੰਗ ਕੀਤੀ ਗਈ। ਦੂਸਰੇ ਪਾਸੇ ਜਿਥੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਵਾਰ ਵਾਰ ਮਿਲ ਰਹੀ ਪੈਰੋਲ ਨੂੰ ਲੈਕੇ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ, ਉਥੇ ਹੀ ਪੰਜਾਬ ਅੰਦਰ ਡੇਰਾ ਮੁਖੀ ਵੱਲੋਂ ਕੀਤੇ ਜਾ ਰਹੇ ਆਨਲਾਈਨ ਸਤਿਸੰਗ ਨੂੰ ਲੈਕੇ ਵੀ ਸਿੱਖ ਜਥੇਬੰਦੀਆਂ ਗੁੱਸੇ ਚ ਨਜ਼ਰ ਆ ਰਹੀਆਂ ਹਨ ਜਿਨ੍ਹਾਂ ਵੱਲੋਂ ਇਸ ਨਾਮ ਚਰਚਾ ਦਾ ਵਿਰੋਧ ਕੀਤਾ ਜਾ ਰਿਹਾ ਹੈ।


